ਹੌਸਲਾ ਨਾ ਢਾਹ, ਕੰਡਿਆਂ ’ਤੇ ਚੱਲ ਕੇ ਮਿਲਣਗੇ ਬਹਾਰਾਂ ਦੇ ਰਾਹ
ਹਰਦੀਪ ਸਿੰਘ
ਧਰਮਕੋਟ, 30 ਨਵੰਬਰ
ਕੋਟ ਈਸੇ ਖਾਂ ਦੇ ਵਸਨੀਕ ਮਰਹੂਮ ਹਿੰਮਤ ਜਲੇਬੀਆਂ ਵਾਲੇ ਦੇ 14 ਸਾਲਾ ਪੁੱਤਰ ਮੋਹਨ ਦੀ ‘ਹਿੰਮਤ’ ਨੂੰ ਹਰ ਕਿਸੇ ਦਾ ਸਲਾਮ ਹੈ। ਮੋਹਨ ਸਿੰਘ ਸਰਕਾਰੀ ਸਕੂਲ ’ਚ ਨੌਵੀਂ ਕਲਾਸ ਦਾ ਵਿਦਿਆਰਥੀ ਹੈ। ਇੱਕ ਸਾਲ ਪਹਿਲਾਂ ਹੋਈ ਪਿਤਾ ਦੀ ਮੌਤ ਤੋਂ ਬਾਅਦ ਮੋਹਨ ਨੇ ਪਰਿਵਾਰ ਦੇ ਗੁਜ਼ਾਰੇ ਲਈ ਛੋਟੀ ਉਮਰੇ ਨਾ ਹੌਸਲਾ ਛੱਡਿਆ। ਉਹ ਇੰਨਾ ਸਿਰੜੀ ਹੈ ਕਿ ਉਸ ਨੇ ਇਸ ਕੰਮ ਵਿੱਚ ਆਪਣੀ ਸਕੂਲੀ ਪੜ੍ਹਾਈ ਨੂੰ ਵੀ ਅੜਿੱਕਾ ਨਹੀਂ ਬਣਨ ਦਿੱਤਾ। ਬਾਬੇ ਨਾਨਕ ਦੀ ਕਿਰਤ ਕਰਨ ਵਾਲਾ ਫ਼ਲਸਫ਼ਾ ਉਸ ਲਈ ਰਾਹ ਦਸੇਰਾ ਬਣ ਗਿਆ ਹੈ। ਤਿੰਨ ਭੈਣਾਂ ਦਾ ਇਕਲੌਤਾ ਭਰਾ ਮੋਹਨ ਆਪਣੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਲਈ ਜੱਦੋ-ਜਹਿਦ ਕਰ ਰਿਹਾ ਹੈ। ਉਹ ਦੱਸਦਾ ਹੈ ਕਿ ਇੱਕ ਸਾਲ ਪਹਿਲਾਂ ਉਸ ਦੇ ਪਿਤਾ ਹਿੰਮਤ ਸਿੰਘ ਦੀ ਅਚਾਨਕ ਮੌਤ ਹੋ ਗਈ ਸੀ। ਉਹ ਕੋਟ ਈਸੇ ਖਾਂ ਦੇ ਮੁੱਖ ਚੌਕ ਨਜ਼ਦੀਕ ਜਲੇਬੀਆਂ ਅਤੇ ਮੱਟਰੀ ਦੀ ਰੇਹੜੀ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ। ਉਸ ਨੇ ਕਿਹਾ ਕਿ ਪਿਤਾ ਦੀ ਮੌਤ ਮਗਰੋਂ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਦਾ ਫਿਕਰ ਹੋਣ ਲੱਗਾ। ਉਸ ਦੀਆਂ ਤਿੰਨ ਭੈਣਾਂ ਹਨ ਤੇ ਉਹ ਘਰ ’ਚੋਂ ਸਭ ਤੋਂ ਛੋਟਾ ਹੈ। ਉਸ ਦੀ ਮਾਤਾ ਘਰੇਲੂ ਔਰਤ ਹੈ। ਘਰ ’ਚ ਹੋਰ ਕੋਈ ਕਮਾਉਣ ਵਾਲਾ ਨਾ ਹੋਣ ਕਾਰਨ ਉਸ ਨੇ ਚੁਣੌਤੀ ਨੂੰ ਸਵੀਕਾਰ ਕਰਦਿਆਂ ਆਪਣੇ ਪਿਤਾ ਦੇ ਜਲੇਬੀਆਂ ਬਣਾਉਣ ਦੇ ਕਿੱਤੇ ਨੂੰ ਚਾਲੂ ਰੱਖਣ ਦਾ ਫ਼ੈਸਲਾ ਕੀਤਾ। ਉਹ ਦੁਪਹਿਰ 2 ਵਜੇ ਤੱਕ ਸਕੂਲੀ ਪੜ੍ਹਾਈ ਕਰ ਕੇ ਘਰ ਆਉਂਦਾ ਹੈ ਅਤੇ ਸ਼ਾਮ 4 ਤੋਂ ਅੱਠ ਵਜੇ ਤੱਕ ਆਪਣੀ ਜਲੇਬੀਆਂ ਤੇ ਮੱਟਰੀ ਦੀ ਰੇਹੜੀ ਲਾਉਂਦਾ ਹੈ। ਨਿੱਕੀ ਉਮਰੇ ਪਈ ਵੱਡੀ ਜ਼ਿੰਮੇਵਾਰੀ ਦਾ ਉਸ ਨੂੰ ਝੋਰਾ ਜ਼ਰੂਰ ਹੈ ਪਰ ਉਹ ਹੌਸਲੇ ਅਤੇ ਮਿਹਨਤ ਨਾਲ ਪਰਿਵਾਰ ਨੂੰ ਪਾਲਣ ਲਈ ਪੂਰੀ ਤਰ੍ਹਾਂ ਦ੍ਰਿੜ ਹੈ। ਨਿੱਕੇ ਮੋਹਨ ਸਿੰਘ ਦੀ ਹੱਥੀਂ ਕਿਰਤ ਦੀ ਜਿੱਥੇ ਰਾਹਗੀਰ ਅਤੇ ਸਥਾਨਕ ਲੋਕ ਸ਼ਲਾਘਾ ਕਰ ਰਹੇ ਹਨ ਉੱਥੇ ਉਸ ਦੀ ਹੌਸਲਾ-ਅਫਜ਼ਾਈ ਲਈ ਵੀ ਲੋਕ ਅੱਗੇ ਆਉਣ ਲੱਗੇ ਹਨ। ਮੋਹਨ ਸਿੰਘ ਦੀ ਮਾਂ ਸੁਖਵਿੰਦਰ ਕੌਰ ਘਰੇਲੂ ਔਰਤ ਹੈ। ਉਸ ਦੀ ਮਾਂ ਨੇ ਦੱਸਿਆ ਕਿ ਮੋਹਨ ਸਿੰਘ ਪਰਿਵਾਰ ਵਿੱਚ ਸਭ ਤੋਂ ਛੋਟਾ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਤੇ ਲੋਕਾਂ ਦੇ ਸਹਿਯੋਗ ਨਾਲ ਦੋ ਧੀਆਂ ਦਾ ਵਿਆਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਰਥਿਕ ਤੰਗੀ ਕਾਰਨ ਉਨ੍ਹਾਂ ਦੀ ਤੀਜੀ ਧੀ ਦੀ ਪੜ੍ਹਾਈ ਵਿਚਾਲੇ ਛੁੱਟ ਗਈ ਹੈ ਅਤੇ ਉਹ ਦਸਵੀਂ ਤੱਕ ਹੀ ਪੜ੍ਹ ਸਕੀ। ਸੁਖਵਿੰਦਰ ਕੌਰ ਨੇ ਆਖਿਆ ਕਿ ਜਦੋਂ ਮੋਹਨ ਸਕੂਲ ਤੋਂ ਆਉਂਦਾ ਹੈ ਤਾਂ ਉਹ ਰੇਹੜੀ ਲਾਉਣ ਲਈ ਉਸ ਨਾਲ ਸਾਮਾਨ ਤਿਆਰ ਕਰਵਾਉਂਦੀ ਹੈ। ਉਸ ਨੇ ਆਖਿਆ ਕਿ ਮੋਹਨ ਰਾਤ ਅੱਠ ਵਜੇ ਤੱਕ ਰੇਹੜੀ ਲਾਉਂਦਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਦੀ ਆਮਦਨ ਦਾ ਕੋਈ ਹੋਰ ਵਸੀਲਾ ਨਾ ਹੋਣ ਕਾਰਨ ਮਹਿਜ਼ ਰੇਹੜੀ ਦੀ ਆਮਦਨ ਨਾਲ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੀਆਂ ਜ਼ਿੰਮੇਵਾਰੀਆਂ ਸਹੀ ਢੰਗ ਨਾਲ ਨਿਭਾਅ ਸਕੇ।
ਮੋਹਨ ਨਾਲ ਸਾਮਾਨ ਤਿਆਰ ਕਰਵਾਉਣ ’ਚ ਹੱਥ ਵਟਾਉਂਦੀ ਹੈ ਮਾਂ
ਮੋਹਨ ਸਿੰਘ ਦੀ ਮਾਂ ਸੁਖਵਿੰਦਰ ਕੌਰ ਘਰੇਲੂ ਔਰਤ ਹੈ। ਉਸ ਦੀ ਮਾਂ ਨੇ ਦੱਸਿਆ ਕਿ ਮੋਹਨ ਸਿੰਘ ਪਰਿਵਾਰ ਵਿੱਚ ਸਭ ਤੋਂ ਛੋਟਾ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਤੇ ਲੋਕਾਂ ਦੇ ਸਹਿਯੋਗ ਨਾਲ ਦੋ ਧੀਆਂ ਦਾ ਵਿਆਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਰਥਿਕ ਤੰਗੀ ਕਾਰਨ ਉਨ੍ਹਾਂ ਦੀ ਤੀਜੀ ਧੀ ਦੀ ਪੜ੍ਹਾਈ ਵਿਚਾਲੇ ਛੁੱਟ ਗਈ ਹੈ ਅਤੇ ਉਹ ਦਸਵੀਂ ਤੱਕ ਹੀ ਪੜ੍ਹ ਸਕੀ। ਸੁਖਵਿੰਦਰ ਕੌਰ ਨੇ ਆਖਿਆ ਕਿ ਜਦੋਂ ਮੋਹਨ ਸਕੂਲ ਤੋਂ ਆਉਂਦਾ ਹੈ ਤਾਂ ਉਹ ਰੇਹੜੀ ਲਾਉਣ ਲਈ ਉਸ ਨਾਲ ਸਾਮਾਨ ਤਿਆਰ ਕਰਵਾਉਂਦੀ ਹੈ। ਉਸ ਨੇ ਆਖਿਆ ਕਿ ਮੋਹਨ ਰਾਤ ਅੱਠ ਵਜੇ ਤੱਕ ਰੇਹੜੀ ਲਾਉਂਦਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਦੀ ਆਮਦਨ ਦਾ ਕੋਈ ਹੋਰ ਵਸੀਲਾ ਨਾ ਹੋਣ ਕਾਰਨ ਮਹਿਜ਼ ਰੇਹੜੀ ਦੀ ਆਮਦਨ ਨਾਲ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੀਆਂ ਜ਼ਿੰਮੇਵਾਰੀਆਂ ਸਹੀ ਢੰਗ ਨਾਲ ਨਿਭਾਅ ਸਕੇ।