ਹੰਬੋਵਾਲ ਪੰਚਾਇਤੀ ਜ਼ਮੀਨ ਦੀ ਰਿਕਾਰਡਤੋੜ ਬੋਲੀ
ਪਿਛਲੇ ਸਾਲ ਨਾਲੋਂ ਦੋ ਗੁਣਾ ਮਾਲੀਆ ਹੋਵੇਗਾ ਇਕੱਠਾ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 10 ਜੂਨ
ਪਿੰਡ ਹੰਬੋਵਾਲ ਬੇਟ ਦੀ ਕਰੀਬ 20 ਏਕੜ ਪੰਚਾਇਤੀ ਜ਼ਮੀਨ ਦੀ ਬੋਲੀ ਬਲਾਕ ਪੰਚਾਇਤ ਦਫ਼ਤਰ ਵਿੱਚ ਹੋਈ ਜਿਸ ਵਿੱਚ ਜ਼ਿੱਦਬਾਜ਼ੀ ਕਾਰਨ ਇਸ ਬੋਲੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਬਲਾਕ ਪੰਚਾਇਤ ਅਫ਼ਸਰ ਰੁਪਿੰਦਰ ਕੌਰ ਦੀ ਨਿਗਰਾਨੀ ਹੇਠ ਅੱਜ 20 ਏਕੜ ਪੰਚਾਇਤੀ ਜ਼ਮੀਨ ਦੀ ਬੋਲੀ ਹੋਈ। 20 ਏਕੜ ਜ਼ਮੀਨ ਨੂੰ 3 ਹਿੱਸਿਆਂ ਵਿਚ ਵੰਡਿਆ ਗਿਆ ਸੀ ਅਤੇ ਸਭ ਤੋਂ ਮਹਿੰਗੀ ਬੋਲੀ ਸਾਢੇ 3 ਏਕੜ ਦੇ ਪਲਾਟ ਦੀ ਹੋਈ ਜਿਸ ਦੌਰਾਨ 2 ਧਿਰਾਂ ਵਿਚਕਾਰ ਚੱਲੀ ਜ਼ਿੱਦਬਾਜ਼ੀ ਕਾਰਨ 1 ਲੱਖ 14 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਜ਼ਮੀਨ ਠੇਕੇ ’ਤੇ ਚੜ੍ਹੀ।
ਇਸੇ ਤਰ੍ਹਾਂ 10 ਏਕੜ ਜ਼ਮੀਨ ਦੀ ਪੰਚਾਇਤੀ ਬੋਲੀ ਸ਼ੁਰੂ ਹੋਈ ਤਾਂ ਉਹ ਵੀ 1 ਲੱਖ ਰੁਪਏ ਤੋਂ ਵੱਧ ਠੇਕੇ ’ਤੇ ਚੜੀ, 6.50 ਏਕੜ ਦੀ ਬੋਲੀ ਵੀ 1 ਲੱਖ ਰੁਪਏ ਤੋਂ ਵੱਧ ਨੇਪਰੇ ਚੜ੍ਹੀ। ਜ਼ਿੱਦਬਾਜ਼ੀ ਕਾਰਨ ਅੱਜ ਉੱਥੇ ਮਾਹੌਲ ਬੜਾ ਤਣਾਅਪੂਰਣ ਸੀ ਅਤੇ ਬਲਾਕ ਪੰਚਾਇਤ ਵਿਭਾਗ ਵਲੋਂ ਮੌਕੇ ’ਤੇ ਪੁਲਸ ਕਰਮਚਾਰੀ ਵੀ ਬੁਲਾਏ ਗਏ ਤਾਂ ਜੋ ਕੋਈ ਲੜਾਈ ਝਗੜਾ ਨਾ ਹੋਵੇ। ਬੇਸ਼ੱਕ ਬੋਲੀ ਦੌਰਾਨ ਮਾਮੂਲੀ ਤਕਰਾਰਬਾਜ਼ੀ ਹੋਈ ਪਰ ਸ਼ਾਂਤੀਪੂਰਵਕ ਢੰਗ ਨਾਲ ਬੋਲੀ ਦਾ ਕੰਮ ਮੁਕੰਮਲ ਹੋ ਗਿਆ। ਬੀਡੀਪੀਓ ਰੁਪਿੰਦਰ ਕੌਰ ਨੇ ਦੱਸਿਆ ਕਿ ਪਿੰਡ ਹੰਬੋਵਾਲ ਦੀ ਕਰੀਬ 24 ਏਕੜ ਪੰਚਾਇਤੀ ਜ਼ਮੀਨ ਹੈ ਜਿਸ ’ਚੋਂ 4 ਏਕੜ ਦੀ ਬੋਲੀ ਪਹਿਲਾਂ ਹੋ ਚੁੱਕੀ ਅਤੇ ਅੱਜ 20 ਏਕੜ ਦੀ ਬੋਲੀ ਹੋਣੀ ਸੀ। ਪਿਛਲੇ ਸਾਲ ਪੰਚਾਇਤ ਨੂੰ ਕਰੀਬ 12.50 ਲੱਖ ਰੁਪਏ ਬੋਲੀ ਰਾਹੀਂ ਮਾਲੀਆ ਇਕੱਠਾ ਹੋਇਆ ਸੀ ਪਰ ਇਸ ਵਾਰ ਕਿਸਾਨਾਂ ਨੇ ਬੋਲੀ ਵਿਚ ਉਤਸ਼ਾਹ ਦਿਖਾਇਆ ਅਤੇ ਦੋਗੁਣਾ ਕਰੀਬ 25 ਲੱਖ ਰੁਪਏ ਮਾਲੀਆ ਇਕੱਠਾ ਹੋਇਆ। ਪਿੰਡ ਦੀ ਸਰਪੰਚ ਪਵਨਦੀਪ ਕੌਰ ਨੇ ਦੱਸਿਆ ਕਿ ਜੋ ਇਸ ਵਾਰ ਪੰਚਾਇਤੀ ਬੋਲੀ ਰਿਕਾਰਡਤੋੜ ਹੋਈ ਹੈ ਅਤੇ ਜੋ ਵੱਧ ਮਾਲੀਆ ਇਕੱਠਾ ਹੋਇਆ ਹੈੈ ਉਸ ਨਾਲ ਅਸੀਂ ਪਿੰਡ ਦੇ ਵਿਕਾਸ ਕਰਾਵਾਂਗੇ। ਉਨ੍ਹਾਂ ਪੰਚਾਇਤੀ ਜ਼ਮੀਨ ਲੈਣ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤਾਂ ਵਿਚ ਖੜੇ ਕਿਸੇ ਵੀ ਦਰੱਖਤ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਅਤੇ ਜੇਕਰ ਕਿਸੇ ਨੇ ਵੀ ਦਰੱਖਤਾਂ ਨੂੰ ਨੁਕਸਾਨ ਪਹੁੰਚਾਇਆ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।