‘ਹਾਊਸਫੁੱਲ-5’ ਦੇ ਪ੍ਰਚਾਰ ਦੌਰਾਨ ਭੀੜ ਬੇਕਾਬੂ, ਅਕਸ਼ੈ ਨੇ ਦਿੱਤਾ ਦਖ਼ਲ
ਨਵੀਂ ਦਿੱਲੀ:
ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਪੁਣੇ ਵਿੱਚ ਆਪਣੀ ਆਉਣ ਵਾਲੀ ਫ਼ਿਲਮ ‘ਹਾਊਸਫੁੱਲ-5’ ਦੇ ਪ੍ਰਚਾਰ ਦੌਰਾਨ ਉਤਸ਼ਾਹੀ ਭੀੜ ਨੂੰ ਸ਼ਾਂਤ ਕਰਨ ਲਈ ਦਖ਼ਲਅੰਦਾਜ਼ੀ ਕਰਨੀ ਪਈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਅਕਸ਼ੈ ਆਪਣੇ ਸਹਿ ਕਲਾਕਾਰਾਂ ਨਾਨਾ ਪਾਟੇਕਰ, ਜੈਕਲੀਨ ਫਰਨਾਂਡੀਜ਼, ਸੋਨਮ ਬਾਜਵਾ, ਨਰਗਿਸ ਫਾਖਰੀ, ਸੌਂਦਰਿਆ ਸ਼ਰਮਾ ਅਤੇ ਫਰਦੀਨ ਖ਼ਾਨ ਨਾਲ ਇੱਕ ਸਮਾਗਮ ਦੌਰਾਨ ਪੁਣੇ ਦੇ ਮਾਲ ਵਿੱਚ ਗਏ ਸਨ। ਇਸ ਦੌਰਾਨ ਫ਼ਿਲਮੀ ਕਲਾਕਾਰਾਂ ਦੀ ਇੱਕ ਝਲਕ ਦੇਖਣ ਲਈ ਭੀੜ ਬੇਕਾਬੂ ਹੋ ਗਈ। ਸੋਸ਼ਲ ਮੀਡੀਆ ’ਤੇ ਵੀਡੀਓ ਵਿੱਚ ਔਰਤ ਨੂੰ ਰੋਂਦਿਆਂ ਦੇਖਿਆ ਜਾ ਸਕਦਾ ਹੈ। ਇਸੇ ਦੌਰਾਨ ਇੱਕ ਹੋਰ ਵਿਅਕਤੀ ਨੇ ਭੀੜ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਸਮੇਂ ਘੁਟਣ ਮਹਿਸੂਸ ਹੋਣ ਦੀ ਸ਼ਿਕਾਇਤ ਕੀਤੀ। ਇਸ ਮੌਕੇ ਸਥਿਤੀ ਨੂੰ ਦੇਖਦਿਆਂ ਅਕਸ਼ੈ ਨੇ ਮਾਈਕ ਲਿਆ ਅਤੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਇਸ ਦੌਰਾਨ ਉਸ ਨੇ ਲੋਕਾਂ ਨੂੰ ਧੱਕਾ ਨਾ ਮਾਰਨ ਦੀ ਵੀ ਹਦਾਇਤ ਕੀਤੀ। ਅਕਸ਼ੈ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਇੱਥੋਂ ਜਾਣਾ ਪਵੇਗਾ। ਤੁਸੀਂ ਧੱਕਾ-ਮੁੱਕੀ ਨਾ ਕਰੋ। ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇੱਥੇ ਔਰਤਾਂ ਅਤੇ ਬੱਚੇ ਹਨ। ਸਾਜਿਦ ਨਾਡਿਆਡਵਾਲਾ ਦੀ ਫ਼ਿਲਮ ਨਿਰਮਾਣ ਕੰਪਨੀ ‘ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ’ ਦੀ ਇਹ ਅਗਾਮੀ ਫ਼ਿਲਮ ‘ਹਾਊਸਫੁੱਲ’ ਦੀ ਪੰਜਵੀਂ ਕੜੀ ਹੈ। ‘ਹਾਊਸਫੁੱਲ-5’ ਦਾ ਨਿਰਦੇਸ਼ਨ ਤਰੁਣ ਮਨਸੁਖਾਨੀ ਨੇ ਦਿੱਤਾ ਹੈ ਅਤੇ ਇਹ ਸ਼ੁੱਕਰਵਾਰ ਨੂੰ ਵੱਡੇ ਪਰਦੇ ’ਤੇ ਰਿਲੀਜ਼ ਹੋਵੇਗੀ। -ਪੀਟੀਆਈ