For the best experience, open
https://m.punjabitribuneonline.com
on your mobile browser.
Advertisement

ਹਾਰਵਰਡ ’ਚ ਪੜ੍ਹਦੇ ਭਾਰਤੀ ਵਿਦਿਆਰਥੀਆਂ ’ਚ ਬੇਯਕੀਨੀ ਦਾ ਮਾਹੌਲ

04:31 AM Jun 11, 2025 IST
ਹਾਰਵਰਡ ’ਚ ਪੜ੍ਹਦੇ ਭਾਰਤੀ ਵਿਦਿਆਰਥੀਆਂ ’ਚ ਬੇਯਕੀਨੀ ਦਾ ਮਾਹੌਲ
Advertisement
ਨਿਊਯਾਰਕ, 10 ਜੂਨ
Advertisement

ਹਾਰਵਰਡ ’ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੇ ਕਿਹਾ ਕਿ ਉਹ ਟਰੰਪ ਪ੍ਰਸ਼ਾਸਨ ਦੀ ਯੂੁਨੀਵਰਸਿਟੀ ਖਿਲਾਫ਼ ਲਗਾਤਾਰ ਲੜਾਈ ਦੌਰਾਨ ਬੇਯਕੀਨੀ ਤੇ ਚਿੰਤਾ ਦੇ ਦੌਰ ਵਿਚੋਂ ਲੰਘ ਰਹੇ ਹਨ। ਇਸ ਦੇ ਨਾਲ ਹੀ ਉਹ ਨੌਕਰੀ ਦੇ ਮੌਕਿਆਂ ਦੀ ਕਮੀ ਨੂੰ ਲੈ ਕੇ ਵੀ ਫ਼ਿਕਰਮੰਦ ਹਨ ਤੇ ਕਈ ਵਿਦਿਆਰਥੀ ਭਾਰਤ ਵਾਪਸੀ ਬਾਰੇ ਸੋਚ ਰਹੇ ਹਨ। ਹਾਰਵਰਡ ਇੰਟਰਨੈਸ਼ਨਲ ਆਫਿਸ ਦੀ ਵੈੱਬਸਾਈਟ ’ਤੇ ਉਪਲੱਬਧ ਅੰਕੜਿਆਂ ਮੁਤਾਬਕ ਅਕਾਦਮਿਕ ਸਾਲ 2024-25 ਲਈ ਹਾਰਵਰਡ ਯੂਨੀਵਰਸਿਟੀ ਅਧੀਨ ਸਾਰੇ ਸਕੂਲਾਂ ’ਚ ਭਾਰਤ ਦੇ 788 ਵਿਦਿਆਰਥੀ ਹਨ।

Advertisement
Advertisement

ਹਾਰਵਰਡ ਕੈਨੇਡੀ ਸਕੂਲ ਤੋਂ ਪਿਛਲੇ ਮਹੀਨੇ ਗਰੈਜੂਏਟ ਹੋਏ ਇੱਕ ਭਾਰਤੀ ਵਿਦਿਆਰਥੀ ਨੇ ਅਪੀਲ ਕਰਦਿਆਂ ਕਿਹਾ, ‘‘ਇਹ ਅਜਿਹਾ ਸਮਾਂ ਜਦੋਂ ਸਾਨੂੰ ਇਹ ਸਮਝ ਨਹੀਂ ਆ ਰਹੀ ਕਿ ਕੀ ਕੀਤਾ ਜਾਵੇ। ਕੀ ਸਾਨੂੰ ਘਰ ਮੁੜ ਜਾਣਾ ਚਾਹੀਦਾ ਹੈ ਜਾਂ ਕੋਈ ਹੱਲ ਕੱਢਣ ਲਈ ਹੀਲਾ ਕਰਨਾ ਚਾਹੀਦਾ ਹੈ।’’

ਹਾਰਵਰਡ ’ਚ ਕੁਝ ਭਾਰਤੀ ਵਿਦਿਆਰਥੀਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਗੱਲਬਾਤ ਕਰਦਿਆਂ ਪਿਛਲੇ ਕੁਝ ਮਹੀਨਿਆਂ ਦੇ ਆਪਣੇ ਤਰਜਬੇ ਤੇ ਫਿਕਰ ਸਾਂਝੇ ਕੀਤੇ, ਜਿਸ ਦੌਰਾਨ ਵੱਕਾਰੀ ਯੂਨੀਵਰਸਿਟੀ ਨੂੰ ਟਰੰਪ ਪ੍ਰਸ਼ਾਸਨ ਦੇ ਲਗਾਤਾਰ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਪ੍ਰਸ਼ਾਸਨ ਦੀ ਕਾਰਵਾਈ ’ਚ 2.2 ਅਰਬ ਡਾਲਰ ਦੀ ਗਰਾਂਟ ’ਤੇ ਰੋਕ, ਕੌਮਾਂਤਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਯੂਨਵਰਸਿਟੀ ਦੀ ਯੋਗਤਾ ਰੱਦ ਕਰਨੀ ਤੇ ਹਾਰਵਰਡ ’ਚ ਰਿਸਰਚ ਤੇ ਐਕਸਚੇਂਜ ਪ੍ਰੋਗਰਾਮਾਂ ’ਚ ਹਿੱਸਾ ਲੈਣ ਦੇ ਚਾਹਵਾਨ ਵਿਦੇਸ਼ੀ ਨਾਗਰਿਕਾਂ ਦੀ ਐਂਟਰੀ ਮੁਅੱਤਲ ਕਰਨਾ ਸ਼ਾਮਲ ਹੈ।

ਹਾਰਵਰਡ ਗਰੈਜੂਏਟ ਸਕੂਲ ਆਫ ਡਿਜ਼ਾਈਨ ਤੋਂ ਦੋ ਸਾਲਾ ਕੋਰਸ ਕਰਨ ਵਾਲੀ ਇੱਕ ਹੋਰ ਭਾਰਤੀ ਵਿਦਿਆਰਥਣ ਨੇ ਕਿਹਾ ਕਿ ਵਿਦਿਆਰਥੀ ਇਸ ਸੋਚ ਨਾਲ ਇੱਥੇ ਆਉਂਦੇ ਹਨ ਕਿ ਉਹ ਅਮਰੀਕੀ ਸੰਸਥਾਵਾਂ ’ਚ ਪੜ੍ਹਾਈ ਪੂਰੀ ਕਰਨ ਮਗਰੋਂ ਅਮਰੀਕਾ ’ਚ ਕੁਝ ਸਾਲਾਂ ਤੱਕ ਕੰਮ ਕਰ ਸਕਣਗੇ। ਪਰ ਉਸ ਨੇ ਹਾਲੀਆ ਕੁੁਝ ਮਹੀਨਿਆਂ ਦੇ ਉਤਰਾਅ-ਚੜ੍ਹਾਅ ਬਾਰੇ ਕਿਹਾ, ‘‘ਇੰਨੀ ਬੇਯਕੀਨੀ ਵਾਲੇ ਮਾਹੌਲ ’ਚ ਮੈਂ ਕਹਿ ਸਕਦੀ ਹਾਂ ਕਿ ਜੋ ਲੋਕ ਹੁਣ ਨੌਕਰੀਆਂ ਦੇ ਰਹੇ ਹਨ, ਉਹ ਆਮ ਤੌਰ ’ਤੇ ਕੌਮਾਂਤਰੀ ਵਿਦਿਆਰਥੀਆਂ ਨੂੰ ਲੈ ਕੇ ਝਿਜਕ ਮਹਿਸੂਸ ਕਰ ਰਹੇ ਹਨ। ਪਹਿਲਾਂ ਸ਼ਾਇਦ ਹਾਰਵਰਡ ਦਾ ਨਾਮ ਝਿਜਕ ਦੂਰ ਕਰ ਦਿੰਦਾ ਸੀ ਪਰ ਇਸ ਸਮੇਂ ਖਾਸਕਰ ਹਾਲੀਆ ਸਥਿਤੀ ਵਿੱਚ, ਅਜਿਹਾ ਨਹੀਂ ਹੈ।’’ ਹਾਰਵਰਡ ਕੈਨੇਡੀ ਸਕੂਲ ਦੀ ਵਿਦਿਆਰਥਣ ਨੇ ਕਿਹਾ ਕਿ ਉਹ ਨੌਕਰੀ ਦੀ ਭਾਲ ਕਰ ਰਹੀ ਹੈ। ਉਸ ਨੇ ਕਿਹਾ, ‘‘ਮਾਲਕਾਂ ਨੇ ਕਿਸੇ ਵੀ ਕੌਮਾਂਤਰੀ ਵਿਦਿਆਰਥੀ ਨੂੰ ਕੰਮ ’ਤੇ ਰੱਖਣਾ ਬੰਦ ਕਰ ਦਿੱਤਾ ਹੈ ਕਿਉਂਕਿ ਸਾਡੀ ਵੀਜ਼ਾ ਸਥਿਤੀ ਅਸਥਿਰ ਹੈ।’’ ਵਿਦਿਆਰਥਣ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਹ ਭਾਰਤ ਵਾਪਸ ਜਾਵੇਗੀ ਜਾਂ ਕਿਸੇ ਹੋਰ ਮੁਲਕ ਜਾਵੇਗੀ। ਵਿਦਿਆਰਥੀਆਂ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਗਈ ਫੰਡ ਕਟੌਤੀ ਨਾਲ ਨੀਤੀ ਖੇਤਰ, ਜਲਵਾਯੂ ਤਬਦੀਲੀ, ਸਿਹਤ ਸੰਭਾਲ ਤੇ ਜਨਤਕ ਖੇਤਰ ’ਚ ਨੌਕਰੀਆਂ ’ਤੇ ਅਸਰ ਪੈ ਰਿਹਾ ਹੈ। ਕਈ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਵਾਪਸ ਜਾਣ ਦੀ ਯੋਜਨਾ ਬਣਾਈ ਹੈ ਕਿਉਂਕਿ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਹੈ। -ਪੀਟੀਆਈ

Advertisement
Author Image

Advertisement