ਹਾਦਸੇ ਦਾ ਜ਼ਿੰਮੇਵਾਰ ਕੌਣ?
ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਮਚੀ ਭਿਆਨਕ ਭਗਦੜ ਜਿਸ ਨੇ 18 ਜਾਨਾਂ ਲੈ ਲਈਆਂ, ਕੋਈ ਹਾਦਸਾ ਨਹੀਂ ਬਲਕਿ ਯੋਜਨਾਬੰਦੀ, ਦੂਰਦ੍ਰਿਸ਼ਟੀ ਅਤੇ ਜਵਾਬਦੇਹੀ ਦੀ ਨਾਕਾਮੀ ਸੀ। ਪ੍ਰਯਾਗਰਾਜ ਵਿੱਚ ਮਹਾਂ ਕੁੰਭ ਮੇਲੇ ਲਈ ਰੇਲਗੱਡੀਆਂ ’ਚ ਚੜ੍ਹਨ ਲਈ ਇਕੱਠੀ ਹੋਈ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਦਾ ਅਨੁਮਾਨ ਲਾਉਣ ਤੇ ਵੱਡੇ ਇਕੱਠ ਨੂੰ ਸੰਭਾਲਣ ’ਚ ਪ੍ਰਸ਼ਾਸਕੀ ਤੰਤਰ ਅਸਫਲ ਹੋ ਗਿਆ ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ। ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨੇ ਘਟਨਾ ਦੇ ਲੇਖੇ-ਜੋਖੇ ਵਿੱਚ ਬੇਝਿਜਕ ਕਿਹਾ ਹੈ: ਪੂਰੀ ਜ਼ਿੰਮੇਵਾਰੀ ਰੇਲਵੇ ਮੰਤਰੀ ਦੀ ਬਣਦੀ ਹੈ। ਯਾਤਰੀਆਂ ਦੀ ਗਿਣਤੀ ਵਿੱਚ ਵਾਧੇ ਬਾਰੇ ਪਤਾ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਭੀੜ ਸੰਭਾਲਣ ਲਈ ਢੁੱਕਵੇਂ ਬੰਦੋਬਸਤ ਨਾ ਕਰ ਸਕਣਾ ਗੰਭੀਰ ਭੁੱਲ ਹੈ। ਜੇਕਰ ਖਿਆਲ ਰੱਖਿਆ ਗਿਆ ਹੁੰਦਾ ਤਾਂ ਅਜਿਹੇ ਹਾਦਸੇ ਤੋਂ ਬਚਾਅ ਹੋ ਸਕਦਾ ਸੀ। ਮਹਾਂ ਕੁੰਭ ਸਮਾਗਮ ਬਾਰੇ ਸਭ ਜਾਣਦੇ ਹਨ; ਇਸ ਦੇ ਪੱਧਰ ਅਤੇ ਰੇਲ ਆਵਾਜਾਈ ’ਤੇ ਇਸ ਦੇ ਅਸਰਾਂ ਤੋਂ ਆਮ ਲੋਕ ਵੀ ਚੰਗੀ ਤਰ੍ਹਾਂ ਜਾਣੂ ਹਨ। ਫਿਰ ਵੀ ਕਿਉਂ ਇਸ ਪੱਧਰ ਦੀ ਤ੍ਰਾਸਦੀ ਹੋਣ ਦਿੱਤੀ ਗਈ?
ਬਿਪਤਾ ਦੇ ਮੱਦੇਨਜ਼ਰ ਭਾਰਤੀ ਰੇਲਵੇ ਦੀਆਂ ਹਦਾਇਤਾਂ ਮੁਤਾਬਿਕ ਸਰਕਾਰ ਨੇ ਫੌਰੀ ਤੌਰ ’ਤੇ ਹਰ ਮ੍ਰਿਤਕ ਦੇ ਪਰਿਵਾਰ ਲਈ 10-10 ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਲਈ 2.5 ਲੱਖ ਰੁਪਏ ਦਾ ਐਲਾਨ ਕੀਤਾ ਹੈ ਹਾਲਾਂਕਿ ਸਟੇਸ਼ਨ ’ਤੇ ਨੋਟਾਂ ਦੇ ਬੰਡਲ ਫੜਾਉਣ ਦੀਆਂ ਰਿਪੋਰਟਾਂ ਨੈਤਿਕਤਾ ਦੇ ਪੈਮਾਨੇ ’ਤੇ ਸਵਾਲ ਖੜ੍ਹੇ ਕਰਦੀਆਂ ਹਨ। ਮੁਆਵਜ਼ੇ ਦੀਆਂ ਹਦਾਇਤਾਂ (2023) ਦੀ ਉਲੰਘਣਾ ਕਰ ਕੇ ਪ੍ਰਸ਼ਾਸਨ ਵੱਲੋਂ ਸ਼ਰੇਆਮ ਨੋਟ ਵੰਡਣਾ ਸਿਰਫ਼ ਜ਼ਖ਼ਮਾਂ ’ਤੇ ਲੂਣ ਛਿੜਕਣ ਦੇ ਬਰਾਬਰ ਹੈ। ਇਨ੍ਹਾਂ ਹਦਾਇਤਾਂ ਮੁਤਾਬਿਕ ਕੇਵਲ 50 ਹਜ਼ਾਰ ਰੁਪਏ ਤੱਕ ਦੀ ਨਕਦੀ ਹੀ ਵੰਡੀ ਜਾ ਸਕਦੀ ਹੈ ਜਦੋਂਕਿ ਇਸ ਦੇ ਉਲਟ ਇੰਨੀ ਵੱਡੀ ਪੱਧਰ ਉੱਤੇ ਨਕਦੀ ਵੰਡੀ ਗਈ। ਢਾਂਚਾਗਤ ਮਸਲਿਆਂ ਨੂੰ ਸੁਲਝਾਉਣ ਦੀ ਥਾਂ, ਕੀ ਨਕਦੀ ਵੰਡ ਕੇ ਸਰਕਾਰ ਆਪਣੀ ਸਾਖ਼ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ?
ਹੈਰਾਨੀ ਦੀ ਗੱਲ ਨਹੀਂ ਕਿ ਰੇਲ ਮੰਤਰੀ ਅਸ਼ਿਵਨੀ ਵੈਸ਼ਨਵ ਦੇ ਅਸਤੀਫ਼ੇ ਦੀ ਮੰਗ ਜ਼ੋਰ ਫੜ ਗਈ ਹੈ ਜਿਸ ਦੇ ਨਾਲ-ਨਾਲ ਰੇਲ ਹਾਦਸਿਆਂ ਲਈ ਦੋਸ਼ ਦੂਜਿਆਂ ਸਿਰ ਮੜ੍ਹਨ ਦੀ ਉਨ੍ਹਾਂ ਦੀ ਪੁਰਾਣੀ ਪਹੁੰਚ ਨੂੰ ਵੀ ਉਭਾਰਿਆ ਜਾ ਰਿਹਾ ਹੈ। ਭਗਦੜ ਨੂੰ ਪਹਿਲਾਂ ‘ਅਫ਼ਵਾਹ’ ਦੱਸ ਕੇ ਖਾਰਜ ਕਰਨਾ ਦਰਸਾਉਂਦਾ ਹੈ ਕਿ ਸਰਕਾਰ ਨਾਕਾਮੀਆਂ ਸਵੀਕਾਰਨ ਤੋਂ ਬਚਣਾ ਚਾਹੁੰਦੀ ਹੈ ਪਰ ਹੁਣ ਅਜਿਹਾ ਸੰਭਵ ਨਹੀਂ ਹੈ ਅਤੇ ਸੱਚਾਈ ਪ੍ਰਤੱਖ ਹੈ। ਇਤਿਹਾਸ ਗਵਾਹ ਹੈ ਕਿ ਲਾਲ ਬਹਾਦੁਰ ਸ਼ਾਸਤਰੀ ਅਤੇ ਨਿਤੀਸ਼ ਕੁਮਾਰ ਵਰਗੇ ਮੰਤਰੀਆਂ ਨੇ ਰੇਲ ਹਾਦਸਿਆਂ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫੇ ਦੇ ਦਿੱਤੇ ਸਨ। ਕੀ ਮੌਜੂਦਾ ਰੇਲ ਮੰਤਰੀ ਅਸ਼ਿਵਨੀ ਵੈਸ਼ਨਵ ਵੀ ਅਜਿਹਾ ਕਰਨਗੇ? ਅਸਤੀਫ਼ੇ ਤੋਂ ਵੀ ਵੱਧ ਜ਼ਰੂਰੀ ਹਨ ਢਾਂਚਾਗਤ ਸੁਧਾਰ। ਭਾਰਤੀ ਰੇਲਵੇ ਨੂੰ ਚਾਹੀਦਾ ਹੈ ਕਿ ਉਹ ਭੀੜ ਸੰਭਾਲਣ ਸਬੰਧੀ ਆਪਣੇ ਪ੍ਰਬੰਧਾਂ ’ਚ ਤਬਦੀਲੀ ਲਿਆਏ, ਖ਼ਾਸ ਤੌਰ ’ਤੇ ਤਿਉਹਾਰਾਂ ਅਤੇ ਉਤਸਵਾਂ ਮੌਕੇ ਹੋਣ ਵਾਲੇ ਇਕੱਠਾਂ ਦਾ ਖ਼ਾਸ ਖਿਆਲ ਰੱਖਿਆ ਜਾਵੇ ਤਾਂ ਜੋ ਅਜਿਹੀਆਂ ਤ੍ਰਾਸਦੀਆਂ ਨੂੰ ਰੋਕਿਆ ਜਾ ਸਕੇ।