ਹੈਰੋਇਨ ਸਣੇ ਨੌਜਵਾਨ ਕਾਬੂ
ਧਾਰੀਵਾਲ: ਥਾਣਾ ਧਾਰੀਵਾਲ ਦੀ ਪੁਲੀਸ ਨੇ ਬੁਲੇਟ ਸਵਾਰ ਇੱਕ ਨੌਜਵਾਨ ਨੂੰ 20 ਗਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣਾ ਧਾਰੀਵਾਲ ਦੇ ਮੁਖੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਸੁਲੱਖਣ ਰਾਮ ਨੇ ਸਮੇਤ ਪੁਲੀਸ ਪਾਰਟੀ ਭੇੜੇ ਪੁਰਸ਼ਾਂ ਦੀ ਤਲਾਸ਼ ਵਿੱਚ ਜੋਗੋਵਾਲ ਜੱਟਾਂ ਕਲੋਨੀ ਨੇੜੇ ਲਗਾਏ ਨਾਕੇ ਦੌਰਾਨ ਸ਼ੱਕ ਦੇ ਅਧਾਰ ’ਤੇ ਬੁਲੇਟ ਮੋਟਰਸਾਈਕਲ ਨੰਬਰੀ ਸਵਾਰ ਨੌਜਵਾਨ ਨੂੰ ਕਾਬੂ ਕਰਕੇ ਉਸਦੀ ਤਲਾਸ਼ ਲਈ ਤਾਂ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਰਾਜੇਸ਼ ਉਰਫ ਜੇਸਾ ਵਾਸੀ ਕੰਗ ਵਜੋਂ ਹੋਈ। -ਪੱਤਰ ਪ੍ਰੇਰਕ
ਰੇਲਵੇ ਸਟੇਸ਼ਨ ’ਤੇ ਪਾਣੀ ਦੀ ਸੇਵਾ ਭਲਕ ਤੋਂ
ਫਗਵਾੜਾ: ਰੇਲਵੇ ਸਟੇਸ਼ਨ ’ਤੇ ਗਰਮੀਆਂ ’ਚ ਯਾਤਰੀਆਂ ਲਈ ਪਾਣੀ ਪਿਲਾਉਣ ਲਈ ਸੇਵਾ ਦੀ ਸ਼ੁਰੂਆਤ ਜਨਤਾ ਸੇਵਾ ਸਮਿਤੀ ਵਲੋਂ 11 ਮਈ ਐਤਵਾਰ ਨੂੰ ਬਾਅਦ ਦੁਪਹਿਰ 12.30 ਵਜੇ ਤੋਂ ਕੀਤੀ ਜਾਵੇਗੀ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਅਨੀਤਾ ਸੋਮਪ੍ਰਕਾਸ਼, ਪਰਮਿੰਦਰ ਸਿੰਘ ਸੈਣੀ ਸੀਨੀਅਰ ਡੀ.ਸੀ.ਐਮ ਆਦਿ ਸ਼ਾਮਿਲ ਹੋਣਗੇ। -ਪੱਤਰ ਪ੍ਰੇਰਕ
ਕੈਂਪ ਦੌਰਾਨ 35 ਯੂਨਿਟ ਖੂਨਦਾਨ
ਅੰਮ੍ਰਿਤਸਰ: ਇੱਥੇ ਰੈੱਡ ਕਰਾਸ ਭਵਨ ਵਿੱਚ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ ਗਿਆ। ਇਹ ਦਿਹਾੜਾ ਰੈਡ ਕਰਾਸ ਦੇ ਬਾਨੀ ਸਰ ਹੈਨਰੀ ਡੁਨਟ ਨੂੰ ਸਮਰਪਿਤ ਹੈ। ਸਮਾਰੋਹ ਵਿੱਚ ਵੱਖ-ਵੱਖ ਐੱਨਜੀਓ, ਯੂਥ ਕਲੱਬਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਇਹ ਦਿਵਸ ਤੇ ਖੂਨਦਾਨ ਕਰਨਾ ਮਾਨਵਤਾ ਦੀ ਸੇਵਾ ਲਈ ਚੰਗੀ ਪਹਿਲ ਹੈ। ਸੈਮਸਨ ਮਸੀਹ ਕਾਰਜਕਾਰੀ ਸਕੱਤਰ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੇ ਵਾਲੰਟੀਅਰਾਂ ਅਤੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਇਸ ਦੌਰਾਨ 35 ਨੌਜਵਾਨਾਂ ਵੱਲੋਂ ਖੂਨਦਾਨ ਕੀਤਾ ਗਿਆ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਚੰਗੇ ਕੰਮ ਕਰਨ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਅ। ਜਿਸ ਵਿੱਚ ਗੁਰਦਰਸ਼ਨ ਕੌਰ ਬਾਵਾ, ਪੀ ਸੀ ਠਾਕੁਰ ਵਿਜੈ ਮਹੇਸ਼ਵਰੀ, ਡਾ. ਹਰਜੀਤ ਸਿੰਘ ਗਰੋਵਰ, ਦਲਬੀਰ ਕੌਰ ਨਾਗਪਾਲ, ਅਜੈ ਡੁਡੇਜਾ, ਬਿਕਰਮਜੀਤ ਸਿੰਘ, ਗੁਰਪ੍ਰੀਤ ਕੌਰ, ਪ੍ਰੋਫੇਸਰ ਦਵਿੰਦਰ ਸਿੰਘ, ਸਵਿੰਦਰ ਸਿੰਘ, ਡਾ. ਗੋਰਵ, ਡਾ. ਪਲਵੀ, ਫੁਲਵਿੰਦਰ ਸਿੰਘ, ਸੰਜੈ ਮਹੇਸ਼ਵਰੀ, ਮਿਸ ਮਹਿਕ ਖੰਨਾ ਸ਼ਾਮਲ ਸਨ। -ਖੇਤਰੀ ਪ੍ਰਤੀਨਿਧ
ਖਾਲਸਾ ਕਾਲਜ ਗੜ੍ਹਸ਼ੰਕਰ ਦਾ ਨਤੀਜਾ ਸ਼ਾਨਦਾਰ
ਗੜ੍ਹਸ਼ੰਕਰ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਚਾਰ ਸਾਲਾ ਇੰਟਗ੍ਰੇਟਿਡ ਕੋਰਸ ਬੀਐੱਸਸੀ ਬੀਐੱਡ ਤੀਜੇ ਸਮੈਸਟਰ ਦੇ ਐਲਾਨੇ ਗਏ ਨਤੀਜੇ ਵਿਚ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੀਆਂ ਦੋ ਵਿਦਿਆਰਥਣਾਂ ਭਾਵਿਆ ਅਤੇ ਹਰਮਨਪ੍ਰੀਤ ਕੌਰ ਨੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਦੱਸਿਆ ਕਿ ਪੀਯੂ ਵਲੋਂ ਐਲਾਨੇ ਨਤੀਜੇ ਵਿਚ ਭਾਵਿਆ ਨੇ 92.17 ਫੀਸਦ ਅੰਕ ਅਤੇ ਹਰਮਨਪ੍ਰੀਤ ਕੌਰ ਨੇ 89.7 ਫੀਸਦ ਅੰਕ ਹਾਸਲ ਕੀਤੇ। ਅਮਨਦੀਪ ਕੌਰ 80.7 ਫੀਸਦ ਅੰਕ ਲੈ ਕੇ ਕਾਲਜ ਵਿਚੋਂ ਤੀਜੇ ਸਥਾਨ ’ਤੇ ਰਹੀ। ਪ੍ਰਿੰਸੀਪਲ ਡਾ. ਹੀਰਾ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥਣਾਂ ਮਾਅਰਕਾ ਮਾਰਦਿਆਂ ਆਪਣੇ ਮਾਪਿਆਂ ਅਤੇ ਕਾਲਜ ਦਾ ਨਾਂਅ ਵੀ ਰੌਸ਼ਨ ਕੀਤਾ ਹੈ। -ਪੱਤਰ ਪ੍ਰੇਰਕ