ਹਾਕੀ ਪ੍ਰੋ-ਲੀਗ: ਭਾਰਤ ਅਤੇ ਨੈਦਰਲੈਂਡਜ਼ ਵਿਚਾਲੇ ਮੁਕਾਬਲਾ ਅੱਜ
ਐਮਸਟਲਵੀਨ: ਭਾਰਤੀ ਪੁਰਸ਼ ਹਾਕੀ ਟੀਮ ਸੋਮਵਾਰ ਨੂੰ ਇੱਥੇ ਅਹਿਮ ਮੁਕਾਬਲੇ ਵਿੱਚ ਨੈਦਰਲੈਂਡਜ਼ ਖ਼ਿਲਾਫ਼ ਵਾਪਸੀ ਕਰਨ ਅਤੇ ਐੱਫਆਈਐੱਚ ਪ੍ਰੋ-ਲੀਗ ਵਿੱਚ ਸਿਖਰਲੇ ਸਥਾਨ ਦੀ ਦੌੜ ਵਿੱਚ ਕਾਇਮ ਰਹਿਣ ਦੀ ਕੋਸਿਸ਼ ਕਰੇਗੀ। ਬੀਤੇ ਦਿਨ ਨੈਦਰਲੈਂਡਜ਼ ਹੱਥੋਂ ਮਿਲੀ ਹਾਰ ਤੋਂ ਬਾਅਦ ਭਾਰਤ ਪ੍ਰੋ-ਲੀਗ ਟੇਬਲ ਵਿੱਚ ਚੌਥੇ ਸਥਾਨ ’ਤੇ ਖਿਸਕ ਗਿਆ ਹੈ। ਨੈਦਰਲੈਂਡਜ਼ ਨੌਂ ਮੈਚਾਂ ’ਚ 17 ਅੰਕਾਂ ਨਾਲ ਸਿਖਰ ’ਤੇ ਹੈ। ਇਸ ਤੋਂ ਬਾਅਦ ਇੰਗਲੈਂਡ (ਅੱਠ ਮੈਚਾਂ ਵਿੱਚ 16 ਅੰਕ), ਬੈਲਜੀਅਮ (ਅੱਠ ਮੈਚਾਂ ਵਿੱਚ 16 ਅੰਕ) ਅਤੇ ਭਾਰਤ (ਨੌਂ ਮੈਚਾਂ ਵਿੱਚ 15 ਅੰਕ) ਦਾ ਨੰਬਰ ਆਉਂਦਾ ਹੈ। ਪ੍ਰੋ ਲੀਗ ਦਾ ਯੂਰਪੀ ਗੇੜ ਭਾਰਤ ਲਈ ਬਹੁਤ ਅਹਿਮ ਹੈ। ਸਿਖਰ ’ਤੇ ਰਹਿ ਕੇ ਭਾਰਤ ਅਗਲੇ ਸਾਲ ਬੈਲਜੀਅਮ ਅਤੇ ਨੈਦਰਲੈਂਡਜ਼ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਸਿੱਧੇ ਤੌਰ ’ਤੇ ਕੁਆਲੀਫਾਈ ਕਰ ਲਵੇਗਾ। ਜੇ ਭਾਰਤੀ ਟੀਮ ਇਸ ਵਿੱਚ ਨਾਕਾਮ ਰਹਿੰਦੀ ਹੈ, ਤਾਂ ਉਸ ਨੂੰ 5 ਤੋਂ 14 ਸਤੰਬਰ ਤੱਕ ਬਿਹਾਰ ਦੇ ਰਾਜਗੀਰ ਵਿੱਚ ਹੋਣ ਵਾਲੇ ਏਸ਼ੀਆ ਕੱਪ ਰਾਹੀਂ ਵਿਸ਼ਵ ਕੱਪ ’ਚ ਜਗ੍ਹਾ ਬਣਾਉਣ ਦਾ ਇੱਕ ਹੋਰ ਮੌਕਾ ਮਿਲੇਗਾ। ਨੈਦਰਲੈਂਡਜ਼ ਖ਼ਿਲਾਫ਼ ਪਹਿਲੇ ਮੈਚ ਵਿੱਚ ਭਾਰਤੀ ਟੀਮ ਨੇ ਪਹਿਲੇ ਅੱਧ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਟੀਮ ਨੂੰ ਲੀਡ ਦਿਵਾਈ। ਹਾਲਾਂਕਿ ਨੈਦਰਲੈਂਡ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਥਿਜਸ ਵੈਨ ਡੈਮ ਦੇ ਦੋ ਗੋਲਾਂ ਦੀ ਮਦਦ ਨਾਲ ਜਿੱਤ ਹਾਸਲ ਕੀਤੀ। -ਪੀਟੀਆਈ