ਹਾੜ੍ਹੀ ਦੇ ਪਿਆਜ਼ ਦੀ ਕਾਸ਼ਤ ਲਈ ਕੁਝ ਨੁਕਤੇ
ਅਰਵਿੰਦ ਪ੍ਰੀਤ ਕੌਰ
ਸਬਜ਼ੀਆਂ ਦੀ ਖੇਤੀ ਵਿੱਚ ਪਿਆਜ਼ ਦੀ ਕਾਸ਼ਤ ਅਹਿਮ ਹੈ। ਪਿਆਜ਼ ਦੀ ਕਾਸ਼ਤ ਹਾੜ੍ਹੀ ਅਤੇ ਸਾਉਣੀ, ਦੋਵਾਂ ਮੌਸਮਾਂ ਦੌਰਾਨ ਕੀਤੀ ਜਾਂਦੀ ਹੈ ਪਰ ਮੁੱਖ ਤੌਰ ’ਤੇ ਇਸ ਦੀ ਕਾਸ਼ਤ ਹਾੜ੍ਹੀ ਦੌਰਾਨ ਹੀ ਕੀਤੀ ਜਾਂਦੀ ਹੈ। ਜ਼ਿਆਦਾ ਗਰਮੀ, ਕੜਾਕੇ ਦੀ ਠੰਢ ਅਤੇ ਜ਼ਿਆਦਾ ਮੀਂਹ ਇਸ ਦੇ ਅਨੁਕੂਲ ਨਹੀਂ। ਪਿਆਜ਼ ਦੀ ਕਾਸ਼ਤ ਕਰਦਿਆਂ ਜੇ ਕੁਝ ਨੁਕਤੇ ਧਿਆਨ ਵਿੱਚ ਰੱਖੇ ਜਾਣ ਤਾਂ ਭਰਪੂਰ ਝਾੜ ਲਿਆ ਜਾ ਸਕਦਾ ਹੈ।
ਜ਼ਮੀਨ: ਪਿਆਜ਼ ਦੀ ਖੇਤੀ ਵਾਸਤੇ ਜ਼ਮੀਨ ਜ਼ਿਆਦਾ ਮੱਲੜ ਵਾਲੀ, ਚੰਗੀ ਨਿਕਾਸੀ ਵਾਲੀ, ਬਿਮਾਰੀ ਅਤੇ ਨਦੀਨਾਂ ਤੋਂ ਰਹਿਤ ਹੋਵੇ। ਕਲਰਾਠੀਆਂ ਜ਼ਮੀਨਾਂ ਵਿੱਚ ਪਿਆਜ਼ ਦੀ ਚੰਗੀ ਕਾਸ਼ਤ ਨਹੀਂ ਹੁੰਦੀ।
ਹਾੜ੍ਹੀ ਦੇ ਮੌਸਮ ਲਈ ਉੱਨਤ ਕਿਸਮਾਂ
ਹਾਈਬ੍ਰਿਡ ਪੀਓਐੱਚ-1: ਇਸ ਦੇ ਪੌਦੇ ਦਰਮਿਆਨੇ ਕੱਦ ਦੇ, ਪਤੇ ਹਰੇ ਅਤੇ ਖੜ੍ਹਵੇਂ ਹੁੰਦੇ ਹਨ। ਗੰਢੇ ਹਲਕੇ ਲਾਲ, ਵੱਡੇ ਆਕਾਰ ਦੇ, ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਲਾਉਣ ਮਗਰੋਂ 142 ਦਿਨ ਲੈਂਦੀ ਹੈ। ਇਸ ਕਿਸਮ ਦੇ ਗੰਢੇ ਘੱਟ ਨਿੱਸਰਦੇ ਹਨ। ਇਸ ਦਾ ਔਸਤਨ ਝਾੜ 221 ਕੁਇੰਟਲ ਪ੍ਰਤੀ ਏਕੜ ਹੈ।
ਪੀਆਰਓ-7: ਇਸ ਦੇ ਪੌਦੇ ਦਰਮਿਆਨੇ, ਪੱਤੇ ਹਰੇ, ਗੰਢੇ ਲਾਲ, ਦਰਮਿਆਨੇ ਤੋਂ ਵੱਡੇ ਆਕਾਰ ਦੇ ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਖੇਤ ਵਿੱਚ ਲਾਉਣ ਮਗਰੋਂ ਤਿਆਰ ਹੋਣ ਲਈ 120 ਦਿਨ ਲੈਂਦੀ ਹੈ। ਇਸ ਕਿਸਮ ਦੀ ਭੰਡਾਰਨ ਸਮਰੱਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿਸਰਦੇ ਹਨ। ਇਸ ਦਾ ਔਸਤਨ ਝਾੜ 159 ਕੁਇੰਟਲ ਪ੍ਰਤੀ ਏਕੜ ਹੈ।
ਪੀਵਾਈਓ-1: ਇਸ ਦੇ ਪੌਦੇ ਦਰਮਿਆਨੇ, ਪੱਤੇ ਹਰੇ, ਗੰਢੇ ਪੀਲੇ, ਦਰਮਿਆਨੇ ਤੋਂ ਵੱਡੇ ਆਕਾਰ ਦੇ ਗੋਲਾਕਾਰ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਖੇਤ ਵਿੱਚ ਲਾਉਣ ਮਗਰੋਂ ਤਿਆਰ ਹੋਣ ਲਈ 141 ਦਿਨ ਲੈਂਦੀ ਹੈ। ਇਸ ਕਿਸਮ ਦੀ ਭੰਡਾਰਨ ਸਮਰੱਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ 164 ਕੁਇੰਟਲ ਪ੍ਰਤੀ ਏਕੜ ਹੈ।
ਪੀਡਬਲਿਊਓ-2: ਇਸ ਦੇ ਪੌਦੇ ਦਰਮਿਆਨੇ ਕੱਦ ਦੇ, ਪੱਤੇ ਹਰੇ, ਗੰਢੇ ਸਫ਼ੇਦ (ਚਿੱਟੇ), ਦਰਮਿਆਨੇ ਤੋਂ ਵੱਡੇ ਆਕਾਰ ਦੇ ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਖੇਤ ਵਿੱਚ ਲਾਉਣ ਮਗਰੋਂ ਤਿਆਰ ਹੋਣ ਲਈ 139 ਦਿਨ ਲੈਂਦੀ ਹੈ। ਇਸ ਕਿਸਮ ਦੀ ਭੰਡਾਰਨ ਸਮਰਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ 155 ਕੁਇੰਟਲ ਪ੍ਰਤੀ ਏਕੜ ਹੈ।
ਪੀਆਰਓ-6: ਇਸ ਦੇ ਪੌਦੇ ਦਰਮਿਆਨੇ ਕੱਦੇ ਦੇ, ਪੱਤੇ ਹਰੇ ਰੰਗ ਦੇ, ਗੰਢੇ ਗੂੜ੍ਹੇ ਲਾਲ, ਦਰਮਿਆਨੇ ਤੋਂ ਵੱਡੇ ਆਕਾਰ ਦੇ ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਖੇਤ ਵਿੱਚ ਲਾਉਣ ਮਗਰੋਂ ਤਿਆਰ ਹੋਣ ਲਈ 120 ਦਿਨ ਲੈਂਦੀ ਹੈ। ਇਹ ਕਿਸਮ ਦੀ ਭੰਡਾਰਨ ਸਮਰੱਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿੱਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੈ।
ਪੰਜਾਬ ਵ੍ਹਾਈਟ: ਇਹ ਪਿਆਜ਼ ਦਰਮਿਆਨੇ, ਆਕਾਰ ਦੇ ਗੋਲ, ਚਿੱਟੇ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਸ ਦੇ ਰਸ ਵਿੱਚ ਘੁਲਣਸ਼ੀਲ ਠੋਸ ਪਦਾਰਥਾਂ ਦੀ ਮਾਤਰਾ ਵਧੇਰੇ (15%) ਹੋਣ ਕਰ ਕੇ ਇਹ ਕਿਸਮ ਗੰਢਿਆਂ ਨੂੰ ਸੁਕਾ ਕੇ ਪਾਊਡਰ ਬਣਾਉਣ ਲਈ ਢੁੱਕਵੀਂ ਹੈ। ਇਸ ਦੀ ਔਸਤ ਪੈਦਾਵਾਰ 135 ਕੁਇੰਟਲ ਪ੍ਰਤੀ ਏਕੜ ਹੈ।
ਪੰਜਾਬ ਨਰੋਆ: ਇਸ ਦੇ ਪੌਦੇ ਦਰਮਿਆਨੇ, ਪੱਤੇ ਗੂੜ੍ਹੇ ਹਰੇ ਰੰਗ ਦੇ, ਗੰਢੇ ਦਰਮਿਆਨੇ ਮੋਟੇ, ਪਤਲੀ ਧੌਣ ਵਾਲੇ, ਲਾਲ ਹੁੰਦੇ ਹਨ। ਇਹ ਕਿਸਮ 145 ਦਿਨਾਂ ’ਚ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਗੰਢੇ ਅਤੇ ਬੀਜ ਵਾਲੀ ਫ਼ਸਲ ਨੂੰ ਜਾਮਣੀ ਦਾਗ ਰੋਗ ਬਹੁਤ ਘੱਟ ਲੱਗਦਾ ਹੈ। ਥਰਿੱਪ ਅਤੇ ਪਿਆਜ਼ ਦੀ ਸੁੰਡੀ ਦਾ ਹਮਲਾ ਵੀ ਘੱਟ ਹੁੰਦਾ ਹੈ। ਇਸ ਦਾ ਔਸਤਨ ਝਾੜ 150 ਕੁਇੰਟਲ ਪ੍ਰਤੀ ਏਕੜ ਹੈ।
ਪਨੀਰੀ ਦਾ ਖੇਤ ਵਿੱਚ ਲਗਾਉਣਾ: ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜ ਕਾਫ਼ੀ ਹੁੰਦਾ ਹੈ। ਤਿਆਰ ਖੇਤ ਵਿੱਚ 4-6 ਇੰਚ ਸਾਈਜ਼ ਦੀ ਤੰਦਰੁਸਤ ਪਨੀਰੀ 15 ਸੈਂਟੀਮੀਟਰ ਕਤਾਰ ਅਤੇ 7.5 ਸੈਂਟੀਮੀਟਰ ਬੂਟਿਆਂ ਵਿਚਕਾਰ ਫ਼ਾਸਲਾ ਰੱਖ ਕੇ ਲਗਾਉ। ਸਪਰੇਅ ਅਤੇ ਗੋਡੀ ਦੀ ਸਹੂਲਤ ਲਈ ਬੂਟਿਆਂ ਦੀਆਂ 15-20 ਕਤਾਰਾਂ ਬਾਅਦ ਇੱਕ ਲਾਈਨ ਖਾਲੀ ਛੱਡੋ।
ਜੈਵਿਕ ਖਾਦ: ਪਿਆਜ਼ ਦੀ ਪਨੀਰੀ ਲਾਉਣ ਸਮੇਂ ਕਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿਲੋ ਪ੍ਰਤੀ ਏਕੜ ਨੂੰ ਮਿੱਟੀ ਵਿੱਚ ਰਲਾ ਕੇ ਪਾਉਣ ਨਾਲ ਪਿਆਜ਼ ਦਾ ਝਾੜ ਵਧਦਾ ਹੈ ਅਤੇ ਨਾਲ ਹੀ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ। ਕਨਸ਼ੋਰਸ਼ੀਅਮ ਦਾ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਪਾਸੋਂ ਮਿਲਦਾ ਹੈ।
ਖਾਦਾਂ: ਇੱਕ ਏਕੜ ਖੇਤ ਤਿਆਰ ਕਰਨ ਤੋਂ ਪਹਿਲਾਂ ਪ੍ਰਤੀ ਏਕੜ ਦੇ ਹਿਸਾਬ ਨਾਲ ਰੂੜੀ 20 ਟਨ, ਨਾਈਟ੍ਰੋਜਨ ਤੱਤ 40 ਕਿਲੋ (90 ਕਿਲੋ ਯੂਰੀਆ), ਫਾਸਫੋਰਸ ਤੱਤ 20 ਕਿਲੋ (125 ਕਿਲੋ ਸੁਪਰਫਾਸਫੇਟ) ਅਤੇ ਪੋਟਾਸ਼ ਤੱਤ 20 ਕਿਲੋ (35 ਕਿਲੋ ਮਿਊਰੇਟ ਆਫ ਪੋਟਾਸ਼) ਪਾਉ। ਸਾਰੀ ਰੂੜੀ ਦੀ ਖਾਦ, ਫਾਸਫੋਰਸ, ਪੋਟਾਸ਼ ਤੇ ਅੱਧੀ ਨਾਈਟ੍ਰੋਜਨ ਵਾਲੀ ਖਾਦ ਪੌਦੇ ਲਾਉਣ ਤੋਂ ਪਹਿਲਾਂ ਅਤੇ ਫਿਰ ਬਚਦੀ ਅੱਧੀ ਨਾਈਟ੍ਰੋਜਨ ਵਾਲੀ ਖਾਦ 4-6 ਹਫ਼ਤਿਆਂ ਬਾਅਦ ਛੱਟਾ ਦੇ ਕੇ ਪਾਉ।
ਨਦੀਨਾਂ ਦੀ ਰੋਕਥਾਮ: ਹਰ ਫ਼ਸਲ ਦੀ ਤਰ੍ਹਾਂ ਪਿਆਜ਼ ਦੀ ਫ਼ਸਲ ਨੂੰ ਵੀ ਨਦੀਨ ਅਤੇ ਕੀੜੇ-ਮਕੌੜੇ ਨੁਕਸਾਨ ਕਰਦੇ ਹਨ। ਇਹ ਫ਼ਸਲ ਦੇ ਸ਼ੁਰੂ ਵਿੱਚ ਹੌਲੀ ਵਾਧੇ ਕਾਰਨ ਨਦੀਨਾਂ ਨੂੰ ਪਿਆਜ਼ ਦੀ ਫ਼ਸਲ ਵਿੱਚ ਉੱਗਣ ਲਈ ਕਾਫ਼ੀ ਵਿਹਲੀ ਥਾਂ ਮਿਲ ਜਾਂਦੀ ਹੈ। ਇਸ ਫ਼ਸਲ ਵਿੱਚ ਜ਼ਿਆਦਾਤਰ ਪੋਆ ਘਾਹ, ਮੈਣਾ, ਮੈਣੀ, ਬਾਥੂ, ਪਿੱਤ ਪਾਪੜਾ, ਜੰਗਲੀ ਹਾਲੋਂ, ਮਧਾਣਾ, ਜੰਗਲੀ ਸੇਂਜੀ, ਜੰਗਲੀ ਪਾਲਕ, ਜੰਗਲੀ ਧਨੀਆ, ਮੋਥਾ ਆਦਿ ਨਦੀਨ ਪਾਏ ਜਾਂਦੇ ਹਨ। ਇਹ ਨਦੀਨ ਨਾ ਕੇਵਲ ਫ਼ਸਲ ਦੇ ਝਾੜ ’ਤੇ ਮਾੜਾ ਅਸਰ ਪਾਉਂਦੇ ਹਨ ਬਲਕਿ ਕਈ ਤਰ੍ਹਾਂ ਦੇ ਕੀੜੇ ਅਤੇ ਬਿਮਾਰੀਆਂ ਨੂੰ ਵੀ ਸੱਦਾ ਦਿੰਦੇ ਹਨ। ਪਿਆਜ਼ ਦੀ ਫ਼ਸਲ ’ਚੋਂ ਨਦੀਨਾਂ ਦੀ ਰੋਕਥਾਮ ਗੋਡੀ ਕਰ ਕੇ ਜਾਂ ਨਦੀਨ ਨਾਸ਼ਕਾਂ ਦੀ ਵਰਤੋਂ ਨਾਲ ਕੀਤੀ ਜਾ ਸਕਦੀ ਹੈ। ਨਦੀਨਾਂ ਨੂੰ ਕਾਬੂ ਕਰਨ ਲਈ ਪਹਿਲੀ ਗੋਡੀ ਪਨੀਰੀ ਲਾਉਣ ਤੋਂ ਤਿੰਨ ਹਫ਼ਤੇ ਪਿੱਛੋਂ ਅਤੇ ਬਾਕੀ ਗੋਡੀਆਂ 15 ਦਿਨ ਦੇ ਵਕਫ਼ੇ ’ਤੇ ਕਰਨੀਆਂ ਚਾਹੀਦੀਆਂ ਹਨ। ਨਦੀਨਨਾਸ਼ਕਾਂ ਦੀ ਵਰਤੋਂ ਕਰ ਕੇ ਵੀ ਨਦੀਨਾਂ ’ਤੇ ਸਮੇਂ ਸਿਰ ਕਾਬੂ ਪਾਇਆ ਜਾ ਸਕਦਾ ਹੈ। ਪਿਆਜ਼ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਟੌਂਪ 30 ਈਸੀ 750 ਮਿਲੀਲਿਟਰ 200 ਲਿਟਰ ਪਾਣੀ ਵਿੱਚ ਘੋਲ ਕੇ ਪਨੀਰੀ ਲਾਉਣ ਤੋਂ ਇੱਕ ਹਫ਼ਤੇ ਦੇ ਅੰਦਰ ਛਿੜਕੋ। ਇਸ ਤੋਂ ਇਲਾਵਾ ਗੋਲ 23.5 ਈਸੀ (ਆਕਸੀਕਲੋਰੋਫੈਨ) 380 ਮਿਲੀਲਿਟਰ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪਨੀਰੀ ਲਾਉਣ ਤੋਂ ਇੱਕ ਹਫ਼ਤੇ ਦੇ ਅੰਦਰ-ਅੰਦਰ ਛਿੜਕਾਅ ਤੇ 90-100 ਦਿਨਾਂ ਬਾਅਦ ਇੱਕ ਗੋਡੀ ਕਰਨ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਸਿੰਜਾਈ: ਪਨੀਰੀ ਲਾਉਣ ਤੋਂ ਤੁਰੰਤ ਬਾਅਦ ਪਾਣੀ ਦਿਉ ਤਾਂ ਜੋ ਬੂਟਿਆਂ ਦੀਆਂ ਜੜ੍ਹਾਂ ਮਿੱਟੀ ਫੜ ਲੈਣ। ਫਿਰ 7-10 ਦਿਨ ਦੇ ਵਕਫ਼ੇ ’ਤੇ ਪਾਣੀ ਲਾਉਂਦੇ ਰਹੋ। ਪੁਟਾਈ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਕਿ ਪਿਆਜ਼ ਲੰਮੇ ਸਮੇਂ ਲਈ ਭੰਡਾਰ ਕੀਤੇ ਜਾ ਸਕਣ।
ਪੁਟਾਈ: ਭੂਕਾਂ ਸੁੱਕ ਕੇ ਡਿੱਗਣ ਪਿੱਛੋਂ ਪਿਆਜ਼ਾਂ ਦੀ ਪੁਟਾਈ ਕਰੋ। ਪੁਟਾਈ ਤੋਂ ਬਾਅਦ 3-4 ਦਿਨ ਤਕ ਛਾਂ ਵਿੱਚ ਪਤਲੀਆਂ ਤਹਿਆਂ ਵਿੱਚ ਪਿਆਜ਼ ਖਿਲਾਰ ਕੇ ਸੁੱਕਣ ਦਿਉ। ਫਿਰ 1-2 ਸੈਂਟੀਮੀਟਰ ਭੂਕਾਂ ਰੱਖ ਕੇ ਕੱਟ ਦਿਉ। ਭੰਡਾਰ ਵਿੱਚ ਹਰ 15 ਦਿਨ ਬਾਅਦ ਪਿਆਜ਼ਾਂ ਨੂੰ ਹਿਲਾਉਂਦੇ ਰਹੋ ਅਤੇ ਇਸ ਵਿੱਚੋਂ ਕੱਟੇ ਅਤੇ ਗਲੇ ਪਿਆਜ਼ ਦੀ ਛਾਂਟੀ ਕਰਦੇ ਰਹੋ।
ਪੌਦ ਸੁਰੱਖਿਆ
ਕੀੜੇ-ਥਰਿੱਪ (ਜੂੰ): ਪਿਆਜ਼ ਦਾ ਪੀਲੇ ਰੰਗ ਦਾ ਇਹ ਛੋਟਾ ਜਿਹਾ ਕੀੜਾ ਫਰਵਰੀ ਤੋਂ ਮਈ ਦੌਰਾਨ ਭੂਕਾਂ ਦਾ ਰਸ ਚੂਸਦਾ ਹੈ। ਇਹ ਭੂਕਾਂ ਉੱਪਰ ਚਿੱਟੇ ਦਾਗ਼ ਪੈਦਾ ਕਰਦਾ ਹੈ ਅਤੇ ਫੁੱਲ ਪੈਣ ਸਮੇਂ ਭਾਰੀ ਨੁਕਸਾਨ ਕਰਦਾ ਹੈ। ਇਨ੍ਹਾਂ ਦੀ ਰੋਕਥਾਮ ਲਈ ਜਿਉਂ ਹੀ ਕੀੜੇ ਨਜ਼ਰ ਆਉਣ, 30 ਗ੍ਰਾਮ ਜੰਪ 80 ਡਬਲਿਊਜੀ (ਫਿਪਰੋਨਿਲ) ਜਾਂ 250 ਮਿਲੀਲਿਟਰ ਰੋਗਰ 30 ਈਸੀ (ਡਾਈਮੈਥੋਏਟ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।
ਜਾਮਣੀ ਦਾਗ਼ ਪੈਣਾ: ਇਸ ਬਿਮਾਰੀ ਨਾਲ ਪੱਤਿਆਂ ਅਤੇ ਫੁੱਲਾਂ ਵਾਲੀ ਨਾੜ ਉੱਪਰ ਜਾਮਣੀ ਰੰਗ ਦੇ ਦਾਗ਼ ਪੈ ਜਾਂਦੇ ਹਨ। ਇਸ ਦਾ ਅਸਰ ਗੰਢਿਆਂ ਅਤੇ ਬੀਜਾਂ ਉੱਪ ਪੈਂਦਾ ਹੈ। ਇਸ ਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ ਬੀਜ ਨੂੰ 3 ਗ੍ਰਾਮ ਥੀਰਮ ਜਾਂ ਕੈਪਟਾਨ ਦਵਾਈ ਨਾਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। ਫ਼ਸਲ ਉੱਪਰ ਪ੍ਰਤੀ ਏਕੜ 300 ਗ੍ਰਾਮ ਕੇਵੀਅਟ 25 ਡਬਲਿਊਜੀ ਜਾਂ 600 ਗ੍ਰਾਮ ਇੰਡੋਫਿਲ ਐੱਮ-45 ਅਤੇ 220 ਮਿਲੀਲਿਟਰ ਟ੍ਰਾਈਟੋਨ ਜਾਂ ਅਲਸੀ ਦਾ ਤੇਲ 200 ਲਿਟਰ ਪਾਣੀ ਵਿੱਚ ਘੋਲ ਕੇ ਬਿਮਾਰੀ ਦੀਆਂ ਨਿਸ਼ਾਨੀਆਂ ਦਿਸਣ ’ਤੇ ਛਿੜਕੋ। ਇਸ ਪਿੱਛੋਂ 10 ਦਿਨ ਦੇ ਵਕਫ਼ੇ ’ਤੇ ਤਿੰਨ ਛਿੜਕਾਅ ਹੋਰ ਕਰੋ।
*ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ।