ਗਗਨਦੀਪ ਅਰੋੜਾਲੁਧਿਆਣਾ, 4 ਫਰਵਰੀਸਨਅਤੀ ਸ਼ਹਿਰ ਵਿੱਚ ਸੜਕ ਹਾਦਸਿਆਂ ਦੀ ਰੋਕਥਾਮ ਅਤੇ ਕੀਮਤੀ ਜਾਨਾਂ ਬਚਾਉਣ ਲਈ ਡੀਸੀ ਜਤਿੰਦਰ ਜੋਰਵਾਲ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨ.ਐੱਚ.ਏ.ਆਈ.), ਨਗਰ ਨਿਗਮ, ਟਰੈਫਿਕ ਪੁਲੀਸ ਅਤੇ ਹੋਰਾਂ ਸਮੇਤ ਵੱਖ-ਵੱਖ ਏਜੰਸੀਆਂ ਨੂੰ ਲੁਧਿਆਣਾ ਦੀਆਂ ਸੜਕਾਂ ’ਤੇ ਸਾਰੇ 77 ਬਲੈਕ ਸਪਾਟਾਂ ਨੂੰ ਤੁਰੰਤ ਠੀਕ ਕਰਨ ਦੇ ਨਿਰਦੇਸ਼ ਦਿੱਤੇ। ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਜਿਨ੍ਹਾਂ ਵਿੱਚ ਆਰਟੀਓ, ਐੱਸਡੀਐੱਮਜ਼ ਅਤੇ ਲੁਧਿਆਣਾ ਟਰੈਫਿਕ ਪੁਲੀਸ ਅਤੇ ਖੰਨਾ ਅਤੇ ਲੁਧਿਆਣਾ ਦਿਹਾਤੀ ਟਰੈਫਿਕ ਪੁਲੀਸ ਦੇ ਅਧਿਕਾਰੀ ਸ਼ਾਮਲ ਸਨ, ਉਨ੍ਹਾਂ ਨਾਲ ਮੀਟਿੰਗ ਦੌਰਾਨ ਡੀਸੀ ਵੱਲੋਂ ਸਬੰਧਤ ਏਜੰਸੀਆਂ ਨੂੰ ਰਾਹਗੀਰਾਂ ਲਈ ਸੁਰੱਖਿਅਤ ਰਸਤਾ ਯਕੀਨੀ ਬਣਾਉਣ ਲਈ ਇਨ੍ਹਾਂ ਬਲੈਕ ਸਪਾਟਾਂ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ।ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਸਾਰੇ ਸਕੂਲਾਂ ਨੂੰ ‘ਸੇਫ਼ ਸਕੂਲ ਵਾਹਨ ਨੀਤੀ’ ਦੀ ਪਾਲਣਾ ਦੀ ਪੁਸ਼ਟੀ ਕਰਨ ਵਾਲਾ ਸਵੈ-ਘੋਸ਼ਣਾ ਪੱਤਰ ਜਮ੍ਹਾਂ ਕਰਵਾਉਣ ਲਈ ਵੀ ਕਿਹਾ ਬੇਸ਼ੱਕ ਉਨ੍ਹਾਂ ਆਵਾਜਾਈ ਸੇਵਾਵਾਂ ਆਊਟਸੋਰਸ ਕੀਤੀਆਂ ਹਨ ਜਾਂ ਨਹੀਂ। ਸਕੂਲਾਂ ਨੂੰ ਪ੍ਰਸ਼ਾਸਨ ਨੂੰ ਵਾਹਨ ਮਾਲਕਾਂ ਦੇ ਵੇਰਵੇ ਅਤੇ ਜ਼ਰੂਰੀ ਦਸਤਾਵੇਜ਼ ਪ੍ਰਦਾਨ ਕਰਨੇ ਵੀ ਲਾਜ਼ਮੀ ਹਨ।ਡਿਪਟੀ ਕਮਿਸ਼ਨਰ ਸ੍ਰੀ ਜੋਰਵਾਲ ਵੱਲੋਂ ਟਰੈਫਿਕ ਪੁਲੀਸ ਨੂੰ ਸ਼ਹਿਰ ਦੇ ਮੁੱਖ ਸਕੂਲਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਦੇ ਸਮੇਂ ਦੌਰਾਨ ਵਨ ਵੇਅ ਟਰੈਫਿਕ ਨਿਯਮ ਲਾਗੂ ਕਰਨ, ਵਾਹਨਾਂ ਦੀ ਪਾਰਕਿੰਗ ਅਤੇ ਸੜਕ ਕਿਨਾਰੇ ਰੁਕਣ ’ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਸਕੂਲਾਂ ਨੂੰ ਆਪਣੇ ਮੁੱਖ ਗੇਟ ਦੇ ਬਾਹਰ ਟਰੈਫਿਕ ਜਾਮ ਨੂੰ ਰੋਕਣ ਲਈ ਢੁਕਵੇਂ ਪਾਰਕਿੰਗ ਪ੍ਰਬੰਧ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਪੁਲੀਸ ਨੂੰ ਕਿਸੇ ਵੀ ਉਲੰਘਣਾ ਲਈ ਜੁਰਮਾਨੇ ਕਰਨ ਦੇ ਨਿਰਦੇਸ਼ ਦਿੱਤੇ।ਡਿਪਟੀ ਕਮਿਸ਼ਨਰ ਨੇ ਸਿਫਾਰਸ਼ ਕੀਤੀ ਕਿ ਸਕੂਲ ਪ੍ਰਬੰਧਨ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਅਸੁਰੱਖਿਅਤ ਆਵਾਜਾਈ ਤਰੀਕਿਆਂ ਦੀ ਵਰਤੋਂ ਦੀ ਰਿਪੋਰਟ ਕਰਨ ਬਾਰੇ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਅਧਿਕਾਰੀਆਂ ਦੁਆਰਾ ਢੁਕਵੀਂ ਕਾਰਵਾਈ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਡੀਸੀ ਸ੍ਰੀ ਜੋਰਵਾਲ ਵੱਲੋਂ ਚੀਮਾ ਚੌਕ, ਗਿੱਲ ਚੌਕ, ਸਮਰਾਲਾ ਚੌਕ, ਸਾਹਨੇਵਾਲ ਚੌਕ, ਕੋਹਾੜਾ ਚੌਕ ਅਤੇ ਵਿਸ਼ਵਕਰਮਾ ਚੌਕ ’ਚ ਟਰੈਫਿਕ ਜਾਮ ਦੇ ਮੁੱਦੇ ਬਾਰੇ ਵੀ ਚਰਚਾ ਕੀਤੀ, ਟਰੈਫਿਕ ਪੁਲੀਸ ਨੂੰ ਆਵਾਜਾਈ ਨੂੰ ਸੁਖਾਵਾਂ ਬਣਾਉਣ ਲਈ ਉਪਾਅ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਵੱਧ ਤੋਂ ਵੱਧ ਜਾਗਰੂਕਤਾ ਗਤੀਵਿਧੀਆਂ ਕਰਨ ਲਈ ਟਰਾਂਸਪੋਰਟ, ਪੁਲੀਸ, ਸਿੱਖਿਆ, ਨਗਰ ਨਿਗਮ ਅਤੇ ਹੋਰ ਵਿਭਾਗਾਂ ਵਿਚਕਾਰ ਸਹਿਯੋਗ ਦਾ ਸੱਦਾ ਦਿੱਤਾ। ਉਨ੍ਹਾਂ ਐੱਸਡੀਐੱਮਜ਼ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਸੜਕ ਸੁਰੱਖਿਆ ਜਾਗਰੂਕਤਾ ਪਹਿਲਕਦਮੀਆਂ ਕਰਨ ਦੇ ਵੀ ਨਿਰਦੇਸ਼ ਦਿੱਤੇ।