ਪੱਤਰ ਪ੍ਰੇਰਕਸ਼ਾਹਕੋਟ, 13 ਮਾਰਚਦਰਿਆ ਸਤਲੁਜ ਦੇ ਪੁੱਲ ਨਜ਼ਦੀਕ ਪੁਲੀਸ ਵੱਲੋਂ ਲਾਏ ਗਏ ਹਾਈਟੈੱਕ ਨਾਕੇ ਕੋਲ ਮੋਟਰਸਾਈਕਲ ਤੇ ਸਕੂਟਰੀ ਦੀ ਹੋਈ ਆਹਮੋ-ਸਾਹਮਣੇ ਟੱਕਰ ’ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਜਦੋਂਕਿ ਸਕੂਟਰੀ ਸਵਾਰ ਪਤੀ-ਪਤਨੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਜੋਗਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਚੱਕ ਬਾਹਮਣੀਆਂ ਆਪਣੇ ਮੋਟਰਸਾਈਕਲ ’ਤੇ ਆਪਣੇ ਪਿੰਡ ਵੱਲ ਜਾ ਰਿਹਾ ਸੀ। ਦੂਜੇ ਪਾਸਿਓਂ ਵਿਜੇ ਪੁੱਤਰ ਮੰਗੀ ਵਾਸੀ ਮਾਲੜੀ ਆਪਣੀ ਪਤਨੀ ਪ੍ਰੀਤਮ ਨਾਲ ਸਕੂਟਰੀ ’ਤੇ ਸ਼ਾਹਕੋਟ ਵੱਲ ਆ ਰਿਹਾ ਸੀ। ਜਿਉਂ ਹੀ ਉਕਤ ਦੋਵੇਂ ਦਰਿਆ ਸਤਲੁਜ ਦੇ ਪੁੱਲ ਨਜ਼ਦੀਕ ਪੁਲੀਸ ਵੱਲੋਂ ਲਾਏ ਹਾਈਟੈੱਕ ਨਾਕੇ ਨੇੜੇ ਪੁੱਜੇ ਤਾਂ ਇਨ੍ਹਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਦੌਰਾਨ ਦੋਵੇਂ ਧਿਰਾਂ ਗੰਭੀਰ ਰੂਪ ’ਚ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਸ਼ਾਹਕੋਟ ਲਿਆਂਦਾ ਗਿਆ। ਡਾਕਟਰਾਂ ਨੇ ਮੋਟਰਸਾਈਕਲ ਸਵਾਰ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਸਕੂਟਰੀ ਸਵਾਰ ਪਤੀ-ਪਤਨੀ ਨੂੰ ਉਚੇਰੇ ਇਲਾਜ ਲਈ ਨਕੋਦਰ ਭੇਜ ਦਿੱਤਾ। ਜਾਂਚ ਅਧਿਕਾਰੀ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ।