ਹਿਰਾਸਤੀ ਤਸ਼ੱਦਦ
ਆਈਜੀਪੀ ਜ਼ਹੂਰ ਹੈਦਰ ਜ਼ੈਦੀ ਅਤੇ ਸੱਤ ਹੋਰ ਪੁਲੀਸ ਕਰਮੀਆਂ ਨੂੰ ਹਿਰਾਸਤੀ ਮੌਤ ਦੇ ਕੇਸ ਵਿੱਚ ਹੋਈ ਸਜ਼ਾ ਉਨ੍ਹਾਂ ਦੁਖਦਾਈ ਘਟਨਾਵਾਂ ਦਾ ਕਠੋਰਤਾ ਨਾਲ ਚੇਤਾ ਕਰਵਾਉਂਦੀ ਹੈ ਜਿਹੜੀਆਂ ਉਸ ਵੇਲੇ ਵਾਪਰਦੀਆਂ ਹਨ ਜਦੋਂ ਪੁਲੀਸ ਕਰਮੀ ਹੀ ਕਾਨੂੰਨ ਆਪਣੇ ਹੱਥਾਂ ’ਚ ਲੈ ਲੈਂਦੇ ਹਨ। ਸੰਨ 2017 ਵਿੱਚ ਹਿਮਾਚਲ ਪ੍ਰਦੇਸ਼ ਵਰਗੇ ਸ਼ਾਂਤ ਸੂਬੇ ਦੇ ਕੋਟਖਾਈ ’ਚ ਸਕੂਲੀ ਬੱਚੀ ਨਾਲ ਹੋਏ ਸਮੂਹਿਕ ਜਬਰ-ਜਨਾਹ ਅਤੇ ਮਗਰੋਂ ਹੱਤਿਆ ਦੇ ਮਾਮਲੇ ਨੇ ਪੂਰੇ ਰਾਜ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਭਿਆਨਕ ਅਪਰਾਧ ’ਤੇ ਲੋਕਾਂ ਨੇ ਕਾਫ਼ੀ ਗੁੱਸਾ ਕੱਢਿਆ ਸੀ ਜਿਸ ਤੋਂ ਬਾਅਦ ਰਾਜ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਜ਼ੈਦੀ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ (ਸਿਟ) ਗਠਿਤ ਕੀਤੀ ਸੀ। ਸ਼ੱਕ ਦੇ ਆਧਾਰ ’ਤੇ ‘ਸਿਟ’ ਨੇ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਜਦੋਂ ਇਨ੍ਹਾਂ ਵਿੱਚੋਂ ਇੱਕ ਦੀ ਪੁਲੀਸ ਹਿਰਾਸਤ ਵਿੱਚ ਮੌਤ ਹੋ ਗਈ ਤਾਂ ਸਾਰੀ ਜਾਂਚ ਪ੍ਰਕਿਰਿਆ ਹੀ ਸ਼ੱਕ ਦੇ ਘੇਰੇ ਵਿੱਚ ਆ ਗਈ। ਹੁਣ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ ਕਿ ਜਾਂਚ ਟੀਮ ਦੇ ਮੈਂਬਰ ਹੱਤਿਆ, ਅਪਰਾਧ ਕਬੂਲ ਕਰਾਉਣ ਲਈ ਤਸ਼ੱਦਦ ਢਾਹੁਣ ਦੇ ਦੋਸ਼ੀ ਹਨ। ਉਨ੍ਹਾਂ ਨੂੰ ਸਬੂਤ ਘੜਨ ਤੇ ਹੋਰ ਗੰਭੀਰ ਅਪਰਾਧਾਂ ਦਾ ਦੋਸ਼ੀ ਵੀ ਠਹਿਰਾਇਆ ਗਿਆ ਹੈ।
‘ਜਲਦੀ ਤੋਂ ਜਲਦੀ ਨਤੀਜਾ’ ਦੇਣ ਦੇ ਦਬਾਅ ਵਿੱਚ ਆਈ ‘ਸਿਟ’ ਨੇ ਇੱਕ ਤੋਂ ਬਾਅਦ ਇੱਕ ਹੱਦ ਪਾਰ ਕੀਤੀ। ਇਹ ਸੱਚ ਹੈ ਕਿ ਘਿਨਾਉਣੇ ਜਬਰ-ਜਨਾਹ ਤੇ ਹੱਤਿਆ ਦੇ ਮਾਮਲੇ ’ਤੇ ਲੋਕਾਂ ਦਾ ਗੁੱਸਾ ਸਿਖ਼ਰਾਂ ਉੱਤੇ ਪਹੁੰਚ ਗਿਆ ਸੀ ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਪੁਲੀਸ ਕਰਮੀ ‘ਤੁਰੰਤ ਨਿਆਂ’ ਦੇਣ ਲਈ ਇਸ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ। ਇਹ ਦੇਸ਼ ਭਰ ਦੇ ਉਨ੍ਹਾਂ ਸਾਰੇ ਪੁਲੀਸ ਕਰਮੀਆਂ ਲਈ ਚਿਤਾਵਨੀ ਹੈ ਜਿਹੜੇ ਜਾਂਚ-ਪੜਤਾਲ ਦੌਰਾਨ ਨਤੀਜੇ ਪ੍ਰਾਪਤ ਕਰਨ ਲਈ ਕੋਈ ਵੀ ਰਾਹ ਫੜ ਲੈਂਦੇ ਹਨ। ਥਾਣਿਆਂ ’ਚ ਹਿੰਸਾ ਨੂੰ ਮਿਲਦੀ ਮਾਨਤਾ ਤੋਂ ਇਨ੍ਹਾਂ ਨੂੰ ਸ਼ਹਿ ਮਿਲਦੀ ਹੈ। ਸ਼ੱਕ ਦੇ ਆਧਾਰ ’ਤੇ ਫੜਿਆ, ਸਲਾਖ਼ਾਂ ਪਿੱਛੇ ਬੰਦ ਕੋਈ ਬੰਦਾ ਅਕਸਰ ਆਪਣੇ ਆਪ ਨੂੰ ਪੁਲੀਸ ਦੀ ਜ਼ਾਲਿਮਾਨਾ ਪਹੁੰਚ ਦੇ ਨਿਸ਼ਾਨੇ ਉੱਤੇ ਦੇਖਦਾ ਹੈ। ਸਾਲ 2021 ਵਿੱਚ ਭਾਰਤ ਦੇ ਤਤਕਾਲੀ ਚੀਫ ਜਸਟਿਸ ਐੱਨਵੀ ਰਮੰਨਾ ਨੇ ਦਰੁਸਤ ਫਰਮਾਇਆ ਸੀ ਕਿ ਥਾਣੇ ਮਾਨਵੀ ਅਧਿਕਾਰਾਂ ਲਈ ਸਭ ਤੋਂ ਵੱਡਾ ਖ਼ਤਰਾ ਹਨ ਕਿਉਂਕਿ ਸੰਵਿਧਾਨਕ ਗਰੰਟੀਆਂ ਦੇ ਬਾਵਜੂਦ ਹਿਰਾਸਤੀ ਤਸ਼ੱਦਦ ਤੇ ਪੁਲੀਸ ਦਾ ਅੱਤਿਆਚਾਰ ਵਿਆਪਕ ਪੱਧਰ ’ਤੇ ਨਜ਼ਰੀਂ ਪੈਂਦਾ ਹੈ।
ਕਈ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਥਾਣਿਆਂ ਵਿੱਚ ਸੀਸੀਟੀਵੀ ਕੈਮਰੇ ਲਾਉਣ ਬਾਰੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਤੋਂ ਪੈਰ ਪਿੱਛੇ ਖਿੱਚਦੇ ਰਹੇ ਹਨ। ਪੁਲੀਸ ਦੇ ਸਬੰਧਿਤ ਉੱਚ ਅਧਿਕਾਰੀਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਮੁੱਦੇ ’ਤੇ ਕੋਈ ਨਰਮੀ ਨਾ ਵਰਤੀ ਜਾਵੇ। ਆਪਣੇ ਅਧਿਕਾਰ ਖੇਤਰ ਦੀ ਬੇਸ਼ਰਮੀ ਨਾਲ ਉਲੰਘਣਾ ਕਰਨ ਵਾਲੇ ਪੁਲੀਸ ਕਰਮੀਆਂ ਖ਼ਿਲਾਫ਼ ਬਿਲਕੁਲ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਸ ਮਾਮਲੇ ’ਚ ਹਮੇਸ਼ਾ ਕਾਨੂੰਨ ਦੇ ਰਖਵਾਲਿਆਂ ਦੀ ਭਰੋਸੇਯੋਗਤਾ ਹੀ ਦਾਅ ਉੱਤੇ ਲੱਗੀ ਹੁੰਦੀ ਹੈ।