ਹਿੰਮਤਪੁਰਾ ’ਚ ਨਸ਼ੇੜੀ ਪੁੱਤ ਵੱਲੋਂ ਮਾਂ ਦੀ ਹੱਤਿਆ

ਰਾਜਵਿੰਦਰ ਸਿੰਘ ਰੌਂਤਾ
ਨਿਹਾਲ ਸਿੰਘ ਵਾਲਾ, 20 ਸਤੰਬਰ
ਤਹਿਸੀਲ ਦੇ ਪਿੰਡ ਹਿੰਮਤਪੁਰਾ ਦੇ ਇੱਕ ਨੌਜਵਾਨ ਨੇ ਆਪਣੀ ਮਾਂ ਦੀ ਕਹੀ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਪਿੰਡ ਹਿੰਮਤਪੁਰਾ ਦੇ ਖੇਤਾਂ ਵਿੱਚ ਰਹਿੰਦੇ 22 ਸਾਲ ਦੇ ਸਤਵਿੰਦਰ ਸਿੰਘ ਪੁੱਤਰ ਭੋਲਾ ਸਿੰਘ ਨੇ ਅੱਜ ਸਵੇਰੇ ਆਪਣੀ ਮਾਂ ਕਰਮਜੀਤ ਕੌਰ (50) ਦੇ ਕਥਿਤ ਤੌਰ ’ਤੇ ਸਿਰ ਵਿੱਚ ਕਹੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਕਥਿਤ ਦੋਸ਼ੀ ਦੇ ਪਿਤਾ ਦੀ ਕਾਫ਼ੀ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਖੇਤੀਬਾੜੀ ਕਰਦੇ ਇਸ ਪਰਿਵਾਰ ਨੇ ਸਤਵਿੰਦਰ ਨੂੰ ਪਹਿਲਾਂ ਜ਼ਮੀਨ ਵੇਚ ਕੇ ਵਿਦੇਸ਼ (ਸਪੇਨ) ਭੇਜਿਆ ਸੀ ਪਰ ਉਹ ਉੱਥੋਂ ਵੀ ਪੈਸੇ ਖ਼ਰਾਬ ਕਰਕੇ ਘਰ ਆ ਗਿਆ। ਉਹ ਨਸ਼ੇ ਕਰਨ ਦਾ ਆਦੀ ਹੋ ਗਿਆ ਸੀ ਅਤੇ ਘਰੇਲੂ ਕਾਰਨਾਂ ਕਰਕੇ ਪ੍ਰੇਸ਼ਾਨ ਰਹਿੰਦਾ ਸੀ। ਉਸ ਖ਼ਿਲਾਫ਼ ਪਹਿਲਾਂ ਵੀ ਪੁਲੀਸ ਮਾਮਲੇ ਦਰਜ ਹਨ। ਸਤਵਿੰਦਰ ਦਾ ਇੱਕ ਵੱਡਾ ਭਰਾ ਵੀ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਡੀ.ਐੱਸ.ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ, ਥਾਣਾ ਮੁਖੀ ਨਿਹਾਲ ਸਿੰਘ ਵਾਲਾ ਜਸਵੰਤ ਸਿੰਘ, ਸਹਾਇਕ ਥਾਣੇਦਾਰ ਨਿਰਮਲ ਸਿੰਘ, ਚੌਕੀ ਇੰਚਾਰਜ ਬੇਅੰਤ ਸਿੰਘ ਭੱਟੀ ਘਟਨਾ ਸਥਾਨ ’ਤੇ ਪਹੁੰਚੇ ਅਤੇ ਮ੍ਰਿਤਕ ਦੇਹ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

Tags :