ਹਾਕੀ ਦੇ ਦਾਅ-ਪੇਚ ਸਿਖਾਉਣ ਲਈ ਸੰਘਰਸ਼ੀਲ ਅਮਰਜੀਤ ਸਿੰਘ

ਜੇਤੂ ਲੜਕੀਆਂ ਦੀ ਟੀਮ ਨਾਲ ਅਧਿਆਪਕ ਅਮਰਜੀਤ ਸਿੰਘ ਅਤੇ ਪਾਲ ਕੌਰ।

ਲਖਵੀਰ ਚੀਮਾ
ਟੱਲੇਵਾਲ, 20 ਸਤੰਬਰ
ਪਿੰਡ ਦਿਵਾਨਾ ਦੇ ਅਧਿਆਪਕ ਅਮਰਜੀਤ ਸਿੰਘ ਨੇ ਆਪਣੀ ਇੱਛਾ ਸ਼ਕਤੀ ਅਤੇ ਜਜ਼ਬੇ ਨਾਲ ਪਿਛਲੇ ਦਸ ਵਰ੍ਹਿਆਂ ਤੋਂ ਲੜਕੀਆਂ ਦੀ ਹਾਕੀ ਟੀਮ ਨੂੰ ਬੁਲੰਦੀਆਂ ਤਕ ਪਹੁੰਚਾਇਆ ਹੈ। 2010 ਵਿੱਚ ਪਰਵਾਸੀ ਪੰਜਾਬੀਆਂ ਦੀ ਮਦਦ ਨਾਲ 22 ਹਾਕੀਆਂ, ਨੈੱਟ, ਪੋਲ ਆਦਿ ਲੈ ਕੇ ਸਕੂਲ ’ਚ ਲੜਕੀਆਂ ਨੂੰ ਹਾਕੀ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ ਸੀ। ਅਨੇਕਾਂ ਔਕੜਾਂ ਦੇ ਬਾਵਜੂਦ ਉਸ ਵੱਲੋਂ ਟਰੇਨਿੰਗ ਪ੍ਰਾਪਤ ਲੜਕੀਆਂ 2010 ਤੋਂ ਲੈ ਕੇ ਹੁਣ ਤੱਕ ਅੰਡਰ 14 ਅਤੇ 17 ਦੀਆਂ ਲੜਕੀਆਂ ਦੀਆਂ ਟੀਮਾਂ ਹਰ ਵਰ੍ਹੇ ਜ਼ਿਲ੍ਹਾ ਟੂਰਨਾਮੈਂਟ ਜਿੱਤਣ ਦੇ ਨਾਲ ਨਾਲ ਪੰਜਾਬ ਪੱਧਰ ’ਤੇ ਨਾਮਨਾ ਖੱਟ ਰਹੀਆਂ ਹਨ। ਅਮਰਜੀਤ ਆਪਣੀ ਜੇਬ ’ਚੋਂ ਨਿੱਜੀ ਫ਼ੰਡ, ਦਾਨੀ ਸੱਜਣਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਾਕੀ ਖੇਡਣ ਵਾਲੇ ਬੱਚਿਆਂ ਲਈ ਹਰ ਤਰ੍ਹਾਂ ਦੇ ਪ੍ਰਬੰਧ ਕਰ ਰਹੇ ਹਨ।
ਸਰਕਾਰੀ ਪੱਧਰ ’ਤੇ ਸਿਰਫ਼ 5 ਹਜ਼ਾਰ ਰੁਪਏ ਖੇਡ ਫ਼ੰਡ ਮਿਲਦਾ ਹੈ। ਜਦੋਂ ਕਿ ਬੱਚਿਆਂ ਨੂੰ ਆਪਣੇ ਪੱਧਰ ’ਤੇ 1500 ਰੁਪਏ ਵਾਲੀ ਵਧੀਆ ਹਾਕੀ, ਜਰਸੀਆਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਹਾਕੀ ਦੀ ਸਿਖਲਾਈ ਦੇਣ ’ਚ ਉਨ੍ਹਾਂ ਦੀ ਹਮਸਫ਼ਰ ਸਰਕਾਰੀ ਪੀਟੀ ਅਧਿਆਪਕਾ ਪਾਲ ਕੌਰ ਵੀ ਸਾਥ ਦੇ ਰਹੇ ਹਨ। ਉਨ੍ਹਾਂ ਕੋਲ ਇਸ ਸਮੇਂ 50 ਬੱਚੇ ਹਾਕੀ ਖੇਡ ਰਹੇ ਹਨ। ਰੋਜ਼ਾਨਾ ਸ਼ਾਮ 4 ਵਜੇ ਤੋਂ 7 ਵਜੇ ਤੱਕ ਸਕੂਲ ਦੇ ਖੇਡ ਮੈਦਾਨ ’ਚ ਇਨ੍ਹਾਂ ਬੱਚਿਆਂ ਨੂੰ ਹਾਕੀ ਦੀ ਸਿਖਲਾਈ ਦੇ ਹਰ ਪੱਖ ਤੋਂ ਦਾਅ ਪੇਚ ਸਿਖਾਏ ਜਾ ਰਹੇ ਹਨ। ਟੀਮ ਹਰ ਜਗ੍ਹਾ ਪੁਜ਼ੀਸਨ ਹਾਸਲ ਕਰਕੇ ਆਉਂਦੀ ਹੈ। ਅਧਿਆਪਕ ਅਮਰਜੀਤ ਅਤੇ ਪਾਲ ਕੌਰ ਨੇ ਕਿਹਾ ਕਿ ਹਾਕੀ ਖੇਡ ਲੜਕੀਆਂ ਦਾ ਭਵਿੱਖ ਰੌਸ਼ਨ ਕਰ ਰਹੀ ਹੈ। ਉਨ੍ਹਾਂ ਵੱਲੋਂ ਕੋਚਿੰਗ ਪ੍ਰਾਪਤ ਕਰਕੇ ਲੜਕੀਆਂ ਨੂੰ ਸਰਕਾਰੀ ਨੌਕਰੀ ਲੈਣ ’ਚ ਪਹਿਲ ਮਿਲ ਰਹੀ ਹੈ।

Tags :