ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨ ਦੋ ਸਾਲ ਬਾਅਦ ਵੀ ਮੁਸ਼ਕਲਾਂ ਵਿੱਚ
ਪੱਤਰ ਪ੍ਰੇਰਕ
ਤਰਨ ਤਾਰਨ, 31 ਜਨਵਰੀ
ਦੋ ਸਾਲ ਪਹਿਲਾਂ ਸਤਲੁਜ ਦਰਿਆ ਦੇ ਕੰਡਿਆਂ ਦੇ ਟੁੱਟ ਜਾਣ ਨਾਲ ਹੜ੍ਹਾਂ ਦੀ ਮਾਰ ਹੇਠ ਆਏ ਸਰਹੱਦੀ ਖੇਤਰ ਦੇ ਪਿੰਡਾਂ ਦੇ ਕਿਸਾਨਾਂ ਨੇ ਅੱਜ ਇਕ ਇਕੱਤਰਤਾ ਕਰਕੇ ਕਾਰ ਸੇਵਾ ਸੰਪਰਦਾ ਸਰਹਾਲੀ ਦੇ ਮੁਖੀ ਬਾਬਾ ਸੁੱਖਾ ਸਿੰਘ ਨਾਲ ਆਪਣੀਆਂ ਮੁਸ਼ਕਲਾਂ ਸਾਂਝੀਆਂ ਕੀਤੀਆਂ। ਭੰਗਾਲਾ ਪਿੰਡ ਵਿੱਚ ਕੀਤੀ ਇਕੱਤਰਤਾ ਵਿੱਚ ਭੰਗਾਲਾ ਤੋਂ ਇਲਾਵਾ ਮੁੱਠਿਆਂਵਾਲਾ, ਭੰਗਾਲਾ, ਰਸੂਲਪੁਰ, ਰਾਮ ਸਿੰਘ ਵਾਲਾ, ਝੁੱਗੀਆਂ ਨੱਥਾ ਸਿੰਘ , ਝੁੱਗੀਆਂ ਨੂਰ ਮੁਹੰਮਦ ਅਤੇ ਧੱਕਾ ਵਸਤੀ ਆਦਿ ਪਿੰਡਾਂ ਦੇ ਕਿਸਾਨਾਂ ਨੇ ਹਿੱਸਾ ਲਿਆ। ਕਿਸਾਨਾਂ ਨੇ ਕਿਹਾ ਕਿ ਇਲਾਕੇ ਅੰਦਰ ਅੱਜ ਵੀ 1500 ਏਕੜ ਦੇ ਕਰੀਬ ਜ਼ਮੀਨ ਦਰਿਆ ਦੀ ਰੇਤ ਨਾਲ ਭਰੀ ਪਈ ਹੈ ਜਿਸ ਨੂੰ ਸਾਫ਼ ਅਤੇ ਵਾਹੀਯੋਗ ਬਣਾਉਣ ਲਈ ਕਿਸਾਨਾਂ ਦੇ ਲਗਾਤਾਰ ਯਤਨ ਸਫਲ ਨਹੀਂ ਹੋ ਸਕੇ ਅਤੇ ਸਰਕਾਰ ਨੇ ਕਿਸਾਨਾਂ ਦੀ ਸਾਰ ਨਹੀਂ ਲਈ। ਇਸ ਮੌਕੇ ਗੁਰਮੇਜ ਸਿੰਘ, ਗੁਰਬਖਸ਼ ਸਿੰਘ, ਭੂਪ ਸਿੰਘ, ਬੇਅੰਤ ਸਿੰਘ, ਬੋਹੜ ਸਿੰਘ, ਬਲਦੇਵ ਸਿੰਘ, ਜਥੇਦਾਰ ਮਿਲਖਾ ਸਿੰਘ, ਸਰਪੰਚ ਹਰਪਾਲ ਸਿੰਘ, ਅੰਗਰੇਜ ਸਿੰਘ ਆਦਿ ਨੇ ਵਿਚਾਰ ਪੇਸ਼ ਕੀਤੇ। ਕਿਸਾਨਾਂ ਨੇ ਬਾਬਾ ਸੁੱਖਾ ਸਿੰਘ ਵਲੋਂ ਰਾਤ-ਦਿਨ ਮਿਹਨਤ ਕਰਕੇ ਦਰਿਆ ਦੇ ਕੰਡਿਆਂ ਨੂੰ ਬੰਨ੍ਹਣ ਲਈ ਕੀਤੀ ਘਾਲਣਾ ਲਈ ਉਨ੍ਹਾਂ ਦਾ ਸਨਮਾਨ ਕੀਤਾ। ਬਾਬਾ ਸੁੱਖਾ ਸਿੰਘ ਨੇ ਸੰਗਤਾਂ ਨੂੰ ਪੂਰਣ ਗੁਰਸਿੱਖ ਬਣਨ ਦੀ ਪ੍ਰੇਰਣਾ ਦਿੱਤੀ ਅਤੇ ਸੰਪਰਦਾ ਵਲੋਂ ਸੰਗਤਾਂ ਦੀ ਸੇਵਾ ਵਿੱਚ ਸਦਾ ਹੀ ਹਾਜ਼ਰ ਰਹਿਣ ਦਾ ਯਕੀਨ ਦਿੱਤਾ|
ਭੰਗਾਲਾ ਪਿੰਡ ਵਿੱਚ ਕੀਤੀ ਇਕੱਤਰਤਾ ਵਿੱਚ ਬਾਬਾ ਸੁੱਖਾ ਸਿੰਘ ਦਾ ਸਨਮਾਨ ਕਰਦੀਆਂ ਸੰਗਤਾਂ। -ਫੋਟੋ: ਗੁਰਬਖਸ਼ਪੁਰੀ