ਹਾਦਸਾ
ਕੰਨੜ ਭਾਸ਼ਾ ਦੀ ਲੇਖਿਕਾ ਬਾਨੂ ਮੁਸ਼ਤਾਕ ਨੂੰ ਇਸ ਵਰ੍ਹੇ ਦਾ ਵੱਕਾਰੀ ਬੁੱਕਰ ਪੁਰਸਕਾਰ ਮਿਲਿਆ ਹੈ। ਉਸ ਦੇ ਲਿਖੇ ਕਹਾਣੀ ਸੰਗ੍ਰਹਿ ‘ਹਾਰਟ ਲੈਂਪ’ ਕਾਰਨ ਉਸ ਦੀ ਇਸ ਪੁਰਸਕਾਰ ਲਈ ਚੋਣ ਕੀਤੀ ਗਈ ਹੈ। ਉਸ ਨੇ ਛੇ ਕਹਾਣੀ-ਸੰਗ੍ਰਹਿਆਂ, ਇੱਕ ਨਾਵਲ, ਇੱਕ ਲੇਖ ਸੰਗ੍ਰਹਿ ਅਤੇ ਇੱਕ ਕਾਵਿ-ਸੰਗ੍ਰਹਿ ਦੀ ਰਚਨਾ ਕੀਤੀ ਹੈ। ਉਸ ਦੀਆਂ ਰਚਨਾਵਾਂ ਉਰਦੂ, ਹਿੰਦੀ, ਮਲਿਆਲਮ, ਤਾਮਿਲ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਹੋਈਆਂ ਹਨ। ਹਥਲੀ ਕਹਾਣੀ ‘ਹਾਦਸਾ’ ਨੂੰ ਪੰਜਾਬੀ ਰੂਪ ਲਵਲੀਨ ਜੌਲੀ (ਸੰਪਰਕ: +91-97779-29702) ਨੇ ਦਿੱਤਾ ਹੈ।
ਹਿਰ ਤੋਂ ਬਾਹਰ ਤਲਾਅ ਕੰਢੇ ਖੁੰਬਾਂ ਵਾਂਗ ਉੱਗੀਆਂ ਝੌਂਪੜੀਆਂ ਵਿੱਚ ਅਖ਼ੀਰਲੀ ਉਸ ਦੀ ਸੀ। ਚਾਰ ਪੰਜ ਵਾਰੀ ਪ੍ਰਸ਼ਾਸਨ ਵਾਲੇ ਇਨ੍ਹਾਂ ਨੂੰ ਢਾਹ ਗਏ ਸਨ, ਪਰ ਮਨੁੱਖ ਦੀ ਛੱਤ ਦੀ ਲੋੜ ਸਾਹਮਣੇ ਹਾਰ ਕੇ ਚੁੱਪ ਕਰ ਗਏ। ਉਸ ਨੇ ਆਪ ਆਪਣੇ ਹੱਥਾਂ ਨਾਲ ਮਿੱਟੀ ਦੀ ਕੰਧ ਉਸਾਰ ਕੇ ਉੱਪਰ ਛੱਪਰ ਪਾਇਆ ਸੀ। ਉਸ ਕੋਲ ਜੋ ਪੈਸਾ ਧੇਲਾ ਸੀ, ਉਹ ਝੌਂਪੜੀ ਬਣਾਉਣ ਵਿੱਚ ਲੱਗ ਗਿਆ ਸੀ। ਜੇ ਤਲਾਅ ਵਿੱਚ ਪਾਣੀ ਵਧ ਗਿਆ ਤਾਂ ਉਸ ਦੀ ਝੌਂਪੜੀ ਨੂੰ ਸਭ ਤੋਂ ਪਹਿਲਾਂ ਨਿਗਲੇਗਾ, ਇਹ ਭਵਿੱਖਬਾਣੀ ਸਾਰਿਆਂ ਨੇ ਕੀਤੀ ਸੀ। ਦੋ ਦਿਨਾਂ ਤੋਂ ਮੀਂਹ ਪੈ ਰਿਹਾ ਸੀ, ਪਰ ਪਾਣੀ ਉਸ ਦੀ ਝੌਂਪੜੀ ਤੋਂ ਚੋਖਾ ਦੂਰ ਸੀ। ਫਿਰ ਵੀ ਉਹ ਕਿੰਨੀ ਵਾਰੀ ਝੌਂਪੜੀ ਦਾ ਬੂਹਾ ਖੋਲ੍ਹ ਕੇ ਬਾਹਰ ਦੇਖਣ ਗਈ ਤੇ ਹਰ ਵਾਰੀ ਡੂੰਘਾ ਸਾਹ ਲੈਂਦੀ। ਝੌਂਪੜੀ ਦੀ ਛੱਤ ਸਾਰੀ ਰਾਤ ਚੋਂਦੀ ਰਹੀ। ਉਸ ਨੇ ਪਾਣੀ ’ਕੱਠਾ ਕਰਨ ਲਈ ਕਈ ਥਾਵਾਂ ’ਤੇ ਭਾਂਡੇ ਰੱਖ ਦਿੱਤੇ ਸਨ। ਵੀਹ ਦਿਨ ਪਹਿਲਾਂ ਉਸ ਦੀ ਧੀ ਨੇ ਬੱਚੇ ਨੂੰ ਜਨਮ ਦਿੱਤਾ ਸੀ। ਨਿੱਕੇ ਜਿਹੇ ਬਾਲ ਨੂੰ ਗੋਦੀ ’ਚ ਲਈ ਸਾਰੀ ਰਾਤ ਉਸ ਦੀ ਧੀ ਝੌਂਪੜੀ ਵਿੱਚ ਸੁੱਕੀ ਥਾਂ ਲੱਭਦੀ ਦੁਖੀ ਹੋ ਗਈ ਸੀ।
ਰਾਤ ਨੂੰ ਵਾਪਰੀ ਇੱਕ ਹੋਰ ਘਟਨਾ ਨੇ ਤਾਂ ਉਸ ਦੇ ਰੌਂਗਟੇ ਖੜ੍ਹੇ ਕਰ ਦਿੱਤੇ। ਸਾਰੀ ਰਾਤ ਉਹ ਅੰਦਰ ਬਾਹਰ ਭੱਜਦੀ ਰਹੀ। ਇਹ ਦੇਖਣ ਲਈ ਕਿ ਤਲਾਅ ਵਿੱਚ ਕਿੰਨਾ ਪਾਣੀ ਚੜ੍ਹ ਗਿਆ ਹੈ। ਭਾਂਡਿਆਂ ਵਿੱਚ ’ਕੱਠੇ ਹੋਏ ਪਾਣੀ ਨੂੰ ਬਾਹਰ ਡੋਲਦੀ ਰਹੀ। ਜਦੋਂ ਉਹ ਅੰਦਰ ਆਈ ਤਾਂ ਅੱਧੀ ਰਾਤ ਬੀਤ ਚੁੱਕੀ ਸੀ। ਥੱਕੀ ਹਾਰੀ ਉਹ ਇੱਕ ਚੌਕੀ ’ਤੇ ’ਕੱਠੀ ਹੋ ਕੇ ਬਹਿ ਗਈ। ਉਸ ਦੇ ਸਿਰ ’ਤੇ ਪਾਣੀ ਦੀਆਂ ਬੂੰਦਾਂ ਡਿੱਗਣ ਲੱਗੀਆਂ ਤਾਂ ਉਸ ਦੀ ਅੱਖ ਖੁੱਲ੍ਹੀ। ਪਤਾ ਨਹੀਂ ਉਹ ਕਿੰਨਾ ਚਿਰ ਸੁੱਤੀ ਰਹੀ ਸੀ।
ਲੈਂਪ ਦੀ ਫਿੱਕੀ ਜਿਹੀ ਰੋਸ਼ਨੀ ਵਿੱਚ ਵੇਖਣ ਲੱਗੀ ਕਿ ਧੀ ਕਿੱਥੇ ਸੀ। ਉਹ ਚੁੱਲ੍ਹੇ ਕੋਲ ਕੰਧ ਨਾਲ ਢੋਅ ਲਾ ਕੇ ਇੱਕ ਚੌਕੀ ’ਤੇ ਬੈਠੀ ਸੀ। ਵਿਚਾਰੀ ਆਰਾਮ ਨਾਲ ਸੌਂ ਵੀ ਨਹੀਂ ਸੀ ਸਕਦੀ। ਉੱਧਰ ਵੇਖ ਕੇ ਤਾਂ ਉਹ ਸੁੰਨ ਹੋ ਗਈ। ਇੱਕ ਫੁੱਟ ਲੰਮਾ, ਚਾਰ ਲੱਤਾਂ ਅਤੇ ਮੋਟੀ ਪੂਛ, ਪਿੱਠ ’ਤੇ ਕੰਡੇ, ਲਾਲ ਹਰੇ ਰੰਗ ਦਾ ਜਾਨਵਰ ਹੌਲੀ ਹੌਲੀ ਉਸ ਦੀ ਧੀ ਵੱਲ ਵਧ ਰਿਹਾ ਸੀ। ਹੁਣ ਖੜ੍ਹ ਕੇ ਵੇਖਦੇ ਰਹਿਣਾ ਸੰਭਵ ਨਹੀਂ ਸੀ। ਹੌਲੀ ਹੌਲੀ ਉਸ ਦੇ ਪੈਰਾਂ ਵਿੱਚ ਜਾਨ ਆਈ। ਝੱਟ ਹੀ ਝੌਂਪੜੀ ਦਾ ਦਰਵਾਜ਼ਾ ਖੋਲ੍ਹਿਆ ਤੇ ਬਿਜਲੀ ਦੀ ਤੇਜ਼ੀ ਨਾਲ ਧੀ ਕੋਲ ਜਾ ਕੇ ਜ਼ੋਰ ਦੀ ਠੁੱਡਾ ਮਾਰਿਆ ਤੇ ਉਹ ਜਾਨਵਰ ਬੂਹੇ ਕੋਲ ਜਾ ਕੇ ਡਿੱਗਾ। ਉਸ ਨੇ ਚੀਕਣਾ ਸ਼ੁਰੂ ਕੀਤਾ। ਉਸ ਦੀ ਚੀਕ ਸੁਣ ਕੇ ਉਸ ਦੀ ਧੀ ਨੇ ਅੱਖਾਂ ਖੋਲ੍ਹੀਆਂ, ਪਰ ਕਿਸੇ ਹੋਰ ਝੌਂਪੜੀ ਦਾ ਬੂਹਾ ਨਾ ਖੁੱਲ੍ਹਿਆ।
ਪਹਿਲਾਂ, ਬਹੁਤ ਪਹਿਲਾਂ ਉਸ ਦਾ ਵੀ ਇੱਕ ਨਾਂ ਸੀ। ਜਦੋਂ ਉਹ ਲਹਿੰਗਾ ਚੋਲੀ ਪਾ ਕੇ ਬਰਸਾਤ ਵਿੱਚ ਭਿੱਜਦੀ, ਮੀਂਹ ਦੀਆਂ ਬੂੰਦਾਂ ਨਾਲ ਖੇਡਦੀ ਸੀ। ਜਦੋਂ ਉਸ ਨੇ ਪਹਿਲੀ ਵਾਰੀ ਸਾੜ੍ਹੀ ਪਾਈ ਸੀ, ਪਹਿਲੀ ਵਾਰੀ ਕੋਈ ਉਸ ਦੀ ਠੋਡੀ ਉੱਪਰ ਕਰ ਕੇ, ਉਸ ਦੀਆਂ ਅੱਖਾਂ ਵਿੱਚ ਝਾਕਿਆ ਸੀ ਤੇ ਉਸ ਨੇ ਸ਼ਰਮਾ ਕੇ ਅੱਖਾਂ ਬੰਦ ਕਰ ਲਈਆਂ ਸਨ। ਉਹ ਦੁਲਹਨ ਬਣੀ ਸੀ। ਪਤੀ ਦੀਆਂ ਮਜ਼ਬੂਤ ਬਾਹਵਾਂ ਦੇ ਆਲਿੰਗਨ ਨੇ ਉਸ ਨੂੰ ਘੁੱਟ ਲਿਆ। ਜਦੋਂ ਕਦੇ ਪਤੀ ਨੂੰ ਗੁੱਸਾ ਆਉਂਦਾ ਤਾਂ ਉਹ ਉਸ ਦਾ ਸਿਰ ਫੜ ਕੇ ਕੰਧ ਨਾਲ ਪਟਕਦਾ। ਉਦੋਂ ਵੀ ਉਸ ਦਾ ਇੱਕ ਨਾਮ ਸੀ। ਹੌਲੀ ਹੌਲੀ ਸਮਾਂ, ਉਸ ਦੇ ਚਿਹਰੇ ’ਤੇ ਸਿੱਧੀਆਂ ਲੀਕਾਂ, ਤ੍ਰਿਕੋਣ, ਟੇਢੀਆਂ ਲੀਕਾਂ ਆਦਿ ਰੇਖਾ ਗਣਿਤ ਦੇ ਸਾਰੇ ਚਿੰਨ੍ਹ ਛੱਡਦਾ ਗਿਆ। ਗਰਮੀ, ਠੰਢ, ਧੁੱਪ ਅਤੇ ਮੀਹਾਂ ਦੀ ਮਾਰ ਸਹਿੰਦੇ ਹੋਏ, ਢਿੱਡ ਦੀ ਅੱਗ ਨੂੰ ਸ਼ਾਂਤ ਕਰਨ ਲਈ ਉਸ ਨੇ ਇੱਕ ਮਟਮੈਲੀ ਜਿਹੀ ਚਾਦਰ ਲਪੇਟ ਲਈ ਅਤੇ ਮਾਤਮ ਵਾਲੇ ਘਰਾਂ ਵੱਲ ਤੁਰ ਪਈ। ਰੋਣ ਪਿੱਟਣ ਦੀਆਂ ਆਵਾਜ਼ਾਂ ਤੋਂ ਉਹ ਬੇਲਾਗ ਹੋ ਗਈ। ਉਹ ਸਾਹਮਣੇ ਪਈਆਂ ਨਿਰਜੀਵ ਦੇਹਾਂ ਨੂੰ ਨੁਹਾਉਣ ਲੱਗ ਗਈ। ਉਨ੍ਹਾਂ ’ਤੇ ਇਤਰ ਲਗਾਉਂਦੀ, ਮਾਚਸ ਦੀ ਤੀਲੀ ਫੜ੍ਹ ਕੇ ‘ਲਾ ਇਲਾਹ ਇਲੱਲਾਲਲਾਹ ਮੁਹਮੁਦੁਰਰ ਰਸੂਲਲਲਾਹ’ ਕਲਮਾ ਲਿਖਦੀ। ਫਿਰ ਕਿਤੇ ਪੇਟ ਦੀ ਅੱਗ ਸ਼ਾਂਤ ਹੁੰਦੀ ਅਤੇ ਉਹ ਇਸ ਤਰ੍ਹਾਂ ਗੁਸਲਿਨ ਮੌਸੀ ਬਣ ਗਈ- ਲਾਸ਼ਾਂ ਨੂੰ ਗੁਸਲ ਯਾਨੀ ਇਸ਼ਨਾਨ ਕਰਾਉਣ ਵਾਲੀ।
ਸਵੇਰੇ ਸੂਰਜ ਦੀਆਂ ਕਿਰਨਾਂ ਨੂੰ ਵੇਖ ਕੇ ਲਗਾਤਾਰ ਵੱਸਦਾ ਮੀਂਹ ਵੀ ਆਰਾਮ ਕਰਨ ਲੱਗਾ। ਠੰਢੀ ਜ਼ਮੀਨ ’ਤੇ ਪਤਲੇ ਜਿਹੇ ਗੱਦੇ ਉੱਤੇ ਚਟਾਈ ਵਿਛਾ ਕੇ ਉਸ ਦੀ ਧੀ ਹਸੀਨਾ ਸੁੱਤੀ ਪਈ ਸੀ। ਧੁੱਪ ਨਿਕਲਦੀ ਵੇਖ ਉਹ ਗਿੱਲੇ ਕੱਪੜੇ ਬਾਹਰ ਪਾਉਣ ਲੱਗੀ। ਚਿੱਕੜ ਲੱਗੇ ਪੈਰਾਂ ਨੂੰ ਧੋ ਕੇ ਅੰਦਰ ਆਈ ਤੇ ਪਏ ਡੱਬੇ ਖੋਲ੍ਹ ਕੇ ਵੇਖਣ ਲੱਗੀ। ਲਪੇਟ ਕੇ ਰੱਖੇ ਲਿਫ਼ਾਫ਼ੇ, ਪਲਾਸਟਿਕ ਦੇ ਲਿਫ਼ਾਫ਼ੇ ਵੀ ਖੋਲ੍ਹ ਕੇ ਵੇਖੇ। ਕਿਸੇ ਵਿੱਚ ਵੀ ਕੌਫ਼ੀ ਪਾਊਡਰ ਤਾਂ ਕੀ, ਉਸ ਦੀ ਧੂੜ ਵੀ ਨਹੀਂ ਸੀ। ‘ਯਾ ਅੱਲਾਹ’ ਕਹਿ ਕੇ ਉਸ ਨੇ ਹਉਕਾ ਭਰਿਆ। ਇਹ ਸਿਰਫ਼ ਕੌਫ਼ੀ ਲਈ ਨਹੀਂ ਸੀ। ਕੌਫ਼ੀ ਦੇ ਫੁੱਲਾਂ ਦੀ ਮਹਿਕ ਨਾਲ ਲਹਿਰਾਉਂਦੀਆਂ ਆਈਆਂ ਭੁੱਲੇ ਵਿਸਰੇ ਦਿਨਾਂ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਵੀ ਇਸ ਵਿੱਚ ਸਨ। ਲਗਾਤਾਰ ਲੱਗੀ ਮੀਂਹ ਦੀ ਝੜੀ ਤੋਂ ਜ਼ਰਾ ਵੀ ਨਾ ਡਰਦੀਆਂ, ਸਿਰ ਚੁੱਕ ਕੇ ਖੜ੍ਹੀਆਂ ਘਰਾਂ ਦੀਆਂ ਕਤਾਰਾਂ ਅਤੇ ਉਨ੍ਹਾਂ ਅੰਦਰ ਮਹਿਕਾਂ ਛੱਡਦੀ ਸਵਾਦੀ ਕੌਫ਼ੀ। ਸਾਰੀਆਂ ਗੱਲਾਂ ਇੱਧਰੋਂ ਉੱਧਰੋਂ ਆ ਕੇ ਉਸ ਦੇ ਮਨ ਵਿੱਚ ਝਾਕ ਕੇ ਲੁਕ ਗਈਆਂ। ਅਚਾਨਕ ਉਸ ਨੂੰ ਹਾਸਾ ਆ ਗਿਆ। ਉਸ ਦੀਆਂ ਅੱਖਾਂ ਸਾਹਮਣੇ ਕੌਫ਼ੀ ਦੇ ਬਾਗ਼ ਦੇ ਮਾਲਕ ਦਾ ਬੰਗਲਾ ਆ ਗਿਆ। ਬੰਗਲੇ ਵਿੱਚ ਸਿਰਫ਼ ਉਹ ਹੀ ਨਹੀਂ, ਸਾਰੇ ਮਜ਼ਦੂਰ, ਮਿਸਤਰੀ, ਨੌਕਰ ਚਾਕਰ ਸਾਰੇ ਉਸ ਤੋਂ ਡਰਦੇ ਸਨ। ਉਹ ਖਾਣਾ ਬਣਾਉਂਦੀ ਸੀ। ਉਸ ਦੀ ਮਾਲਕਣ ਉਸ ਨੂੰ ਹੁਕਮ ਦਿੰਦੀ ਰਹਿੰਦੀ ਸੀ- ‘‘ਮਰੀਅਮ, ਜਮੀਲ ਸਾਹਿਬ ਨੂੰ ਦੁੱਧ ਪਿਆ ਦੇ। ਮਰੀਅਮ, ਇੱਧਰ ਵੇਖ, ਅਨਵਰ ਸਾਹਿਬ ਅਕਰਮ ਦਾ ਨੱਕ ਵਗਦਾ ਪਿਐ। ਚੁੱਕ ਕੇ ਲੈ ਜਾ ਤੇ ਧੋ ਕੇ ਸਾਫ਼ ਕਰ।’’ ਮਰੀਅਮ ਹੈਰਾਨ ਰਹਿ ਜਾਂਦੀ ਕਿ ਇਹ ਛੋਟੇ ਜੰਮਦੇ ਹੀ ਸਾਹਿਬ ਕਿਵੇਂ ਬਣ ਗਏ? ਫਿਰ ਉਨ੍ਹਾਂ ਦੀ ਮਾਂ ਵੀ ਤਾਂ ਸਾਹਿਬ ਸੀ। ਹੌਲੀ ਹੌਲੀ ਇਹ ਸਭ ਸੁਣਨ ਦੀ ਆਦਤ ਪੈ ਗਈ। ਹੌਲੀ ਹੌਲੀ ਭੁੱਲੇ-ਵਿਸਰੇ ਉਨ੍ਹਾਂ ਬਰਸਾਤ ਦੀਆਂ ਝੜੀਆਂ ਦੇ ਦਿਨਾਂ ਅਤੇ ਕੌਫ਼ੀ ਦੀ ਮਜ਼ੇਦਾਰ ਖੁਸ਼ਬੋ ਵਾਂਗ ਉਸ ਦੀ ਜਵਾਨੀ ਦੀ ਟੌਹਰ, ਰੋਮਾਂਚ ਅਤੇ ਜੋਸ਼ ਸਭ ਗਾਇਬ ਹੁੰਦੇ ਗਏ।
ਆਹ! ਉਹ ਫਿਰ ਅਸਲੀਅਤ ਦੀ ਦੁਨੀਆ ਵਿੱਚ ਪਰਤ ਆਈ। ਉਂਗਲਾਂ ’ਤੇ ਹਿਸਾਬ ਕਰਕੇ ਗਿਣਨ ਲੱਗੀ। ਅੱਜ ਅਠਾਈ ਦਿਨ ਹੋ ਗਏ ਸਨ। ਉਹ ਕੰਮ ’ਤੇ ਨਹੀਂ ਸੀ ਗਈ। ਤੌਬਾ! ਕਿਵੇਂ ਚਲੇਗਾ। ਸਿਰਫ਼ ਢਿੱਡ ਭਰਨ ਦੀ ਹੀ ਗੱਲ ਨਹੀਂ ਸੀ। ਹਸੀਨਾ ਨੂੰ ਚਾਲੀ ਦਿਨਾਂ ਬਾਅਦ ਇੱਕ ਸਾੜ੍ਹੀ, ਉਸ ਦੇ ਬੱਚੇ ਲਈ ਕੱਪੜੇ, ਜਵਾਈ ਲਈ ਸੌਗਾਤ, ਧੀ ਨੂੰ ਲੈਣ ਆਏ ਉਸ ਦੇ ਸਹੁਰੇ ਵਾਲਿਆਂ ਨੂੰ ਖਾਣਾ ਖੁਆਉਣਾ ਤੇ ਇਸ ਝੌਂਪੜੀ ਦੇ ਛੱਪਰ ਲਈ ਨਾਰੀਅਲ ਦੇ ਪੱਤੇ ਆਦਿ ਚਾਹੀਦੇ ਸਨ। ਹਾਏ! ਮੇਰੀਆਂ ਲੋੜਾਂ ਦਾ ਤਾਂ ਕੋਈ ਅੰਤ ਹੀ ਨਹੀਂ।
ਇਸ ਦਾ ਅਰਥ ਇਹ ਨਹੀਂ ਸੀ ਕਿ ਪਿਛਲੇ ਅਠਾਈ ਦਿਨਾਂ ਵਿੱਚ ਇਸ ਸ਼ਹਿਰ ਵਿੱਚ ਕੋਈ ਮਰਿਆ ਹੀ ਨਹੀਂ ਸੀ। ਅਸਲ ਵਿੱਚ, ਇਸ ਸ਼ਹਿਰ ਵਿੱਚ ਨੂਰਾਨੀ ਮਸਜਿਦ ਤੋਂ ਲੈ ਕੇ ਜਾਰੀਆ ਮਸਜਿਦ ਤੱਕ, ਅੱਠ ਮਸਜਿਦਾਂ ਦੇ ਇਲਾਕੇ ਵਿੱਚ ਜਮੀਲਾ ਬੀ ਨੂੰ ਗੁਸਲ ਦਾ ਕੰਮ ਸੌਂਪਿਆ ਗਿਆ ਸੀ। ਉਸ ਪਾਸੇ ਪੰਜ ਛੇ ਜ਼ਨਾਨੀਆਂ ਦੀ ਮੌਤ ਹੋਈ ਸੀ।
ਮਰੀਅਮ ਦੇ ਇਲਾਕੇ ਵਿੱਚ ਜੇ ਔਰਤਾਂ ਨੇ ਨਾ ਮਰਨ ਦੀ ਠਾਣ ਲਈ ਤਾਂ ਉਸ ਦਾ ਜਿਉਂਦੇ ਰਹਿਣਾ ਮੁਸ਼ਕਿਲ ਹੋ ਜਾਵੇਗਾ। ਉਹ ਬੜੀ ਦੁਖੀ ਸੀ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਕਰੇ? ਉਸ ਦੀ ਸੋਚਣ ਦੀ ਤਾਕਤ ਜਿਵੇਂ ਜਵਾਬ ਦੇ ਰਹੀ ਸੀ। ਅਚਾਨਕ ਉਸ ਨੂੰ ਖ਼ਿਆਲ ਆਇਆ ਕਿ ਉਹ ਵੀ ਕਬਰਿਸਤਾਨ ਵਿੱਚ ਰਹਿਣ ਵਾਲੇ ਰਹੀਮ ਵਾਂਗ ਹੀ ਕਿਉਂ ਨਾ ਕਰੇ। ਰਹੀਮ ਕਬਰਾਂ ਪੁੱਟਣ ਦਾ ਕੰਮ ਕਰਦਾ ਸੀ। ਇਸ ਵਾਂਗੂੰ ਜਦੋਂ ਸ਼ਹਿਰ ਦੇ ਲੋਕ ਨਾ ਮਰਨ ਦਾ ਨਿਰਣਾ ਕਰ ਕੇ ਬਹਿ ਜਾਂਦੇ ਤਾਂ ਉਹ ਰਾਤੀਂ ਚੁੱਪਚਾਪ ਉੱਠਦਾ ਤੇ ਕੁਦਾਲੀ ਲੈ ਕੇ ਕਿਸੇ ਕਬਰ ਕੋਲ ਜਾਂਦਾ, ਕੁਦਾਲੀ ਨਾਲ ਉੱਥੇ ਟੱਕ ਲਾਉਂਦਾ ਤੇ ਜਾ ਕੇ ਆਰਾਮ ਨਾਲ ਸੌਂ ਜਾਂਦਾ। ਲਓ, ਸਵੇਰੇ ਉਸ ਨੂੰ ਕਬਰ ਪੁੱਟਣ ਦਾ ਆਰਡਰ ਮਿਲ ਜਾਂਦਾ। ਮੈਂ ਵੀ ਕਿਉਂ ਨਾ ਇਵੇਂ ਹੀ ਕਰਾਂ? ਜੇ ਟੱਕ ਲਾਈ ਕਬਰ ਕਿਸੇ ਮਰਦ ਦੀ ਨਿਕਲ ਆਈ ਤਾਂ ਉਸ ਨਾਲ ਮੈਨੂੰ ਕੀ ਫ਼ਾਇਦਾ ਹੋਵੇਗਾ? ਜਾਂ ਜੇ ਮੇਰੀ ਕੋਸ਼ਿਸ਼ ਦਾ ਫ਼ਲ ਜਮੀਲਾ ਬੀ ਨੂੰ ਮਿਲ ਗਿਆ? ‘ਯਾ ਅੱਲਾਹ! ਗੈਬ ਨੇਵਾਲੀ! ਯਾ ਦਸਤਗੀਰ! ਯਾ...’’ ਉਸ ਦਾ ਮੂੰਹ ਖੁੱਲ੍ਹਾ ਹੀ ਰਹਿ ਗਿਆ। ਜਦੋਂ ਕਦਮਾਂ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਧੌਣ ਚੁੱਕ ਕੇ ਵੇਖਿਆ। ਗੁਲਾਬੀ ਰੰਗ ਦੇ ਚਿਹਰੇ ’ਤੇ ਕਾਲੀ ਦਾੜ੍ਹੀ ਦਿਸੀ। ਦੂਸਰਾ ਸਾਂਵਲੇ ਰੰਗ ਦਾ ਬੌਣਾ ਆਦਮੀ ਸੀ। ਦੋਵੇਂ ਦਰਵਾਜ਼ੇ ਕੋਲ ਆ ਕੇ ਖੜੋ ਗਏ।
‘‘ਮਰੀਅਮ ਬੀ...’’ ਬੌਣੇ ਨੇ ਆਵਾਜ਼ ਮਾਰੀ, ‘‘ਠੇਕੇਦਾਰ ਆਦਮ ਸਾਹਿਬ ਦੇ ਘਰ ਦਾ ਤਾਂ ਪਤਾ ਹੋਵੇਗਾ। ਫੌਰਨ ਉੱਥੇ ਪਹੁੰਚਣਾ ਹੈ।’’
ਮਰੀਅਮ ਬੀ ਦੇ ਦਿਲ ਦੀ ਧੜਕਣ ਇਕਦਮ ਤੇਜ਼ ਹੋ ਗਈ। ਉਸ ਨੇ ਆਪਣੇ ਉਛਲਦੇ ਦਿਲ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਿਆਂ ਅਤੇ ਆਪਣੀ ਉਤਸੁਕਤਾ ਨੂੰ ਦਬਾਉਂਦਿਆਂ ਸਾਧਾਰਨ ਆਵਾਜ਼ ਵਿੱਚ ਪੁੱਛਿਆ, ‘‘ਕੀ ਹੋਇਆ ਉਨ੍ਹਾਂ ਦੇ ਘਰ?’’
‘‘ਉਨ੍ਹਾਂ ਦੀ ਨੂੰਹ ਗੁਜ਼ਰ ਗਈ ਹੈ।’ ਕਾਲੀ ਦਾੜ੍ਹੀ ਵਾਲੇ ਨੇ ਜਵਾਬ ਦਿੱਤਾ।
ਕਿਸੇ ਦੇ ਮਰਨ ਦੀ ਖ਼ਬਰ ਸੁਣ ਕੇ ਇਕਦਮ ‘ਵਿਚਾਰੀ’ ਕਹਿਣਾ ਵੀ ਭੁੱਲ ਗਈ। ‘ਇਲਲਿਲਾਹੀ ਵ ਇਲਇਲਾਹੀ ਰਾਜੀਵੂਨ’ ਜੋ ਕਹਿਣਾ ਚਾਹੀਦਾ ਸੀ ਉਹ ਵੀ ਨਾ ਕਿਹਾ।
‘‘ਉਨ੍ਹਾਂ ਦੀ ਬੇਟੀ ਵੀ,’’ ਬੌਣੇ ਵਿਅਕਤੀ ਨੇ ਕਿਹਾ।
ਉਸ ਦੀਆਂ ਨਾੜਾਂ ਵਿੱਚ ਖ਼ੂਨ ਦਾ ਦੌਰਾ ਤੇਜ਼ ਹੋ ਗਿਆ। ਜੀਵਨ ਪਰਵਾਹ ਚਾਲੂ ਹੋ ਗਿਆ। ਸਾਰਾ ਸੰਕਟ ਦੂਰ ਹੋ ਗਿਆ।
‘‘ਨਾਲ ਹੀ ਉਨ੍ਹਾਂ ਦੀ ਪੋਤੀ ਦੀ ਵੀ ਮੌਤ ਹੋ ਗਈ ਹੈ।’’ ਕਾਲੀ ਦਾੜ੍ਹੀ ਵਾਲੇ ਨੇ ਕਿਹਾ।
ਮਰੀਅਮ ਬੀ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਇਨ੍ਹਾਂ ਹੱਥਾਂ ਵਿੱਚ ਏਨਾ ਬਲ ਕਿੱਥੋਂ ਆ ਗਿਆ? ਕਿਤੇ ਉਸ ਦੇ ਪਰ ਤਾਂ ਨਹੀਂ ਨਿਕਲ ਆਏ? ਉਸ ਦਾ ਮਨ ਖ਼ੁਸ਼ੀ ਨਾਲ ਉਛਲ ਰਿਹਾ ਸੀ। ਜਲਦੀ ਨਾਲ ਉਸ ਨੇ ਆਪਣੀ ਪੁਰਾਣੀ ਚਾਦਰ ਕੱਢੀ ਤੇ ਸਿਰ ’ਤੇ ਪਾ ਲਈ। ਬੂਹੇ ਕੋਲ ਜਾ ਕੇ ਧੀ ਨੂੰ ਆਵਾਜ਼ ਮਾਰੀ, ‘‘ਏ ਹਸੀਨਾ ਦਰਵਾਜ਼ਾ ਬੰਦ ਕਰ ਲੈ ਧੀਏ। ਮੈਂ ਕੰਮ ’ਤੇ ਜਾ ਰਹੀ ਹਾਂ, ਆਉਣ ਵਿੱਚ ਦੇਰ ਹੋ ਸਕਦੀ ਹੈ।’’
ਵੱਡੇ ਵੱਡੇ ਕਦਮ ਪੁੱਟਦੀ ਜਾ ਰਹੀ ਉਹ ਸੋਚਣ ਲੱਗੀ, ‘ਇੱਕ ਹੀ ਘਰ ਵਿੱਚ ਤਿੰਨ - ਉਹ ਵੀ ਕੋਈ ਬਿਮਾਰ ਨਹੀਂ ਸਨ, ਬੁੱਢੀਆਂ ਵੀ ਨਹੀਂ ਸਨ - ਕਿਵੇਂ ਮਰ ਗਈਆਂ?’ ਮੈਂ ਪੁੱਛਿਆ ਹੀ ਨਹੀਂ।
ਉਸ ਦੇ ਕਦਮ ਤੇਜ਼ ਹੋ ਗਏ। ਆਦਮ ਸਾਹਿਬ ਦੇ ਘਰ ਸਾਹਮਣੇ ਲੱਗਾ ਸ਼ਾਮਿਆਨਾ, ਚਿੱਟੇ ਪਜਾਮੇ, ਚਿੱਟੀਆਂ ਕਮੀਜ਼ਾਂ ਤੇ ਸਿਰਾਂ ’ਤੇ ਸਫੇਦ ਰੰਗ ਦਾ ਕੱਪੜਾ ਜਾਂ ਸਫੈਦ ਟੋਪੀਆਂ ਪਾ ਕੇ ਖੜ੍ਹੇ ਮਰਦਾਂ ਦਾ ’ਕੱਠ, ਇੱਧਰ ਉੱਧਰ ਖੜ੍ਹੇ ਬੱਚੇ। ਸ਼ਾਮਿਆਨੇ ਕੋਲ ਪਹੁੰਚਦੇ ਹੀ ਕੋਈ ਬਹੁਤ ਵੱਡਾ ਕੰਮ ਕਰਨ ਵਾਲੇ ਅਧਿਕਾਰੀ ਦੀ ਤਰ੍ਹਾਂ ਉਸ ਦੇ ਕਦਮ ਹੌਲੀ ਹੋ ਗਏ। ਪਹੁੰਚਦਿਆਂ ਹੀ ਉਸ ਦੀ ਨਜ਼ਰ ਘਰ ਅੱਗੇ ਦਾਨ ਕਰਨ ਲਈ ਰੱਖੇ ਕਣਕ, ਚੌਲ ਤੇ ਲੂਣ ਦੇ ਬੋਰਿਆਂ ’ਤੇ ਪਈ। ਇੱਕ ਵਾਰੀ ਤਾਂ ਉਸ ਦੇ ਮਨ ਵਿੱਚ ਆਇਆ ਉਹ ਆਪਣੀ ਚਾਦਰ ਇਨ੍ਹਾਂ ਨਾਲ ਭਰ ਲਵੇ। ਅਗਲੇ ਹੀ ਪਲ ਸੋਚਿਆ, ‘ਛੀ। ਮੈਂ ਕੋਈ ਮੰਗਤੀ ਹਾਂ। ਮੈਂ ਗੁਸਲ ਕਰਨ ਵਾਲੀ ਹਾਂ... ਮੈਂ ਕਿਉਂ ਮੰਗਾਂ? ਮੈਨੂੰ ਤਾਂ ਮੇਰੀ ਮਿਹਨਤ ਦਾ ਸੇਵਾਫ਼ਲ ਇਸ ਤੋਂ ਵੱਧ ਮਿਲੇਗਾ। ਮੈਂ ਆਪਣੀ ਮਾਣ ਮਰਿਆਦਾ ਕਿਉਂ ਗੁਆਵਾਂ? ਉਸ ਨੇ ਅਜੇ ਕਦਮ ਰੱਖੇ ਹੀ ਸਨ ਕਿ ਉਸ ਨੂੰ ਬੁਲਾਉਣ ਆਇਆ ਬੌਣਾ ਆਦਮੀ ਕਹਿਣ ਲੱਗਾ, ‘‘ਗੁਸਲਿਨ ਮਾਸੀ, ਇਹ ਐਕਸੀਡੈਂਟ ਵਿੱਚ ਹੋਈਆਂ ਮੌਤਾਂ ਹਨ। ਕੱਲ੍ਹ ਸਵੇਰੇ ਦੁਰਘਟਨਾ ਹੋਈ ਸੀ। ਪੋਸਟ ਮਾਰਟਮ ਤੋਂ ਬਾਅਦ ਹੁਣ ਕਿਤੇ ਜਾ ਕੇ ਲਾਸ਼ਾਂ ਸਾਨੂੰ ਮਿਲੀਆਂ ਹਨ। ਅਸੀਂ ਜ਼ਿਆਦਾ ਦੇਰ ਇਨ੍ਹਾਂ ਨੂੰ ਨਹੀਂ ਰੱਖ ਸਕਦੇ। ਪਾਣੀ ਗਰਮ ਹੋਇਆ ਪਿਆ ਹੈ। ਕੱਪੜੇ ਲਿਆ ਕੇ ਰੱਖੇ ਹਨ। ਦੂਜਾ ਵੀ ਸਾਰਾ ਸਾਮਾਨ ਲੈ ਆਏ ਹਾਂ। ਤੁਸੀਂ ਆਪਣਾ ਕੰਮ ਜਲਦੀ ਨਾਲ ਸ਼ੁਰੂ ਕਰ ਦਿਓ। ਸਾਨੂੰ ਜੌਹਰ (ਸ਼ਾਮ) ਦੀ ਨਮਾਜ਼ ਤੋਂ ਪਹਿਲਾਂ ਲਾਸ਼ ਤਿਆਰ ਕਰ ਕੇ ਦੇ ਦਿਓ ਤਾਂ ਠੀਕ ਰਹੇਗਾ।’’ ਉਸ ਨੇ ਲਾਸ਼ਾਂ ਵਰਗੀ ਸਰਦ ਆਵਾਜ਼ ਵਿੱਚ ਕਾਰੋਬਾਰੀ ਢੰਗ ਨਾਲ ਕਹਿ ਕੇ ਗੱਲ ਖ਼ਤਮ ਕਰ ਦਿੱਤੀ।
ਮਰੀਅਮ ਬੀ ਇੱਕ ਪਲ ਉੱਥੇ ਦੀ ਉੱਥੇ ਖਲੋਤੀ ਰਹਿ ਗਈ। ਉਹ ਇਸ ਘਰ ਵਾਲਿਆਂ ਨੂੰ ਜਾਣਦੀ ਸੀ। ਜ਼ੀਨਤ, ਰੇਹਾਨਾ, ਅਸਮਾਂ- ਕਿਤਨੀ ਛੇਤੀ ਉਨ੍ਹਾਂ ਦੇ ਨਾਂ ਗਾਇਬ ਹੋ ਗਏ ਸਨ। ਹੁਣ ਉਹ ਸਿਰਫ਼ ਲਾਸ਼ਾਂ ਸਨ। ਉਨ੍ਹਾਂ ਨੂੰ ਮਿੱਟੀ ਦੇ ਹਵਾਲੇ ਕਰਨ ਦਾ ਕੰਮ ਜਲਦੀ ਨਾਲ ਪੂਰਾ ਕਰਨਾ ਸੀ। ਉਸ ਦਾ ਤਾਂ ਕੰਮ ਇਹੋ ਸੀ। ਮਿੱਟੀ ਵਿੱਚ ਦਫ਼ਨ ਕਰਨ ਲਈ ਨਹੁੰਆਂ ਵਿੱਚ ਵੀ ਕਿਤੇ ਕੋਈ ਮੈਲ ਹੋਵੇ ਤਾਂ ਉਸ ਨੂੰ ਵੀ ਹੌਲੀ ਜਿਹੀ ਮਾਚਸ ਦੀ ਤੀਲ੍ਹੀ ਨਾਲ ਕੱਢ ਕੇ ਸਾਫ਼ ਕਰਨਾ ਸੀ। ਨਵੇਂ ਕਫ਼ਨ ਵਿੱਚ ਲਪੇਟਣਾ ਸੀ।
ਉਹ ਹੌਲੀ ਹੌਲੀ ਕਦਮ ਚੁੱਕਦੀ ਅੰਦਰਲੇ ਵਿਹੜੇ ਵਿੱਚ ਗਈ। ਠੇਕੇਦਾਰ ਆਦਮ ਸਾਹਿਬ ਨੇ ਬਹੁਤ ਵੱਡਾ ਵਿਹੜਾ ਬਣਵਾਇਆ ਸੀ, ਪਰ ਉੱਥੇ ਪੈਰ ਰੱਖਣ ਦੀ ਥਾਂ ਨਹੀਂ ਸੀ। ਜ਼ਨਾਨੀਆਂ ਨਾਲ ਭਰੇ ਉਸ ਵਿਹੜੇ ਵਿੱਚ ਇੱਕ ਵੀ ਆਵਾਜ਼ ਨਹੀਂ ਸੀ। ਮੌਨ ਦਾ ਰਾਜ ਸੀ। ਸ਼ਬਦ ਮੂਕ ਹੋ ਜਾਣ ਦੇ ਅਨੇਕ ਕਾਰਨ ਹੁੰਦੇ ਹਨ। ਗਹਿਰੇ ਦੁੱਖ ਵਿੱਚ ਡੁੱਬਿਆ ਹੋਇਆ ਇਹ ਮੌਨ ਦਿਲਾਂ ਨੂੰ ਕੁਰੇਦ ਰਿਹਾ ਸੀ। ਗਹਿਰੇ ਸਬੰਧਾਂ ਦਾ ਟੁੱਟ ਜਾਣਾ, ਆਪਣਿਆਂ ਦਾ ਅਣਜਾਣ ਬਣ ਜਾਣਾ, ਪਲ ਵਿੱਚ ਹੀ ਨਾਵਾਂ ਦਾ ਗਾਇਬ ਹੋ ਜਾਣਾ।
ਉਹ ਸਿੱਧੀ ਅੰਦਰ ਗਈ। ਲੱਕ ਦੁਆਲੇ ਰੱਖਿਆ ਧਾਗੇ ਦਾ ਗੋਲਾ ਕੱਢਿਆ ਅਤੇ ਜਲਦੀ ਜਲਦੀ ਤਿੰਨਾਂ ਲਾਸ਼ਾਂ ਦੀ ਲੰਬਾਈ ਨਾਪਣ ਲੱਗੀ। ਧਾਗਿਆਂ ’ਤੇ ਨਿਸ਼ਾਨ ਲਾ ਦਿੱਤੇ। ਕਫ਼ਨ ਸੀਤੇ ਨਹੀਂ ਜਾਂਦੇ।
ਕੱਪੜੇ ਨੂੰ ਵੀ ਧਿਆਨ ਨਾਲ ਕੱਟਣਾ ਸੀ ਕਿਉਂਕਿ ਕਫ਼ਨ ਦਾ ਲਾਸ਼ ਤੋਂ ਛੋਟਾ ਹੋਣਾ ਬਦਸ਼ਗਨੀ ਸਮਝੀ ਜਾਂਦੀ ਹੈ। ਉਸ ਘਰ ਵਿੱਚ ਇੱਕ ਹੋਰ ਮੌਤ ਦਾ ਡਰ ਅਤੇ ਸ਼ੰਕਾ ਪੈਦਾ ਹੋ ਜਾਂਦਾ ਹੈ। ਉਸ ਨੇ ਕਫ਼ਨਾਂ ਲਈ ਲਪੇਟ ਕੇ ਰੱਖੇ ਕੱਪੜੇ ਖੋਲ੍ਹੇ। ਤਿੰਨੋਂ ਲਾਲ ਰੰਗ ਦੇ ਸਨ। ਉਹ ਬੁੱਢੀਆਂ ਨਹੀਂ ਸਨ ਤੇ ਨਾ ਹੀ ਵਿਧਵਾ ਸਨ ਕਿ ਉਨ੍ਹਾਂ ਨੂੰ ਸਫ਼ੇਦ ਕੱਪੜੇ ਵਿੱਚ ਲਪੇਟਿਆ ਜਾਂਦਾ।
ਮਿੱਟੀ ਵਿੱਚ ਮਿੱਟੀ ਹੋ ਜਾਣ ਵਾਲੀਆਂ ਇਨ੍ਹਾਂ ਤਿੰਨਾਂ ਵਿੱਚੋਂ ਦੋ ਤਾਂ ਸੁਹਾਗਣਾਂ ਸਨ। ਤੀਸਰੀ ਅਸਮਾ ਤਾਂ ਕੰਨਿਆ ਸੀ। ਕੰਨਿਆ ਦੇ ਅਜੇ ਸੁਫ਼ਨੇ ਵੀ ਪੂਰੇ ਨਹੀਂ ਸਨ ਹੋਏ। ਕੰਨਿਆ ਦੀ ਕਬਰ ਦੀ ਮਿੱਟੀ ਤੋਂ ਉਸ ਦੇ ਜੋਬਨ ਦੀਆਂ ਉਮੰਗਾਂ ਤੇ ਖ਼ਾਹਿਸ਼ਾਂ ਦੀ ਸੁਗੰਧ ਆਉਂਦੀ ਹੈ। ਉਹ ਕਬਰਿਸਤਾਨ ਵਿੱਚ ਜਾਂਦਿਆਂ ਹੀ ਝੁਕ ਕੇ ਕਬਰ ਦੀ ਮਿੱਟੀ ਮੁੱਠੀ ਵਿੱਚ ਲੈ ਕੇ ਸੁੰਘ ਕੇ ਝੱਟ ਦੱਸ ਦਿੰਦੀ ਹੈ ਕਿ ਇਹ ਕਬਰ ਕਿਸੇ ਮੁਟਿਆਰ ਦੀ ਸੀ ਜਾਂ ਨਹੀਂ।
ਉਸ ਨੇ ਨਾਪ ਲੈ ਕੇ ਤਿੰਨੋਂ ਕਫ਼ਨ ਕੱਟ ਕੇ ਰੱਖ ਦਿੱਤੇ। ਰੀਠੇ ਕੁੱਟ ਕੇ ਚੂਰਾ ਬਣਾ ਲਿਆ। ਅੱਖਾਂ ਵਿੱਚ ਪਾਉਣ ਲਈ ਸੁਰਮਾ ਵੀ ਰੱਖ ਲਿਆ। ਇਤਰ ਦੀਆਂ ਸ਼ੀਸ਼ੀਆਂ ਦੇ ਢੱਕਣ ਵੀ ਲਾਹ ਦਿੱਤੇ। ਉਸ ਕਮਰੇ ਵਿੱਚ ਹੋਰ ਕੋਈ ਨਾ ਆਏ, ਪੱਕਾ ਕਰ ਕੇ ਦਰਵਾਜ਼ਾ ਬੰਦ ਕਰ ਕੇ ਵਿਹੜੇ ਵਿੱਚ ਆ ਗਈ। ਉੱਥੇ ਤਿੰਨ ਵੱਡੇ ਭਾਂਡਿਆਂ ਵਿੱਚ ਪਾਣੀ ਗਰਮ ਕਰਨ ਲਈ ਚੁੱਲ੍ਹਿਆਂ ’ਤੇ ਰੱਖਿਆ ਹੋਇਆ ਸੀ। ਉਸ ਨੇ ਢੱਕਣ ਲਾਹ ਕੇ ਵੇਖੇ, ਪਾਣੀ ਦੇ ਉੱਪਰ ਅਨਾਰ ਦੀਆਂ ਪੱਤੀਆਂ ਤੈਰ ਰਹੀਆਂ ਸਨ। ਉਸ ਦੀ ਤਸੱਲੀ ਹੋ ਗਈ। ਉੱਥੇ ਕੋਲ ਹੀ ਚਾਰ ਫੁੱਟ ਲੰਮੇ ਤੇ ਡੇਢ ਫੁੱਟ ਚੌੜੇ ਟੋਏ ਪੁੱਟੇ ਹੋਏ ਸਨ। ਉਨ੍ਹਾਂ ਨੂੰ ਲਹਦ ਕਹਿੰਦੇ ਹਨ। ਉਨ੍ਹਾਂ ਦੇ ਉੱਪਰ ਲੱਕੜੀ ਦੇ ਤਖ਼ਤੇ ਰੱਖੇ ਹੋਏ ਸਨ। ਉਨ੍ਹਾਂ ਦੇ ਉਪਰ ਹੀ ਲਾਸ਼ ਨੂੰ ਰੱਖ ਕੇ ਗੁਸਲ ਕਰਵਾਉਣਾ ਸੀ। ਪਾਣੀ ਸਾਰਾ ਥੱਲੇ ਟੋਇਆਂ ਵਿੱਚ ਜਾਣਾ ਸੀ। ਗੁਸਲ ਲਈ ਜੋ ਕੁਝ ਵੀ ਵਰਤਿਆ ਜਾਏ ਇਨ੍ਹਾਂ ਵਿੱਚ ਹੀ ਡਿੱਗਣਾ ਚਾਹੀਦਾ ਹੈ। ਉਹ ਪਾਣੀ ਨਾਲੀ ਵਿੱਚ ਨਹੀਂ ਜਾਣਾ ਚਾਹੀਦਾ ਕਿਉਂਕਿ ਬੜੇ ਵਿਧੀਵਤ ਢੰਗ ਨਾਲ ਅੱਲਾਹ ਦਾ ਨਾਂ ਲੈਂਦਿਆਂ, ਦੁਆ ਕਰਕੇ ਲਾਸ਼ਾਂ ਨੂੰ ਗੁਸਲ ਕਰਵਾਇਆ ਜਾਂਦਾ ਹੈ। ਪਵਿੱਤਰ ਹੋਇਆ ਪਾਣੀ ਨਾਲੀ ਵਿੱਚ ਨਹੀਂ ਡਿੱਗਣਾ ਚਾਹੀਦਾ।
ਉਸ ਨੇ ਲਹਦ ਦੇ ਤਖ਼ਤੇ ’ਤੇ ਪੈਰ ਰੱਖ ਕੇ ਦੇਖਿਆ। ਉਹ ਚੰਗੀ ਤਰ੍ਹਾਂ ਟਿਕਾਏ ਹੋਏ ਸਨ। ਮਰੀਅਮ ਬੀ ਨੇ ਯੁੱਧ ਦੇ ਸੈਨਾਪਤੀ ਦੀ ਤਰ੍ਹਾਂ ਉੱਥੇ ਆਏ ਬੌਣੇ ਬੰਦੇ ਨੂੰ ਹੁਕਮ ਦਿੰਦਿਆਂ ਕਿਹਾ, ‘‘ਦੇਖੋ ਜਮਾਲ ਭਾਈ, ਉਸ ਪਾਸੇ ਤਾਂ ਕੰਧ ਹੈ, ਸ਼ਾਮਿਆਨਾ ਲਵਾ ਕੇ ਇਸ ਪਾਸਿਉਂ ਬੰਦ ਕਰਵਾ ਦਿਓ। ਗੁਸਲ ਸਮੇਂ ਕੋਈ ਇੱਧਰ ਝਾਕ ਵੀ ਨਾ ਸਕੇ। ਕੀ ਮੁਰਦਿਆਂ ਨੂੰ ਸ਼ਰਮ ਨਹੀਂ ਆਉਂਦੀ? ਵਿਚਾਰੇ ਮੂੰਹ ਖੋਲ੍ਹ ਕੇ ਬੋਲ ਨਹੀਂ ਸਕਦੇ। ਸਾਨੂੰ ਦੱਸ ਨਹੀਂ ਸਕਦੇ। ਅੱਜ ਉਨ੍ਹਾਂ ਦਾ ਗੁਸਲ ਤੇ ਕੱਲ੍ਹ ਸਾਡਾ ਵੀ ਹੋ ਸਕਦਾ ਹੈ। ਇਸ ਲਈ ਧਿਆਨ ਨਾਲ ਗੁਸਲ ਕਰਵਾਇਆ ਜਾਵੇ। ਕੋਈ ਉੱਚੀ ਨੀਵੀਂ ਹੋ ਜਾਏ ਜਾਂ ਲਾਪ੍ਰਵਾਹੀ ਹੋ ਜਾਵੇ ਤਾਂ ਕੱਲ੍ਹ ਨੂੰ ਅੱਲਾਹ ਸਾਹਮਣੇ ਜਵਾਬਦੇਹੀ ਕਿਸ ਦੀ ਹੋਵੇਗੀ?’’
ਬੌਣੇ ਆਦਮੀ ਨੇ ਚਾਰ ਪੰਜ ਬੰਦੇ ਹੋਰ ਲਾ ਕੇ ਸ਼ਾਮਿਆਨੇ ਦੀ ਦੀਵਾਰ ਬਣਾਉਣੀ ਸ਼ੁਰੂ ਕਰਵਾ ਦਿੱਤੀ।
ਸਭ ਤੋਂ ਪਹਿਲਾਂ ਜ਼ੀਨਤ ਦੀ ਲਾਸ਼ ਨੂੰ ਚੁੱਕਣਾ ਸੀ। ਉਸ ਦੀ ਮਾਂ ਤੇ ਚਚੇਰੀ ਭੈਣ ਬੇਹੋਸ਼ ਹੋ ਗਈਆਂ ਸਨ। ਸਾਰੀਆਂ ਔਰਤਾਂ ਸਿਸਕਦੀਆਂ ਹੋਈਆਂ ਦੱਬੀ ਆਵਾਜ਼ ਵਿੱਚ ਅੱਲਾਹ ਦਾ ਨਾਂ ਲੈ ਰਹੀਆਂ ਸਨ।
ਜ਼ੀਨਤ ਆਦਮ ਸਾਹਿਬ ਦੀ ਇਕਲੌਤੀ ਧੀ ਸੀ। ਬੰਗਲੌਰ ਦੇ ਇੱਕ ਅਮੀਰ ਘਰ ਵਿੱਚ ਵਿਆਹੀ ਹੋਈ ਸੀ। ਦੋ ਬੱਚਿਆਂ ਦੀ ਮਾਂ, ਕੋਈ ਛੱਬੀ ਸਾਲ ਦੀ ਹੋਵੇਗੀ। ਲਹਦ ਦੇ ਫੱਟੇ ’ਤੇ ਲਿਟਾ ਕੇ ਮਰੀਅਮ ਬੀ ਨੇ ਉਸ ਦੁਆਲੇ ਲਪੇਟੀ ਚਾਦਰ ਉਤਾਰੀ। ਪੋਸਟਮਾਰਟਮ ਤੋਂ ਬਾਅਦ ਸਰੀਰ ’ਤੇ ਕੋਈ ਗਹਿਣਾ ਨਹੀਂ ਸੀ। ਸਾੜ੍ਹੀ ਵੀ ਨਹੀਂ ਸੀ। ਮਰੀਅਮ ਬੀ ਲਈ ਇਹ ਭਾਰੀ ਨੁਕਸਾਨ ਸੀ ਕਿਉਂਕਿ ਲਾਸ਼ ਦੇ ਕੱਪੜਿਆਂ ਦੀ ਹੱਕਦਾਰ ਉਹੀ ਸੀ। ਫਿਰ ਵੀ ਚਿੰਤਾ ਦੀ ਕੋਈ ਗੱਲ ਨਹੀਂ ਸੀ। ਉਸ ਨੇ ਟੇਢੀਆਂ ਨਜ਼ਰਾਂ ਨਾਲ ਵੇਖਿਆ। ਲਾਸ਼ ਨਵੀਂ ਨਕੋਰ ਚਾਦਰ ਵਿੱਚ ਲਪੇਟੀ ਹੋਈ ਸੀ। ਕਿਤੇ ਕਿਤੇ ਖ਼ੂਨ ਦੇ ਧੱਬੇ ਸਨ- ਬਸ ਉਹ ਧੋਣ ਨਾਲ ਲਹਿ ਜਾਣਗੇ। ਤਿੰਨ ਨਵੀਆਂ ਚਾਦਰਾਂ।
‘‘ਪਾਣੀ ਬਹੁਤਾ ਗਰਮ ਨਾ ਹੋਵੇ, ਠੰਢਾ ਵੀ ਨਹੀਂ ਹੋਣਾ ਚਾਹੀਦਾ, ਕੋਸਾ ਹੋਵੇ।’’ ਉਸ ਦੀ ਮਦਦ ਲਈ ਆਈਆਂ ਜ਼ੀਨਤ ਦੀ ਇੱਕ ਵੱਡੀ ਭੈਣ ਤੇ ਭਰਜਾਈ ਨੂੰ ਉਸ ਨੇ ਹੁਕਮ ਦੇਣ ਦੇ ਲਹਿਜੇ ਵਿੱਚ ਕਿਹਾ।
ਮਰੀਅਮ ਬੀ ਨੇ ਵਿਧੀਵਤ ਢੰਗ ਨਾਲ ਗੁਸਲ ਸ਼ੁਰੂ ਕੀਤਾ। ‘ਵੁਜ਼ੂ’ ਕਰਾਇਆ। ਸਿਰ ਤੇ ਪਿੰਡੇ ਨੂੰ ਰੀਠਿਆਂ ਦੀ ਝੱਗ ਨਾਲ ਰਗੜਿਆ। ਜੰਮਿਆ ਹੋਇਆ ਲਹੂ ਵਹਿ ਨਿਕਲਿਆ, ਗਰਮ ਪਾਣੀ ਪੈਣ ਨਾਲ ਹਲਦੀ ਵਰਗੇ ਬਦਨ ’ਤੇ ਗੁਲਾਬੀ ਰੰਗਤ ਆ ਗਈ। ਅਖ਼ੀਰ ਵਿੱਚ ਅਰਬੀ ਸੂਰਾ (ਅਰਬੀ ਭਾਸ਼ਾ ਵਿੱਚ ਕੁਰਾਨ ਸ਼ਰੀਫ਼ ਦੇ ਅਧਿਆਏ ਨੂੰ ਸੂਰਾ ਜਾਂ ਸਰੂਹ ਆਖਦੇ ਹਨ) ਦਾ ਉਚਾਰਨ ਕਰਦਿਆਂ ਪਾਣੀ ਦੇ ਡੱਬੇ ਭਰ ਕੇ ਲਾਸ਼ ’ਤੇ ਪਾਉਂਦੀ ਗਈ। ਫਿਰ ਲਾਸ਼ ਨੂੰ ਚੁੱਕ ਕੇ ਤਾਬੂਤ ਵਿੱਚ ਵਿਛੇ ਕਫ਼ਨ ਵਿੱਚ ਲਪੇਟਣਾ ਸ਼ੁਰੂ ਕਰ ਦਿੱਤਾ। ਪਹਿਲਾਂ ਸਰੀਰ ਦੇ ਹੇਠਲੇ ਹਿੱਸੇ ਨੂੰ ਲਪੇਟਿਆ। ਫਿਰ ਛਾਤੀ ਤੇ ਫਿਰ ਸਿਰ ਨੂੰ। ਫਿਰ ਉੱਪਰ ਇੱਕ ਚਾਦਰ ਪਾ ਦਿੱਤੀ। ਚਾਦਰ ਨੂੰ ਪੈਰਾਂ ’ਤੇ ਇਕੱਠਾ ਕਰਕੇ ਬੰਨ੍ਹ ਦਿੱਤਾ। ਸਿਰ ਤੋਂ ਚਾਦਰ ਹਟਾ ਕੇ ਮੂੰਹ ਨੰਗਾ ਕਰ ਦਿੱਤਾ। ਉਸ ਉੱਪਰ ਅਬੀਰ ਛਿੜਕਿਆ ਅਤੇ ਮਾਚਸ ਦੀ ਤੀਲ੍ਹੀ ਨਾਲ ਉਸ ਨੇ ਚਾਦਰ ’ਤੇ ਲਿਖਿਆ- ‘ਲਾ ਇਲਾਹ ਇਲਲਲਾਹ’।
ਇੱਕ ਖਪਰੈਲ ’ਤੇ ਭਖ਼ਦੇ ਕੋਲੇ ਰੱਖ ਕੇ ਉਨ੍ਹਾਂ ’ਤੇ ਸੁੰਗਧਿਤ ਧੂੰਏਂ ਨਾਲ ਲਾਸ਼ ਦੇ ਵਾਲ ਸੁਕਾਏ ਗਏ। ਫਿਰ ਵਿਚਕਾਰੋਂ ਚੀਰ ਕੱਢ ਕੇ ਵਾਲਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਤੇ ਫਿਰ ਕਫ਼ਨ ਦੇ ਅੰਦਰ ਕਰ ਦਿੱਤਾ।
ਲਾਸ਼ ਨੂੰ ਕਫ਼ਨ ਵਿੱਚ ਲਪੇਟ ਦਿੱਤਾ ਤਾਂ ਸਾਰੀਆਂ ਔਰਤਾਂ ਉਸ ਦੁਆਲੇ ਇਕੱਠੀਆਂ ਹੋ ਗਈਆਂ। ਮਰੀਅਮ ਬੀ ਨੇ ਤੀਲ੍ਹੀ ਨਾਲ ਉਸ ਦੀਆਂ ਅੱਖਾਂ ਥੱਲੇ ਸੁਰਮੇ ਦੀ ਇੱਕ ਧਾਰ ਖਿੱਚ ਦਿੱਤੀ। ਬੰਦ ਅੱਖਾਂ ਦੇ ਹੇਠਾਂ ਸੁਰਮੇ ਦੀ ਧਾਰ ਬੜੀ ਸੁੰਦਰ ਲੱਗ ਰਹੀ ਸੀ। ਮੱਥੇ, ਗੱਲ੍ਹਾਂ ਤੇ ਛਾਤੀ ’ਤੇ ਇਤਰ ਲਗਾਇਆ ਅਤੇ ਜੋ ਬਚ ਗਿਆ ਉਹ ਕਫ਼ਨ ਉੱਪਰ ਛਿੜਕ ਦਿੱਤਾ। ਲਾਸ਼ ਦੇ ਨੇੜੇ ਰਿਸ਼ਤੇਦਾਰਾਂ ਨੂੰ ਕੋਲ ਆਉਣ ਦਾ ਮੌਕਾ ਦੇ ਕੇ ਉਹ ਬਾਹਰ ਚਲੀ ਗਈ।
ਉਸ ਨੇ ਵਿਹੜੇ ਵਿੱਚ ਪੈਰ ਰੱਖੇ ਤਾਂ ਉੱਥੇ ਦੋ ਹੋਰ ਲਾਸ਼ਾਂ ਪਈਆਂ ਸਨ। ਇੱਕ ਨਜ਼ਰ ਉਨ੍ਹਾਂ ’ਤੇ ਮਾਰ ਕੇ ਉਹ ਰਸੋਈ ਘਰ ਵੱਲ ਤੁਰ ਪਈ। ਰਸੋਈ ਵਿੱਚ ਆ ਕੇ ਉਸ ਨੇ ਇੱਕ ਚੌਕੀ ਚੁੱਕੀ ਤੇ ਬਹਿ ਗਈ। ਆਸ-ਪਾਸ ਦੇ ਘਰਾਂ ਵਿੱਚੋਂ ਆਏ ਹੋਏ ਚਾਵਲਾਂ ਦੇ ਵੱਡੇ ਵੱਡੇ ਭਾਂਡੇ ਭਰੇ ਪਏ ਸਨ। ਜਿਸ ਘਰ ਵਿੱਚ ਮੌਤ ਹੋਈ ਹੋਵੇ ਉੱਥੇ ਖਾਣਾ ਭੇਜਣ ਦੇ ਰਿਵਾਜ ਅਨੁਸਾਰ ਸਾਰੇ ਘਰਾਂ ਨੇ ਚਾਵਲ, ਦਾਲ, ਸਬਜ਼ੀ, ਆਚਾਰ ਆਦਿ ਭੇਜੇ ਸਨ। ਉਨ੍ਹਾਂ ਦੇ ਢੇਰ ਲੱਗੇ ਪਏ ਸਨ। ਚਾਵਲਾਂ ਦਾ ਢੇਰ ਲੱਗਾ ਵੇਖ ਕੇ ਮਰੀਅਮ ਬੀ ਦਾ ਢਿੱਡ ਬੋਲਣ ਲੱਗ ਪਿਆ। ਰਾਬੀਆ ਨੇ ਬਲਦੇ ਚੁੱਲ੍ਹੇ ’ਤੇ ਕੌਫ਼ੀ ਦਾ ਵੱਡਾ ਪਤੀਲਾ ਚੜ੍ਹਾਇਆ ਹੋਇਆ ਸੀ। ਚੁੱਪਚਾਪ ਬੈਠੀ ਮਰੀਅਮ ਨੂੰ ਵੇਖ ਕੇ ਪੁੱਛਣ ਲੱਗੀ, ‘‘ਕੌਫ਼ੀ ਦਿਆਂ ਮਾਸੀ?’’
‘‘ਨਾ ਬਾਬਾ, ਸਵੇਰ ਦਾ ਇੱਕ ਦਾਣਾ ਮੂੰਹ ਵਿੱਚ ਨਹੀਂ ਪਾਇਆ। ਮੈਂ ਬਹੁਤ ਥੱਕ ਗਈ ਹਾਂ।’’
‘‘ਹਾਏ ਮਾਸੀ। ਐਨਾ ਅੰਨ ਕਿਸ ਲਈ ਆਇਆ ਹੈ! ਲੈ ਖਾ, ਅਜੇ ਤੂੰ ਹੋਰ ਲਾਸ਼ਾਂ ਨੂੰ ਗੁਸਲ ਕਰਵਾਉਣਾ ਹੈ। ਉਸ ਲਈ ਜ਼ੋਰ ਚਾਹੀਦਾ ਹੈ ਕਿ ਨਹੀਂ?’
ਇੱਕ ਥਾਲੀ ਮੋਤੀਏ ਦੀਆਂ ਕਲੀਆਂ ਵਰਗੇ ਦਾਲ ਚੌਲਾਂ ਦੀ ਭਰ ਕੇ ਉੱਪਰ ਦਾਲ ਪਾਈ, ਇੱਕ ਪਾਸੇ ਸਬਜ਼ੀ ਤੇ ਆਚਾਰ ਰੱਖਿਆ ਤੇ ਉਪਰ ਇੱਕ ਪਾਪੜ ਰੱਖ ਥਾਲੀ ਉਸ ਦੇ ਅੱਗੇ ਰੱਖ ਦਿੱਤੀ।
ਮਰੀਅਮ ਬੀ ਨੇ ਛੇਤੀ ਨਾਲ ਹੱਥ ਧੋਤੇ ਤੇ ਅੱਲਾਹ ਦਾ ਨਾਂ ਲੈ ਕੇ ਇੱਕ ਗਰਾਹੀ ਮੂੰਹ ਵਿੱਚ ਪਾਈ। ਉਹ ਹੈਰਾਨ ਰਹਿ ਗਈ। ਉਸ ਦੀ ਧੀ ਹਸੀਨਾ ਉਸ ਦੇ ਗਲੇ ਵਿੱਚ ਵੜ ਕੇ ਬਹਿ ਗਈ ਸੀ। ਵਿਚਾਰੀ ਜੱਚਾ ਲਈ ਦੁੱਧ ਤਾਂ ਕੀ, ਸੁੱਕੀ ਰੋਟੀ ਵੀ ਮੁਸ਼ਕਿਲ ਨਾਲ ਦੇ ਰਹੀ ਸੀ। ਭੁੱਖੀ ਮਾਂ ਦੀਆਂ ਛਾਤੀਆਂ ਬੱਚਾ ਚੁੰਘੇਗਾ ਤਾਂ ਉਸ ਦੇ ਅੰਦਰ ਅੱਗ ਤਾਂ ਲੱਗੇਗੀ ਹੀ। ਕੇਹਾ ਕਸ਼ਟ ਸੀ। ‘ਯਾ ਅੱਲਾਹ, ਮੇਰੀ ਧੀ ਭੁੱਖੀ ਬੈਠੀ ਹੈ।’ ਧੀ ਦਾ ਖ਼ਿਆਲ ਆਉਣ ’ਤੇ ਉਹ ਰੋਣ ਲੱਗੀ, ਪਰ ਭੁੱਖਾ ਢਿੱਡ ਜਿੱਤ ਗਿਆ। ਉਸ ਨੇ ਗਲੇ ਵਿੱਚ ਬੈਠੀ ਹਸੀਨਾ ਨੂੰ ਬਿਨਾਂ ਲਿਹਾਜ਼ ਇੱਕ ਪਾਸੇ ਧੱਕਿਆ ਤੇ ਜਲਦੀ ਜਲਦੀ ਖਾਣ ਲੱਗ ਪਈ। ਅੱਖਾਂ ਵਿੱਚ ਉਮੜ ਆਏ ਹੰਝੂਆਂ ਨੂੰ ਪੱਲੇ ਨਾਲ ਪੂੰਝਿਆ ਤੇ ਆਰਾਮ ਨਾਲ ਖਾਂਦੀ ਗਈ।
ਉਸ ਨੇ ਢਿੱਡ ਭਰ ਕੇ ਖਾਧਾ। ਵੱਡਾ ਸਾਰਾ ਸਟੀਲ ਦਾ ਗਲਾਸ ਭਰ ਕੇ ਕੌਫ਼ੀ ਪੀਤੀ। ਫਿਰ ਆਪਣੀ ਸਾੜ੍ਹੀ ਦਾ ਪੱਲਾ ਲੱਕ ਦੁਆਲੇ ਲਪੇਟ ਕੇ ਉਸ ਨੇ ਰੇਹਾਨਾ ਦੀ ਲਾਸ਼ ਨੂੰ ਲਹਦ ਦੇ ਫੱਟੇ ’ਤੇ ਲਿਟਾਇਆ। ਰੇਹਾਨਾ ਨਵੀਂ ਵਿਆਹੀ ਦੁਲਹਨ ਸੀ। ਮਰੀਅਮ ਬੀ ਦੇ ਹਿਸਾਬ ਨਾਲ ਜਦੋਂ ਤੱਕ ਬੱਚਾ ਨਾ ਹੋ ਜਾਏ ਔਰਤ ਦੁਲਹਨ ਹੀ ਰਹਿੰਦੀ ਹੈ। ਰੇਹਾਨਾ ਦੇ ਹੱਥਾਂ ’ਤੇ ਤਾਂ ਮਹਿੰਦੀ ਦੇ ਫੁੱਲ ਅਤੇ ਵੇਲਾਂ ਅਜੇ ਤਕ ਖਿੜੀਆਂ ਹੋਈਆਂ ਸਨ। ਉਸ ਦੇ ਗਿਰਦ ਲਪੇਟੀ ਚਾਦਰ ਨੂੰ ਲਾਹ ਕੇ ਮਰੀਅਮ ਬੀ ਨੇ ਪਾਣੀ ਪਾਉਣਾ ਸ਼ੁਰੂ ਕੀਤਾ। ਪਾਣੀ ਵਿੱਚ ਖ਼ੂਨ ਹੀ ਖ਼ੂਨ ਆ ਰਿਹਾ ਸੀ। ਲਾਸ਼ ਨੂੰ ‘ਵੁਜ਼ੂ’ ਕਰਾਇਆ ਤਾਂ ਅਚਾਨਕ ਉਸ ਨੂੰ ਰੇਹਾਨਾ ਦੇ ਨੱਕ ਵਿੱਚ ਚਮਕਦਾ ਲੌਂਗ ਦਿਖਾਈ ਦਿੱਤਾ। ਉਸ ਨੇ ਨੱਕ ਵਿੱਚ ਹੱਥ ਪਾ ਕੇ ਉਸ ਨੂੰ ਖੋਲ੍ਹਣ ਲਈ ਘੁਮਾਉਣਾ ਸ਼ੁਰੂ ਕੀਤਾ। ਲੌਂਗ ਨੂੰ ਬਾਹਰੋਂ ਘੁਮਾਇਆ, ਅੰਦਰੋਂ ਘੁਮਾਇਆ, ਪਰ ਕੋਈ ਫ਼ਾਇਦਾ ਨਾ ਹੋਇਆ। ਉਹ ਉਸੇ ਤਰ੍ਹਾਂ ਬੈਠਾ ਰਿਹਾ। ਮਰੀਅਮ ਬੀ ਨੇ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ। ਉਸ ਦੇ ਮਨ ਵਿੱਚ ਕਈ ਲਾਲਸਾਵਾਂ ਜਾਗ ਉੱਠੀਆਂ ਸਨ। ਬਹੁਤ ਥੋੜ੍ਹੇ ਮੌਕੇ ਅਜਿਹੇ ਹੁੰਦੇ ਹਨ ਕਿ ਕਿਸੇ ਮ੍ਰਿਤਕ ਦਾ ਲੌਂਗ ਗੁਸਲ ਕਰਵਾਉਣ ਵਾਲੀ ਨੂੰ ਦਾਨ ਦਿੱਤਾ ਗਿਆ ਹੋਵੇ। ਅੱਜ ਸ਼ਾਇਦ ਉਸ ਨੂੰ ਮਿਲ ਜਾਵੇ। ਇਹ ਲਾਲਸਾ ਉਸ ਦੇ ਮਨ ਵਿੱਚ ਉੱਠ ਰਹੀ ਸੀ। ਸਾਹਮਣੇ ਉਸ ਦੀ ਮਦਦ ਕਰਨ ਆਈ ਰੇਹਾਨਾ ਦੀ ਵੱਡੀ ਭੈਣ ਖੜ੍ਹੀ ਸੀ। ਲਾਲ ਹੋ ਗਏ ਨੱਕ ਨੂੰ ਪੂੰਝ ਕੇ ਉਹ ਬੜੀ ਢਿੱਲੀ ਜਿਹੀ ਆਵਾਜ਼ ਵਿੱਚ ਬੋਲੀ, ‘‘ਇਹ ਹੀਰੇ ਦਾ ਲੌਂਗ ਹੈ ਮੇਰੀ ਨਾਨੀ ਦਾ ਸੀ। ਰੇਹਾਨਾ ਨਾਨੀ ਦੀ ਬੜੀ ਲਾਡਲੀ ਸੀ। ਨਾਨੀ ਨੇ ਉਸ ਨੂੰ ਵਿਆਹ ਵਿੱਚ ਦਿੱਤਾ ਸੀ।’’ ਮਰੀਅਮ ਬੀ ਦੀਆਂ ਲਾਲਸਾਵਾਂ ਝੱਟ ਗਾਇਬ ਹੋ ਗਈਆਂ ਅਤੇ ਉਹ ਬੇਲਾਗ ਹੋ ਕੇ, ਭਾਵ ਰਹਿਤ ਹੋ ਕੇ ਕੰਮ ਵਿੱਚ ਲੱਗ ਗਈ।
ਬਦਕਿਸਮਤੀ ਨਾਲ ਗਰਮ ਪਾਣੀ ਨਾਲ ਨਹਾਉਣ ਤੋਂ ਬਾਅਦ ਅਤੇ ਢਾਈ ਦਮ ਕਰਾਉਣ ਤੋਂ ਬਾਅਦ ਵੀ ਖ਼ੂਨ ਵਗਣਾ ਬੰਦ ਨਾ ਹੋਇਆ। ਨਹਾਉਣ ਤੋਂ ਬਾਅਦ ਦੋ ਬੰਦੇ ਦੋਵੇਂ ਪਾਸੇ ਖਲੋ ਕੇ ਲਾਸ਼ ਦੇ ਢਿੱਡ ’ਤੇ ਇੱਕ ਹੱਥ ਰੱਖ ਕੇ ਤੇ ਦੂਸਰਾ ਸਿਰ ਦੇ ਹੇਠਾਂ ਰੱਖ ਕੇ ਝੱਟ ਦੇਣੀ ਲਾਸ਼ ਨੂੰ ਉਠਾ ਕੇ ਬਿਠਾ ਦਿੰਦੇ ਹਨ। ਇਸ ਤਰ੍ਹਾਂ ਕਰਨ ਨਾਲ ਲਾਸ਼ ਦੇ ਅੰਦਰੋਂ ਮਲ ਮੂਤਰ ਖ਼ੂਨ ਆਦਿ ਸਭ ਕੁਝ ਨਿਕਲ ਜਾਂਦਾ ਹੈ। ਇਸ ਤਰ੍ਹਾਂ ਦੋ ਵਾਰ ਕਰਨ ਤੋਂ ਬਾਅਦ ਤੀਸਰੀ ਵਾਰੀ ਕਰਨ ਨੂੰ ਢਾਈ ਦਮ ਕਹਿੰਦੇ ਹਨ। ਰੇਹਾਨਾ ਨੂੰ ਨਹਾਉਣ ਤੋਂ ਬਾਅਦ ਮਰੀਅਮ ਬੀ ਨੇ ਆਵਾਜ਼ ਮਾਰੀ, ‘‘ਰੂੰ ਲੈ ਕੇ ਆਓ ਹਸਪਤਾਲ ਵਾਲੀ ਕਾਟਨ।’’ ਕੋਈ ਦੋ ਤਿੰਨ ਬੰਡਲ ਕਾਟਨ ਦੇ ਗਿਆ। ਮਰੀਅਮ ਬੀ ਨੇ ਤਾਬੂਤ ਵਿੱਚ ਵਿਛੇ ਕਫ਼ਨ ਉੱਤੇ ਰੂੰ ਰੱਖ ਕੇ ਰੇਹਾਨਾ ਨੂੰ ਲਿਟਾ ਦਿੱਤਾ। ਉਸ ਦੀ ਛਾਤੀ ਅਤੇ ਪੇਟ ਜਿੱਥੋਂ ਜਿੱਥੋਂ ਵੀ ਖ਼ੂਨ ਰਿਸ ਰਿਹਾ ਸੀ, ਉੱਥੇ ਵੀ ਕਾਟਨ ਰੱਖ ਦਿੱਤੀ। ਉੱਪਰੋਂ ਕਫ਼ਨ ਲਪੇਟ ਦਿੱਤਾ। ਰੇਹਾਨਾ ਬੜੀ ਖ਼ੂਬਸੂਰਤ ਲੱਗ ਰਹੀ ਸੀ। ਮਰੀਅਮ ਬੀ ਦੇ ਕੁਸ਼ਲ ਹੱਥਾਂ ਦੇ ਇਸ਼ਨਾਨ ਤੋਂ ਬਾਅਦ ਉਸ ਦਾ ਚਿਹਰਾ ਬੜਾ ਸੋਹਣਾ ਲੱਗ ਰਿਹਾ ਸੀ।
ਹਾਲੇ ਅਸਮਾ ਬਾਕੀ ਸੀ। ਅਣਖਿੜੀ ਕਲੀ- ਸੋਲ੍ਹਾਂ ਸਾਲਾਂ ਦੀ ਮੁਟਿਆਰ। ਮਰੀਅਮ ਬੀ ਨੇ ਚੁਸਤੀ ਫੁਰਤੀ ਨਾਲ ਕੰਮ ਨਿਪਟਾ ਦਿੱਤਾ।
ਜਮੀਲ ਨੇ ਫਿਰ ਜਲਦੀ ਕਰਨ ਲਈ ਕਿਹਾ। ਜੌਹਰ ਦੀ ਨਮਾਜ਼ ਦਾ ਸਮਾਂ ਹੋ ਰਿਹਾ ਸੀ। ਹਾਲੇ ਜਨਾਜ਼ਾ-ਨਮਾਜ਼ ਵੀ ਪੜ੍ਹਨੀ ਸੀ। ਜ਼ੀਨਤ, ਰੇਹਾਨਾ ਤੇ ਅਸਮਾ ਦੇ ਚਿਹਰੇ ਢੱਕ ਦਿੱਤੇ ਗਏ। ਕਫ਼ਨ ਨੂੰ ਸਿਰ ਦੇ ਉੱਤੇ ਲਿਆ ਕੇ ਗੰਢ ਮਾਰ ਦਿੱਤੀ। ਤਾਬੂਤ ਦੇ ਢੱਕਣ ਬੰਦ ਕਰ ਦਿੱਤੇ ਗਏ। ਉਨ੍ਹਾਂ ਉੱਪਰ ਇੱਕ ਮੋਟਾ ਕੱਪੜਾ ਪਾ ਦਿੱਤਾ। ਉਸ ਉੱਪਰ ਅੱਲਾਹ ਦਾ ਨਾਂ ਲਿਖਿਆ ਹੋਇਆ ਸੀ। ਮਾਹੌਲ ਵਿੱਚ ਅਬੀਰ, ਇਤਰ ਅਤੇ ਗੁਲਾਲ ਦੀ ਖੁਸ਼ਬੂ ਵਿੱਚ ਲਾਸ਼ ਦੀ ਖ਼ਾਸ ਬੋਅ ਵੀ ਰਲੀ ਹੋਈ ਸੀ।
ਅੱਲਾਹ ਦਾ ਨਾਂ ਲੈਂਦੇ ਮਰਦ ਅੱਗੇ ਆਏ ਤੇ ਤਾਬੂਤ ਚੁੱਕ ਕੇ ਮੋਢਿਆਂ ’ਤੇ ਰੱਖ ਕੇ ਤੁਰ ਪਏ। ਰੋਂਦੀਆਂ ਕਲਪਦੀਆਂ ਔਰਤਾਂ ਵਿਹੜੇ ਦੀਆਂ ਉੱਚੀਆਂ ਕੰਧਾਂ ਦੇ ਪਿੱਛੇ ਰਹਿ ਗਈਆਂ। ਕਈ ਬੇਹੋਸ਼ ਹੋ ਗਈਆਂ। ਕਿਸੇ ਨੇ ਉਨ੍ਹਾਂ ’ਤੇ ਪਾਣੀ ਦੇ ਛਿੱਟੇ ਮਾਰੇ ਤੇ ਫਿਰ ਉਨ੍ਹਾਂ ਨੂੰ ਫੜ ਕੇ ਅੰਦਰ ਲੈ ਗਈਆਂ। ਔਰਤਾਂ ਇੱਕ ਦੂਜੇ ਨੂੰ ਢਾਰਸ ਦੇ ਰਹੀਆਂ ਸਨ। ਥੋੜ੍ਹੇ ਚਿਰ ਮਗਰੋਂ ਇੱਕ ਮੁੰਡਾ ਭੱਜਦਾ ਹੋਇਆ ਆਇਆ ਤੇ ਕਹਿਣ ਲੱਗਾ, ‘‘ਜਨਾਜ਼ਾ ਨਮਾਜ਼ ਹੋ ਗਈ ਹੈ। ਹੁਣ ਕਬਰਿਸਤਾਨ ਵੱਲ ਜਾ ਰਹੇ ਹਨ- ਤੋਸ਼ਾ ਦਿਉ।’’
ਕਿਸੇ ਨੇ ਅੰਦਰੋਂ ਮਿਸ਼ਰੀ ਅਤੇ ਖਜੂਰ ਦਾ ਭਰਿਆ ਥੈਲਾ ਲਿਆ ਕੇ ਦਿੱਤਾ। ਮੁੰਡਾ ਲੈ ਕੇ ਭੱਜ ਗਿਆ। ਜ਼ਨਾਨੀਆਂ ਖਿੜਕੀਆਂ ਵਿੱਚੋਂ, ਵਿਹੜੇ ਦੀ ਉੱਚੀ ਕੰਧ ਉੱਤੋਂ ਅੱਡੀਆਂ ਚੁੱਕ ਕੇ ਵੇਖ ਰਹੀਆਂ ਸਨ। ਮਸੀਤ ਵਿੱਚੋਂ ਨਿਕਲ ਕੇ ਤਿੰਨਾਂ ਲਾਸ਼ਾਂ ਨੂੰ ਚੁੱਕੀ ਮਰਦ ਤੇਜ਼ ਕਦਮਾਂ ਨਾਲ ਤੁਰ ਪਏ। ਬੇਸ਼ੁਮਾਰ ਲੋਕ ’ਕੱਠੇ ਹੋਏ ਸਨ। ਸਾਰੇ ਅੱਖੋਂ ਓਹਲੇ ਹੋ ਗਏ।
ਔਰਤਾਂ ਸਿੱਧੀਆਂ ਗਰਮ ਪਾਣੀ ਦੇ ਭਾਂਡਿਆਂ ਕੋਲ ਗਈਆਂ। ਇੱਕ ਇੱਕ ਮੱਗ ਪਾਣੀ ਦਾ ਲੈ ਕੇ ਸਭ ਨੇ ਵੁਜ਼ੂ ਕੀਤਾ। ਏਨੇ ਚਿਰ ਵਿੱਚ ਵੱਡਾ ਹਾਲ ਜਿੱਥੇ ਲਾਸ਼ਾਂ ਨੂੰ ਰੱਖਿਆ ਸੀ, ਧੋ ਕੇ, ਪੂੰਝ ਕੇ ਸਾਫ਼ ਕਰ ਦਿੱਤਾ। ਉੱਥੇ ਦਰੀਆਂ ਤੇ ਖੇਸ ਵਿਛਾ ਦਿੱਤੇ। ਵੁਜ਼ੂ ਕਰ ਕੇ ਆਈਆਂ ਔਰਤਾਂ ਨੇ ਆਪਣੀਆਂ ਸਾੜ੍ਹੀ ਦੇ ਪੱਲਿਆਂ ਨਾਲ ਸਿਰ ਤੇ ਹੱਥ ਢਕ ਲਏ। ਸਾਰੀਆਂ ਕਤਾਰਾਂ ਵਿੱਚ ਬਹਿ ਗਈਆਂ।
ਮਰੀਅਮ ਬੀ ਨੇ ਆ ਕੇ ਵੇਖਿਆ। ਇੱਕ ਭਾਂਡੇ ਵਿੱਚ ਪਾਣੀ ਉਬਲ ਰਿਹਾ ਸੀ। ਪੂਰੇ ਘਰ ਵਿੱਚ ਕਿਸੇ ਮਰਦ ਦਾ ਨਾਂ ਨਿਸ਼ਾਨ ਨਹੀਂ ਸੀ। ਇੱਕ ਘੰਟੇ ਤਾਈਂ ਕੋਈ ਆਉਣ ਵਾਲਾ ਨਹੀਂ ਸੀ। ਲਹਦ ਦੇ ਤਖ਼ਤੇ ਕੋਲ ਇੱਕ ਵੱਡਾ ਪੱਥਰ ਪਿਆ ਸੀ। ਉੱਥੇ ਖਲੋ ਕੇ ਉਸ ਨੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ। ਪੇਟੀਕੋਟ ਨੂੰ ਛਾਤੀ ਦੇ ਉੱਪਰ ਬੰਨ੍ਹ ਲਿਆ ਅਤੇ ਆਰਾਮ ਨਾਲ ਨਹਾਉਣ ਲੱਗੀ। ਉੱਥੇ ਕੀ ਨਹੀਂ ਸੀ? ਮੁੱਦਤਾਂ ਤੋਂ ਕਦੇ ਨਸੀਬ ਨਾ ਹੋਇਆ ਗਰਮ ਪਾਣੀ ਸੀ। ਰੀਠਿਆਂ ਦੀ ਝੱਗ ਸੀ। ਸਿਨੇਮਾ ਸਿਤਾਰਿਆਂ ਦੀ ਸੁੰਦਰਤਾ ਦਾ ਰਾਜ਼ ਸਾਬਣ ਸੀ। ਜੇ ਕਮੀ ਸੀ ਤਾਂ ਉਹ ਕਿ ਉਸ ਕੋਲ ਨਹਾਉਣ ਤੋਂ ਬਾਅਦ ਪਾਉਣ ਵਾਲੇ ਕੱਪੜੇ ਨਹੀਂ ਸਨ। ਕੋਈ ਚਾਰਾ ਨਹੀਂ ਸੀ। ਉਹੀ ਕੱਪੜੇ ਪਾਉਣੇ ਪੈਣਗੇ। ਉਸ ਦੀ ਚੰਗੀ ਕਿਸਮਤ ਆਦਮ ਸਾਹਿਬ ਦੀ ਦੂਸਰੀ ਬੀਵੀ ਉੱਧਰ ਆ ਗਈ ਤੇ ਬੋਲੀ, ‘‘ਗੁਸਲ ਮਾਸੀ, ਅੱਗ ਲੱਗੇ ਤੇਰੇ ਹੌਸਲੇ ਨੂੰ। ਕੁਝ ਤਾਂ ਸ਼ਰਮ ਕਰ। ਜੇ ਕੋਈ ਮਰਦ ਉੱਪਰੋਂ ਆ ਗਿਆ?’’
‘‘ਆਪਾ, ਤੁਸੀਂ ਰਹਿਣ ਦਿਉ। ਮੇਰੀ ਜ਼ਿੰਦਗੀ ਵਿੱਚ ਅੱਜ ਤਕ ਅਜਿਹਾ ਨਹੀਂ ਹੋਇਆ। ਮਰਦਾਂ ਨੂੰ ਆਉਣ ਵਿੱਚ ਪੌਣਾ ਘੰਟਾ ਲੱਗ ਜਾਏਗਾ। ਮੇਰੀ ਗੱਲ ਤੁਸੀਂ ਅਜ਼ਮਾ ਕੇ ਦੇਖ ਲਉ।’’
‘‘ਖ਼ੈਰ, ਇਹ ਗੱਲ ਛੱਡ। ਨਹਾਕੇ ਪਾਏਂਗੀ ਕੀ?’’
ਉਹ ਕੁਝ ਨਾ ਬੋਲੀ।
ਆਦਮ ਸਾਹਿਬ ਦੀ ਬੀਵੀ ਨੇ ਆਪਣੇ ਕਮਰੇ ਵਿੱਚੋਂ ਇੱਕ ਪੁਰਾਣਾ ਪੇਟੀਕੋਟ ਤੇ ਸਾੜ੍ਹੀ ਲਿਆ ਕੇ ਦੇ ਦਿੱਤੀ।
‘‘ਜ਼ੀਨਤ, ਰੇਹਾਨਾ ਦੇ ਕੱਪੜੇ ਗੁਸਲਖਾਨੇ ਵਿੱਚ ਪਏ ਹਨ ਲੈ ਜਾਈਂ।’’ ਇਹ ਸ਼ੁਭ ਸਮਾਚਾਰ ਦੇ ਕੇ ਉਹ ਚਲੀ ਗਈ।
ਮਰੀਅਮ ਬੀ ਨਹਾ ਕੇ, ਕੱਪੜੇ ਧੋ ਕੇ ਹਾਲ ਕਮਰੇ ਵਿੱਚ ਆਈ ਤਾਂ ਉਹ ਚਮਕ ਰਹੀ ਸੀ। ਫੁੱਲ ਵਾਂਗ ਹੌਲੀ ਹੋ ਗਈ ਸੀ। ਹਾਲ ਵਿੱਚ ਨਮਾਜ਼ ਖ਼ਤਮ ਹੋ ਗਈ ਸੀ। ਦੁਆ ਚੱਲ ਰਹੀ ਸੀ। ਅਗਲੀ ਕਤਾਰ ਵਿੱਚ ਥੋੜ੍ਹਾ ਸਮਾਂ ਪਹਿਲਾਂ ਹੱਜ ਦੀ ਯਾਤਰਾ ਕਰ ਕੇ ਆਈ ਤਾਈ ਮਾਂ ਦੇ ਨਾਲ ਸਾਰੀਆਂ ਔਰਤਾਂ ਦੁਆ ਮੰਗਦੀਆਂ ਹੱਥ ਉੱਪਰ ਕਰ ਕੇ ਬੈਠੀਆਂ ਸਨ। ਸਭ ਉਸ ਨੂੰ ਤਾਈਮ ਕਹਿ ਕੇ ਬੁਲਾਉਂਦੇ ਸਨ। ਉਹ ਬੜੇ ਕਰੁਣਾਮਈ ਢੰਗ ਨਾਲ ਪ੍ਰਾਰਥਨਾ ਕਰ ਰਹੀ ਸੀ।
‘‘ਹੇ ਅੱਲਾਹ! ਤੂੰ ਹੀ ਆਦਿ, ਤੂੰ ਹੀ ਅੰਤ, ਤੂੰ ਹੀ ਰਹਿਮਾਨ, ਤੂੰ ਹੀ ਰਹੀਮ। ਤੂੰ ਹੀ ਅੰਤਿਮ ਦਿਨ ਦਾ ਫ਼ੈਸਲਾ ਕਰਨ ਵਾਲਾ। ਸਾਡੇ ਅਮਲਨਾਮੇ ਸਾਡੇ ਸੱਜੇ ਹੱਥ ਵਿੱਚ ਦੇਣ ਦੀ ਕਿਰਪਾ ਕਰੀਂ। ਆਖ਼ਰਿਤ ਦੇ ਦਿਨ ਦਾ ਇਮਤਿਹਾਨ ਸਾਡੇ ਲਈ ਸੌਖਾ ਕਰ ਦੇਵੀਂ।’’ ਹਰ ਵਾਕ ਤੋਂ ਬਾਅਦ ਤਾਈਮ ਸਾਹ ਲੈਂਦੀ। ਸਾਰੀਆਂ ਔਰਤਾਂ ਇੱਕ ਆਵਾਜ਼ ਵਿੱਚ ‘ਆਮੀਨ’ ਕਹਿੰਦੀਆਂ। ਦੁਆ ਚਲਦੀ ਰਹੀ।
‘‘ਹੇ ਰੱਖਿਅਕ! ਇਸ ਘਰ ਦੀਆਂ ਤਿੰਨ ਮੁੱਲਵਾਨ ਆਤਮਾਵਾਂ ਤੇਰੇ ਸਾਹਮਣੇ ਹਾਜ਼ਰ ਹੋ ਰਹੀਆਂ ਹਨ। ਇਸ ਸੰਸਾਰ ਦੇ ਸਾਰੇ ਮੋਹ ਦੇ ਬੰਧਨਾਂ ਤੋਂ ਮੁਕਤ ਹੋ ਕੇ ਤੇਰੇ ਪਵਿੱਤਰ ਸੰਸਾਰ ਵਿੱਚ ਦਖ਼ਲ ਹੋ ਰਹੀਆਂ ਹਨ। ਯਾ ਅੱਲਾਹ! ਕਬਰ ਦੇ ਗਹਿਰੇ ਹਨੇਰੇ ਵਿੱਚ ਉਨ੍ਹਾਂ ਨੂੰ ਰੋਸ਼ਨੀ ਦੇਈਂ। ਹੇ ਈਸ਼ਵਰ! ਉਨ੍ਹਾਂ ਦੀ ਭੁੱਲ ਚੁੱਕ ਮੁਆਫ਼ ਕਰ ਦੇਈਂ। ਜਾਣੇ ਅਣਜਾਣੇ ਵਿੱਚ ਕੀਤੇ ਪਾਪ ਮੁਆਫ਼ ਕਰ ਦੇਈਂ। ਅੱਜ ਜੋ ਪਰਲੋਕ ਸਿਧਾਰ ਰਹੀਆਂ ਹਨ, ਉਨ੍ਹਾਂ ਵਿੱਚੋਂ ਦੋ ਘਰ ਗ੍ਰਹਿਸਤੀ ਵਾਲੀਆਂ ਹਨ। ਇੱਕ ਬੱਚਾ ਵੀ ਹੈ। ਤੂੰ ਦਿਆਲੂ ਹੈਂ। ਅਨੇਕ ਮਾਵਾਂ ਦੀ ਮਮਤਾ ਤੇਰੇ ਵਿੱਚ ਹੈ। ਅਸੀਂ ਇਸ ਸੰਸਾਰ ਦੇ ਮੋਹ ਮਾਇਆ ਵਿੱਚ ਫਸੇ ਹੋਏ ਹਾਂ। ਸਾਡੇ ਗੁਨਾਹ ਮੁਆਫ਼ ਕਰ ਦੇਵੀਂ।’’ ਸਾਰੀਆਂ ਇੱਕ ਆਵਾਜ਼ ਵਿੱਚ ਬੋਲੀਆਂ ‘ਆਮੀਨ’ ਤੇ ਉਨ੍ਹਾਂ ਦੀ ਦੁਆ ਚਲਦੀ ਰਹੀ।
ਮਰੀਅਮ ਬੀ ਨੇ ਖਲੋ ਕੇ ਸੋਚਿਆ ਕਿ ਉਹ ਵੀ ਦੁਆ ਵਿੱਚ ਸ਼ਾਮਿਲ ਹੋ ਜਾਵੇ ਪਰ ਉਸ ਕੋਲ ਇੰਨਾ ਵਕਤ ਕਿੱਥੇ ਸੀ। ਚਾਹੇ ਉਸ ਨੇ ਸਾਰਾ ਕੰਮ ਬੜੀ ਵਿਧੀ ਅਨੁਸਾਰ ਕੀਤਾ ਸੀ ਤੇ ਕੰਮ ਨਿਪਟਾ ਲਿਆ ਸੀ। ਪਰ ਘਰ ਭੁੱਖੀ ਬੈਠੀ ਧੀ ਦਾ ਖ਼ਿਆਲ ਤੇ ਢੇਰ ਸਾਰੀਆਂ ਚਿੰਤਾਵਾਂ ਨੇ ਆਰਾਮ ਨਾਲ ਬੈਠਣ ਦਾ ਵਿਚਾਰ ਦਿਮਾਗ਼ ਵਿੱਚੋਂ ਕੱਢ ਦਿੱਤਾ। ਉਸ ਦਾ ਕੰਮ ਉਸ ਨੂੰ ਬੁਲਾ ਰਿਹਾ ਸੀ। ਅਜੇ ਕਿੰਨਾ ਕੁਝ ਕਰਨ ਵਾਲਾ ਸੀ।
ਉਹ ਕਾਹਲੀ ਕਾਹਲੀ ਗੁਸਲਖਾਨੇ ਵੱਲ ਗਈ। ਆਪਣੀਆਂ ਅੱਖਾਂ ’ਤੇ ਉੁਸ ਨੂੰ ਯਕੀਨ ਨਹੀਂ ਸੀ ਆ ਰਿਹਾ। ਸਫ਼ੈਦ ਜ਼ਰੀ ਦੇ ਬਾਰਡਰ ਵਾਲੀ ਹਰੇ ਰੰਗ ਦੀ ਸਾੜ੍ਹੀ। ਦੂਸਰੀ ਲਾਲ ਬਾਰਡਰ ਵਾਲੀ ਪੀਲੇ ਰੰਗ ਦੀ ਰੇਸ਼ਮੀ ਸਾੜ੍ਹੀ। ਉਨ੍ਹਾਂ ’ਤੇ ਕਿਤੇ ਕਿਤੇ ਖ਼ੂਨ ਦੇ ਦਾਗ਼ ਲੱਗੇ ਹੋਏ ਸਨ। ਖ਼ੂਨ ਦੇ ਦਾਗ਼ਾਂ ਜਾਂ ਉਨ੍ਹਾਂ ਤੋਂ ਆ ਰਹੀ ਦੁਰਗੰਧ ਨੇ ਉਸ ਨੂੰ ਨਿਰਾਸ਼ ਨਾ ਕੀਤਾ। ਪੂਰੀ ਜ਼ਿੰਦਗੀ ਵਿੱਚ ਕਦੀ ਨਾ ਵੇਖੀਆਂ ਇੰਨੀਆਂ ਅਦਭੁੱਤ ਸੌਗਾਤਾਂ ਉਸ ਦੇ ਹੱਥ ਆ ਜਾਣਗੀਆਂ, ਉਸ ਨੇ ਕਦੀ ਸੋਚਿਆ ਵੀ ਨਹੀਂ ਸੀ। ਉਨ੍ਹਾਂ ਨੂੰ ਚੁੱਕ ਕੇ ਪੋਲੇ ਜਿਹੇ ਛੂਹ ਕੇ ਵੇਖਿਆ। ਅਸਚਰਜ ਨੂੰ ਉਨ੍ਹਾਂ ਸਾੜ੍ਹੀਆਂ ਦੇ ਹੇਠਾਂ ਅਸਮਾ ਦੀ ਫ਼ਰਾਕ ਅਤੇ ਚੂੜੀਦਾਰ ਵੀ ਸੀ। ਨਵੇਂ ਫੈਸ਼ਨ ਦੇ ਸੀਤੇ ਹੋਏ। ਉਸ ਨੇ ਚੁੱਕ ਕੇ ਦੋਵਾਂ ਹੱਥਾਂ ਵਿੱਚ ਫੜ ਕੇ ਦੇਖਿਆ। ਫਰਾਕ ਨੂੰ ਪਿੱਠ ਵਿੱਚ ਕਮਰ ਤਾਈਂ ਕੱਟਿਆ ਹੋਇਆ ਸੀ। ਕੋਈ ਗੱਲ ਨਹੀਂ, ਅੱਜਕੱਲ੍ਹ ਇਹੋ ਜਿਹੀ ਢਿੱਲੀ ਹੀ ਪੈਂਦੀ ਸੀ। ਉਸ ਨੂੰ ਹੇਠਾਂ ਤੱਕ ਕੱਟ ਕੇ ਇੱਕ ਸਿੱਧੀ ਸਿਲਾਈ ਮਾਰ ਦਿੱਤੀ ਜਾਏ ਤਾਂ ਇਕਦਮ ਨਵੀਂ ਡਰੈੱਸ। ਉਸ ਦਾ ਤਨ-ਮਨ ਕ੍ਰਿਤੱਗਤਾ ਨਾਲ ਭਰ ਗਿਆ। ਹਸੀਨਾ ਦੀ ਬੜੀ ਖ਼ਾਹਿਸ਼ ਸੀ ਫਰਾਕ ਅਤੇ ਚੂੜ੍ਹੀਦਾਰ ਪਾਉਣ ਦੀ ਪਰ ਇਹ ਖ਼ਾਹਿਸ਼ ਹੀ ਬਣੀ ਰਹੀ। ਉਸ ਦੀ ਸ਼ਾਦੀ ਵਿੱਚ ਵੀ ਪੂਰੀ ਨਾ ਕਰ ਸਕੀ। ਸ਼ਾਦੀ ਤੋਂ ਬਾਅਦ ਉਸ ਨੇ ਪਤੀ ਨੇ ਵੀ ਇਹ ਨਾ ਪੁਆਏ। ਸਫ਼ੈਦ ਡਰੈੱਸ ’ਤੇ ਲੱਗੇ ਖ਼ੂਨ ਦੇ ਧੱਬਿਆਂ ਨੇ ਵੀ ਉਸ ਦੇ ਉਤਸ਼ਾਹ ਨੂੰ ਘੱਟ ਨਾ ਕੀਤਾ। ਉਨ੍ਹਾਂ ਨੂੰ ਇੱਕ ਪਲ ਗਲ ਨਾਲ ਲਾ ਕੇ ਖਲੋਤੀ ਰਹੀ। ਫਿਰ ਸਾਰੇ ਕੱਪੜੇ ਇਕੱਠੇ ਕਰ ਕੇ ਗੰਢ ਬੰਨ੍ਹ ਲਈ।
ਬੜੀ ਖ਼ੁਸ਼ੀ ਖ਼ੁਸ਼ੀ ਉਹ ਗੁਸਲਖਾਨੇ ਤੋਂ ਨਿਕਲੀ ਤਾਂ ਮਰਦ ਵਾਪਸ ਆ ਗਏ ਸਨ। ਕਈ ਜ਼ਨਾਨੀਆਂ ਆਪਣੇ ਘਰ ਜਾਣ ਲਈ ਬੁਰਕੇ ਪਾ ਰਹੀਆਂ ਸਨ। ਦੂਰੋਂ ਆਈਆਂ ਰਿਸ਼ਤੇਦਾਰ ਔਰਤਾਂ ਕਮਰਿਆਂ ਵਿੱਚ ਜਾ ਕੇ ਲੇਟ ਗਈਆਂ ਸਨ।
ਮਰੀਅਮ ਬੀ ਪਿਛਲੇ ਪਾਸੇ ਗਈ ਤਾਂ ਜਮੀਲ ਸ਼ਾਮਿਆਨਾ ਉਤਾਰਨ ਵਿੱਚ ਲੱਗਾ ਹੋਇਆ ਸੀ। ਉਸ ਨੂੰ ਵੇਖ ਕੇ ਉਸ ਦੇ ਕੋਲ ਆ ਕੇ ਜੇਬ ਵਿੱਚੋਂ ਤਿੰਨ ਸੌ ਰੁਪਏ ਕੱਢ ਕੇ ਉਸ ਦੇ ਹੱਥ ਵਿੱਚ ਫੜਾਉਂਦਿਆਂ ਹੌਲੀ ਜਿਹੀ ਪੁੱਛਿਆ, ‘‘ਚਾਵਲ ਤੇ ਕਣਕ ਲੈ ਲਈ ਗੁਸਲਿਨ ਮਾਸੀ?’’
‘‘ਨਹੀਂ ਜਮੀਲ ਭਾਈ।’’
‘‘ਇੱਧਰ ਆ।’’
ਮਰੀਅਮ ਦੀ ਝੋਲੀ ਭਰ ਗਈ ਚਾਵਲ, ਕਣਕ, ਲੂਣ- ਉਸ ਦੀ ਇੱਛਾ ਪੂਰੀ ਹੋ ਗਈ। ਚਿੱਤ ਸੰਤੁਸ਼ਟ ਹੋ ਗਿਆ। ਚੁੱਕਿਆ ਨਾ ਜਾਣ ਵਾਲਾ ਬੋਝ ਚੁੱਕ ਕੇ ਉਸ ਨੇ ਝੌਂਪੜੀ ਦੇ ਕੋਲ ਜਾ ਕੇ ਸਾਹ ਲਿਆ ਅਤੇ ਆਵਾਜ਼ ਮਾਰੀ, ‘‘ਹਸੀਨਾ ਮੇਰੀ ਬੱਚੀ ਕਿੱਥੇ ਹੈ?’’
ਹਸੀਨਾ ਸਿਰ ਪੀੜ ਤੇ ਭੁੱਖ ਦੀ ਅੱਗ ਵਿੱਚ ਝੁਲਸਦੀ ਆਪਣੀਆਂ ਲੱਤਾਂ ਢਿੱਡ ਨਾਲ ਲਾ ਕੇ ਪਈ ਸੀ। ਉਸ ਨੇ ਲੱਤਾਂ ਸਿੱਧੀਆਂ ਕੀਤੀਆਂ। ਜ਼ੀਨਤ, ਰੇਹਾਨਾ ਅਤੇ ਅਸਮਾ ਨੂੰ ਚੁੱਕ ਕੇ ਆਈ ਮਰੀਅਮ ਬੀ ਨੇ ਬੜੀ ਆਸਾਨੀ ਨਾਲ ਉਸ ਨੂੰ ਉਠਾ ਕੇ ਬਿਠਾਇਆ। ਨਾਲ ਲਿਆਂਦੇ ਦਾਲ-ਚਾਵਲ ਮਿਲਾ ਕੇ ਉਸ ਦੇ ਮੂੰਹ ਵਿੱਚ ਪਾਏ। ਹਸੀਨਾ ਦੇ ਸੰਘ ਤੋਂ ਉਤਰਨ ’ਤੇ ਇੱਕ ਘੁੱਟ ਪਾਣੀ ਪਿਆਇਆ ਤੇ ਫਿਰ ਗਰਾਹੀਆਂ ਉਸ ਦੇ ਮੂੰਹ ਵਿੱਚ ਪਾਉਂਦੀ ਗਈ।