ਹਾਕੀ: ਭਾਰਤ ਦੀ ਨੈਦਰਲੈਂਡਜ਼ ਹੱਥੋਂ ਹਾਰ
ਐਮਸਟਲਵੀਨ (ਨੈਦਰਲੈਂਡਜ਼): ਭਾਰਤੀ ਹਾਕੀ ਟੀਮ ਐੱਫਆਈਐੱਚ ਪ੍ਰੋ ਲੀਗ ਪੁਰਸ਼ ਹਾਕੀ ਦੇ ਯੂਰਪ ਗੇੜ ਦੇ ਅੱਜ ਪਹਿਲੇ ਮੁਕਾਬਲੇ ’ਚ ਇੱਕ ਗੋਲ ਦੀ ਲੀਡ ਬਣਾਉਣ ਦੇ ਬਾਵਜੂਦ ਓਲੰਪਿਕ ਚੈਂਪੀਅਨ ਨੈਦਰਲੈਂਡਜ਼ ਤੋਂ 1-2 ਨਾਲ ਹਾਰ ਗਈ। ਵੈਨ ਡੈਮ ਥੀਜ ਨੇ ਨੈਦਰਲੈਂਡਜ਼ ਲਈ ਦੋ ਮੈਦਾਨੀ ਗੋਲ (25ਵੇਂ ਤੇ 58ਵੇਂ ਮਿੰਟ) ਵਿੱਚ ਦਾਗ਼ੇ, ਜਦਕਿ ਭਾਰਤ ਲਈ ਇਕਲੌਤਾ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ 19ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਕੀਤਾ। ਭਾਰਤ ਹੁਣ ਯੂਰਪ ਗੇੜ ਦੇ ਦੂਜੇ ਮੁਕਾਬਲੇ ਵਿੱਚ ਸੋਮਵਾਰ ਨੂੰ ਮੁੜ ਨੈਦਰਲੈਂਡਜ਼ ਨਾਲ ਭਿੜੇਗਾ। ਹਰਮਨਪ੍ਰੀਤ ਨੇ ਮੈਚ ਦੇ ਪਹਿਲੇ ਪੈਨਲਟੀ ਕਾਰਨਰ ਨੂੰ 19ਵੇਂ ਮਿੰਟ ਵਿੱਚ ਗੋਲ ਵਿੱਚ ਬਦਲ ਕੇ ਭਾਰਤ ਨੂੰ ਲੀਡ ਦਿਵਾਈ ਪਰ ਉਹ ਇਸ ਨੂੰ ਬਰਕਰਾਰ ਨਹੀਂ ਰੱਖ ਸਕਿਆ। ਨੈਦਰਲੈਂਡਜ਼ ਦੇ ਵੈਨ ਡੈਮ ਨੇ 25ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰ ਕੇ ਟੀਮ ਦੀ ਲੀਡ ਬਰਾਬਰ ਕਰ ਲਈ ਅਤੇ ਮੈਚ ਖ਼ਤਮ ਹੋਣ ਤੋਂ ਦੋ ਮਿੰਟ ਪਹਿਲਾਂ ਜੇਤੂ ਗੋਲ ਦਾਗ਼ਿਆ। ਭਾਰਤ ਨੇ ਇਸ ਸਾਲ ਸ਼ੁਰੂ ਵਿੱਚ ਭੁਬਨੇਸ਼ਵਰ ਵਿੱਚ ਪ੍ਰੋ ਲੀਗ ਦਾ ਘਰੇਲੂ ਗੇੜ ਖੇਡਿਆ ਸੀ। -ਪੀਟੀਆਈ