‘ਹਿੰਦੂਫੋਬੀਆ’ ਨੂੰ ਨਫ਼ਰਤੀ ਅਪਰਾਧਾਂ ਦੀ ਸੂਚੀ ’ਚ ਸ਼ਾਮਲ ਕਰਨ ਬਾਰੇ ਬਿੱਲ ਪੇਸ਼
ਨਿਊਯਾਰਕ, 15 ਅਪਰੈਲ
ਅਮਰੀਕਾ ਦੇ ਜੌਰਜੀਆ ਸੂਬੇ ਦੀ ਸੈਨੇਟ ਵਿੱਚ ‘ਹਿੰਦੂਫੋਬੀਆ’ ਨੂੰ ਨਫਰਤੀ ਅਪਰਾਧਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਸਬੰਧੀ ਬਿੱਲ ਪੇਸ਼ ਕੀਤੇ ਜਾਣ ਦਾ ਇਕ ਨਾਗਰਿਕ ਅਧਿਕਾਰ ਸੰਗਠਨ ਨੇ ਸਵਾਗਤ ਕੀਤਾ ਹੈ। ਅਮਰੀਕਾ ’ਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਰਾਜ ਦੀ ਸੈਨੇਟ ਨੇ ਕਾਨੂੰਨੀ ਪੱਧਰ ’ਤੇ ਇਹ ਕਦਮ ਚੁੱਕਿਆ ਹੈ। ‘ਦਿ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮੈਰੀਕਾ’ (ਸੀਓਐੱਚਐੱਨਏ) ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਜੌਰਜੀਆ ਰਾਜ ਦੀ ਸੈਨੇਟ ’ਚ ਬਿੱਲ 375 ਪੇਸ਼ ਕੀਤੇ ਜਾਣ ਦਾ ‘ਮਾਣ ਨਾਲ ਸਵਾਗਤ’ ਕਰਦੇ ਹਨ। ਸੰਗਠਨ ਨੇ ਕਿਹਾ, ‘ਇਹ ਰਾਜ ਦੇ ਪੀਨਲ ਕੋਡ ’ਚ ਹਿੰਦੂਫੋਬੀਆ ਅਤੇ ਹਿੰਦੂ ਵਿਰੋਧੀ ਨਫ਼ਰਤ ਨੂੰ ਰਸਮੀ ਤੌਰ ’ਤੇ ਅਪਰਾਧ ਵਜੋਂ ਮਾਨਤਾ ਦੇਣ ਦਾ ਇਤਿਹਾਸਕ ਕਦਮ ਹੈ।’ ਸੰਗਠਨ ਨੇ ਇਸ ਨੂੰ ਇਤਿਹਾਸਕ ਕਾਨੂੰਨ ਕਰਾਰ ਦਿੱਤਾ। ਸੀਓਐੱਚਐੱਨਏ ਦੇ ਸਹਿ-ਬਾਨੀ ਅਤੇ ਉਪ ਪ੍ਰਧਾਨ ਰਾਜੀਵ ਮੈਨਨ ਨੇ ਬਿਆਨ ’ਚ ਕਿਹਾ, ‘ਇਹ ਜੌਰਜੀਆ ਤੇ ਪੂਰੇ ਅਮਰੀਕਾ ’ਚ ਹਿੰਦੂ ਭਾਈਚਾਰੇ ਲਈ ਅਹਿਮ ਪਲ ਹੈ।’ ਉਨ੍ਹਾਂ ਕਿਹਾ, ‘ਇਹ ਬਿੱਲ ਨਾ ਸਿਰਫ਼ ਹਿੰਦੂ ਵਿਰੋਧੀ ਨਫਰਤ ਦੀਆਂ ਵਧਦੀਆਂ ਘਟਨਾਵਾਂ ਦਾ ਜਵਾਬ ਹੈ ਬਲਕਿ ਇਹ ਬਿੱਲ ਇਸ ਗੱਲ ਦੀ ਪੁਸ਼ਟੀ ਵੀ ਕਰਦਾ ਹੈ ਕਿ ਸਾਡਾ ਭਾਈਚਾਰਾ ਕਾਨੂੰਨ ਤਹਿਤ ਬਰਾਬਰ ਸੁਰੱਖਿਆ ਤੇ ਸਨਮਾਨ ਦਾ ਹੱਕਦਾਰ ਹੈ।’ -ਪੀਟੀਆਈ