ਹਾਕੀ ਦੀ ਜਿੰਦ ਜਾਨ ਪਰਗਟ ਸਿੰਘ
ਪ੍ਰਿੰਸੀਪਲ ਸਰਵਣ ਸਿੰਘ
ਪਰਗਟ ਸਿੰਘ ਪਹਿਲਾਂ ਹਾਕੀ ਖਿਡਾਰੀ, ਫਿਰ ਨੈਸ਼ਨਲ ਕੋਚ, ਪੁਲੀਸ ਕਪਤਾਨ, ਸਪੋਰਟਸ ਡਾਇਰੈਕਟਰ ਤੇ ਹੁਣ ਸਿਆਸਤਦਾਨ ਹੈ। ਉਸ ਨੇ 313 ਕੌਮਾਂਤਰੀ ਮੈਚ ਖੇਡੇ ਹਨ। 168 ਮੈਚਾਂ ’ਚ ਉਹ ਭਾਰਤੀ ਹਾਕੀ ਟੀਮਾਂ ਦਾ ਕਪਤਾਨ ਬਣਿਆ। ਏਸ਼ੀਆ ਹਾਕੀ ਕੱਪ, ਸੈਫ ਖੇਡਾਂ, ਏਸ਼ਿਆਈ ਖੇਡਾਂ, ਚੈਂਪੀਅਨਜ਼ ਟਰਾਫੀ, ਵਿਸ਼ਵ ਕੱਪ ਤੇ ਓਲੰਪਿਕ ਖੇਡਾਂ ਵਿੱਚ ਉਸ ਨੇ ਵਾਰ ਵਾਰ ਭਾਰਤੀ ਟੀਮਾਂ ਦੀ ਕਪਤਾਨੀ ਕੀਤੀ। ਭਾਰਤ ਦਾ ਉਹ ਇੱਕੋ-ਇੱਕ ਖਿਡਾਰੀ ਹੈ ਜੋ ਦੋ ਓਲੰਪਿਕਸ ਵਿੱਚ ਭਾਰਤੀ ਹਾਕੀ ਟੀਮਾਂ ਦਾ ਕਪਤਾਨ ਬਣਿਆ। ਐਟਲਾਂਟਾ ਦੀਆਂ ਓਲੰਪਿਕ ਖੇਡਾਂ ਸਮੇਂ ਉਹ ਭਾਰਤੀ ਦਲ ਦਾ ਝੰਡਾਬਰਦਾਰ ਸੀ। ਇੰਟਰ-ਕਾਂਟੀਨੈਂਟਲ ਹਾਕੀ ਕੱਪ ’ਚ ਵੀ ਉਸ ਨੇ ਏਸ਼ੀਅਨ ਆਲ ਸਟਾਰਜ਼ ਇਲੈਵਨ ਦੀ ਕਪਤਾਨੀ ਕੀਤੀ। ਉਸ ਨੂੰ ਅਰਜਨ ਐਵਾਰਡ, ਖੇਲ ਰਤਨ ਐਵਾਰਡ ਤੇ ਪਦਮ ਸ੍ਰੀ ਪੁਰਸਕਾਰ ਮਿਲੇ। ਉਹ ਫੈਡਰੇਸ਼ਨ ਇੰਟਰਨੈਸ਼ਨਲ ਹਾਕੀ ਦਾ ਸਲਾਹਕਾਰ ਤੇ ਹਾਕੀ ਪੰਜਾਬ ਦੀ ਜਿੰਦ ਜਾਨ ਹੈ।
ਪਰਥ-1985 ਦੀ ਚੈਂਪੀਅਨਜ਼ ਟਰਾਫੀ ਦੇ ਇੱਕ ਮੈਚ ਵਿੱਚ ਉਸ ਨੇ 6 ਮਿੰਟਾਂ ’ਚ 4 ਗੋਲ ਕੀਤੇ ਸਨ। ਉਹ ਵੀ ਜਰਮਨੀ ਦੀ ਤਕੜੀ ਟੀਮ ਵਿਰੁੱਧ। ਜਰਮਨੀ ਭਾਰਤ ਤੋਂ 5-1 ਗੋਲਾਂ ਦੇ ਵੱਡੇ ਫਰਕ ਨਾਲ ਅੱਗੇ ਸੀ। ਮੈਚ ਮੁੱਕਣ ’ਚ ਸਿਰਫ਼ 6 ਮਿੰਟ ਬਾਕੀ ਸਨ। ਦਰਸ਼ਕ ਉੱਠਣੇ ਸ਼ੁਰੂ ਹੋ ਚੁੱਕੇ ਸਨ, ਪਰ 6 ਮਿੰਟਾਂ ’ਚ ਪਰਗਟ ਸਿੰਘ ਨੇ ਐਸੀ ਕਲਾ ਵਰਤਾਈ ਕਿ ਉੱਤੋੋੜੁਤੀ 4 ਗੋਲ ਕਰ ਕੇ ਮੈਚ ਬਰਾਬਰ ਕਰ ਲਿਆ ਸੀ!
ਪੰਜਾਬ ਦਾ ਖੇਡ ਡਾਇਰੈਕਟਰ ਹੁੰਦਿਆਂ ਪੰਜਾਬ ’ਚ ਕਰਾਏ ਕਬੱਡੀ ਵਿਸ਼ਵ ਕੱਪਾਂ ਵਿੱਚ ਉਹਦਾ ਵਿਸ਼ੇਸ਼ ਰੋਲ ਸੀ। ਉਦੋਂ ਮੈਨੂੰ ਵੀ ਉਹਦਾ ਸਹਿਯੋਗੀ ਬਣਨ ਦਾ ਮੌਕਾ ਮਿਲਿਆ। ਮੈਨੂੰ ਕਬੱਡੀ ਕੱਪ ਦਾ ਟੈਕਨੀਕਲ ਐਡਵਾਈਜ਼ਰ ਅਤੇ ਕੁਮੈਂਟਰੀ ਟੀਮ ਦਾ ਕੁਆਰਡੀਨੇਟਰ ਬਣਾਇਆ ਗਿਆ ਸੀ। ਬਾਅਦ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਨ ਵਾਲਾ ਭਗਵੰਤ ਸਿੰਘ ਮਾਨ ਵੀ ਉਦੋਂ ਕੁਮੈਂਟੇਰੀ ਟੀਮ ਵਿੱਚ ਸ਼ਾਮਲ ਸੀ। ਉਦੋਂ ਨਾ ਪਰਗਟ ਸਿੰਘ ਸਿਆਸਤਦਾਨ ਸੀ ਤੇ ਨਾ ਭਗਵੰਤ ਮਾਨ। 2012 ’ਚ ਪਰਗਟ ਸਿੰਘ ਤੋਂ ਖੇਡ ਡਾਇਰੈਕਟਰੀ ਛੁਡਵਾ ਕੇ ਉਸ ਨੂੰ ਵਿਧਾਨ ਸਭਾ ਦੀ ਚੋਣ ਲੜਾਈ ਗਈ। ਉਹ ਫਿਰ ਤਿੰਨ ਵਾਰ ਪੰਜਾਬ ਵਿਧਾਨ ਸਭਾ ਦਾ ਮੈਂਬਰ ਚੁਣਿਆ ਗਿਆ। ਇੱਕ ਵਾਰ ਪੰਜਾਬ ਸਰਕਾਰ ਦਾ ਮੰਤਰੀ ਵੀ ਬਣਿਆ।
ਉਸ ਦਾ ਜਨਮ 5 ਮਾਰਚ 1965 ਨੂੰ ਪਿੰਡ ਮਿੱਠਾਪੁਰ ਵਿੱਚ ਸਧਾਰਨ ਕਿਸਾਨ ਗੁਰਦੇਵ ਸਿੰਘ ਦੇ ਘਰ ਮਾਤਾ ਨਸੀਬ ਕੌਰ ਦੀ ਕੁੱਖੋਂ ਹੋਇਆ। ਮਿੱਠਾਪੁਰ ਜਲੰਧਰ ਛਾਉਣੀ ਦੀ ਹਾਕੀ ਬੈਲਟ ’ਚ ਪੈਂਦਾ ਹੈ। ਜਿਵੇਂ ਸੰਸਾਰਪੁਰ ਹਾਕੀ ਓਲੰਪੀਅਨਾਂ ਦਾ ਪਿੰਡ ਵੱਜਦਾ ਸੀ, ਉਵੇਂ ਹੁਣ ਮਿੱਠਾਪੁਰ ਵੀ ਓਲੰਪੀਅਨਾਂ ਦਾ ਪਿੰਡ ਵੱਜਣ ਲੱਗ ਪਿਆ ਹੈ। ਹਾਕੀ ਨਾਲ ਪਹਿਲਾਂ ਧਿਆਨ ਚੰਦ ਦਾ ਨਾਂ ਜੁੜਿਆ। ਫਿਰ ਬਲਬੀਰ ਸਿੰਘ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤਪਾਲ ਸਿੰਘ ਤੇ ਸੁਰਜੀਤ ਸਿੰਘ ਹੋਰਾਂ ਦੇ ਨਾਂ ਜੁੜਦੇ ਗਏ। ਵੀਹਵੀਂ ਸਦੀ ਦੇ ਅੰਤਲੇ ਸਾਲਾਂ ’ਚ ਪਰਗਟ-ਪਰਗਟ ਹੁੰਦੀ ਰਹੀ। ਹਾਕੀ ਤੇ ਪਰਗਟ ਐਸੇ ਨਾਂ ਹਨ ਜਿਵੇਂ ਮੁੱਕੇਬਾਜ਼ੀ ਤੇ ਮੁਹੰਮਦ ਅਲੀ। ਫੁੱਟਬਾਲ ਦੇ ਪੇਲੇ ਵਾਂਗ ਉਹ ਹਾਕੀ ਦਾ ਪੇਲੇ ਹੈ। ਉਸ ਨੇ ਸੈਂਕੜੇ ਗੇਂਦਾਂ ਤੇ ਦਰਜਨਾਂ ਹਾਕੀਆਂ ਹੰਢਾਈਆਂ। ਅਨੇਕ ਮੈਦਾਨ ਘਸਾਏ ਤੇ ਦਰਜਨਾਂ ਮੁਲਕ ਗਾਹੇ। ਕੁਮੈਂਟੇਟਰਾਂ ਨੇ ਉਹਦਾ ਨਾਂ ਹਜ਼ਾਰਾਂ ਵਾਰ ਹਵਾ ਦੀਆਂ ਤਰੰਗਾਂ ’ਚ ਗੁੰਜਾਇਆ।
ਪਰਗਟ ਸਿੰਘ ਦੀ ਬਾਲ ਟੈਕਲਿੰਗ, ਡ੍ਰਿਬਲਿੰਗ, ਪੈਨਲਟੀ ਕਾਰਨ ਦੇ ਗੋਲ ਦਾਗਣ, ਗੱਲ ਕੀ ਸੰਪੂਰਨ ਹਾਕੀ ਸ਼ੈਲੀ ਦਾ ਕੋਈ ਸਾਨੀ ਨਹੀਂ ਸੀ। ਉਹ ਫੁੱਲ ਬੈਕ ਖੇਡਦਾ ਹੋਇਆ ਵੀ ਗੋਲ ਲਾਈਨ ਤੋਂ ਗੇਂਦ ਲੈ ਕੇ ਖਿਡਾਰੀਆਂ ਨੂੰ ਝਕਾਨੀਆਂ ਦਿੰਦਾ ਵਿਰੋਧੀ ਧਿਰ ਸਿਰ ਗੋਲ ਕਰ ਦਿੰਦਾ ਸੀ। ਇਸੇ ਲਈ ਖੇਡ ਮਾਹਿਰਾਂ ਨੇ ਉਸ ਨੂੰ ਹਰਫਨਮੌਲਾ ਹਾਕੀ ਖਿਡਾਰੀ ਹੋਣ ਦੀ ਉਪਾਧੀ ਦਿੱਤੀ। ਚੰਡੀਗੜ੍ਹ ਤੇ ਦਿੱਲੀ ਦੇ ਖੇਡ ਪੱਤਰਕਾਰਾਂ ਨੇ ਉਸ ਨੂੰ ਦੇਸ਼ ਦਾ ਸਰਵੋਤਮ ਖਿਡਾਰੀ ਐਲਾਨਿਆ। ਉਸ ਨੇ ਖ਼ੁਦ ਖੇਡ ਪੱਤਰਕਾਰੀ ਕਰਦਿਆਂ ਹਾਕੀ ਦਾ ਮੈਗਜ਼ੀਨ ਕੱਢਿਆ ਤੇ ਹਾਕੀ ਮੈਚਾਂ ਦੀ ਕੁਮੈਂਟਰੀ ਕੀਤੀ। ਉਹ ਗਾਉਣ ਨਾਲ ਸਾਥੀਆਂ ਦਾ ਦਿਲ ਵੀ ਪਰਚਾਉਂਦਾ ਰਿਹਾ।
ਉਹ ਉਸ ਇਲਾਕੇ ਦਾ ਜੰਮਪਲ ਹੈ ਜਿੱਥੇ ਜੰਮਦੇ ਬੱਚਿਆਂ ਨੂੰ ਹਾਕੀ ਖੇਡਣ ਦੀ ਗੁੜ੍ਹਤੀ ਮਿਲਦੀ ਰਹੀ। ਮਿੱਠਾਪੁਰ ਹਾਕੀ ਦੇ ਘਰ ਸੰਸਾਰਪੁਰ ਤੇ ਖੁਸਰੋਪੁਰ ਦੇ ਨੇੜੇ ਹੀ ਹੈ। ਉਸ ਪਿੰਡ ਦੇ ਬੀਹੀਆਂ-ਵਿਹੜੇ ਉਦੋਂ ਕ੍ਰਿਕਟ ਦੇ ਲੇਖੇ ਨਹੀਂ ਸਨ ਲੱਗੇ। ਖਿੱਦੋ-ਖੂੰਡੀ ਖੇਡਦੇ ਨਿਆਣੇ ਵੱਡਿਆਂ ਦੀ ਰੀਸੇ ਹਾਕੀ ਖੇਡਣ ਲੱਗ ਜਾਂਦੇ। ਪਰਗਟ ਸਿੰਘ ਨੇ ਨਿੱਕੇ ਹੁੰਦਿਆਂ ਹਾਕੀ ਫੜ ਲਈ ਸੀ। ਉਹ ਸਕੂਲੇ ਪੜ੍ਹਦਿਆਂ ਹੀ ਸਕੂਲ ਦੀ ਹਾਕੀ ਟੀਮ ਦਾ ਵਧੀਆ ਖਿਡਾਰੀ ਬਣ ਗਿਆ। ਪਹਿਲਾਂ ਗੋਲਚੀ, ਫਿਰ ਫਾਰਵਰਡ ਤੇ ਫਿਰ ਫੁੱਲ ਬੈਕ ਬਣਿਆ।
ਪਿੰਡੋਂ ਉਹ ਜਲੰਧਰ ਪੜ੍ਹਨ ਜਾ ਲੱਗਾ। ਜਲੰਧਰ ਹਾਕੀ ਦੀ ਰਾਜਧਾਨੀ ਹੈ ਜਿੱਥੇ ਖੇਡਾਂ ਦਾ ਸਾਮਾਨ ਬਣਦਾ ਹੈ ਤੇ ਖਿਡਾਰੀ ਚੰਡੇ ਤਰਾਸ਼ੇ ਜਾਂਦੇ ਹਨ। ਸਕੂਲਾਂ ਕਾਲਜਾਂ ਤੋਂ ਬਿਨਾਂ ਕੌਮੀ ਅਦਾਰਿਆਂ ਦੀਆਂ ਹਾਕੀ ਟੀਮਾਂ ਦਾ ਵੀ ਜਲੰਧਰ ਹੈੱਡਕੁਆਟਰ ਹੈ। ਹਰੇਕ ਮੋੜ ’ਤੇ ਹਾਕੀ ਓਲੰਪੀਅਨ ਮਿਲਦੇ ਹਨ। ਹਾਇਰ ਸੈਕੰਡਰੀ ਕਰ ਕੇ ਉਹ ਲਾਇਲਪੁਰ ਖਾਲਸਾ ਕਾਲਜ ਵਿੱਚ ਪੜ੍ਹਨ ਲੱਗਾ। ਉੱਥੇ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਕੰਬਾਈਂਡ ਯੂਨੀਵਰਸਿਟੀਜ਼ ਟੀਮਾਂ ਦਾ ਮੈਂਬਰ ਬਣਿਆ ਅਤੇ ਅਠਾਰਾਂ ਸਾਲ ਦੀ ਉਮਰੇ ਕੈਨੇਡਾ ਦਾ ਜੂਨੀਅਰ ਵਰਲਡ ਕੱਪ ਖੇਡਿਆ।
ਵਰਣਨਯੋਗ ਹੈ ਕਿ ਜਿੱਥੇ ਉਹ ਵਧੀਆ ਖਿਡਾਰੀ ਸੀ, ਉੱਥੇ ਪੜ੍ਹਾਈ ਵਿੱਚ ਵੀ ਹੁਸ਼ਿਆਰ ਵਿਦਿਆਰਥੀ ਸੀ। ਆਪਣੀ ਜਮਾਤ ’ਚੋਂ ਹਮੇਸ਼ਾਂ ਪਹਿਲੇ, ਦੂਜੇ ਨੰਬਰ ’ਤੇ ਆਉਂਦਾ। ਖੇਡਣ ਨਾਲ ਉਸ ਨੂੰ ਗਾਉਣ ਦਾ ਵੀ ਸ਼ੌਕ ਸੀ। ਜੇ ਉਹ ਹਾਕੀ ਨਾ ਖੇਡਦਾ ਤਾਂ ਸੰਭਵ ਸੀ ਮਲਕੀਤ ਸਿੰਘ ਵਾਂਗ ਗਾਇਕੀ ਦਾ ਗੋਲਡਨ ਸਟਾਰ ਬਣਿਆ ਹੁੰਦਾ। ਕਿਸਾਨ ਦਾ ਪੁੱਤਰ ਹੋਣ ਕਰਕੇ ਮਿਹਨਤ ਕਰਨੀ ਉਸ ਨੂੰ ਵਿਰਸੇ ’ਚ ਮਿਲੀ ਸੀ। ਉਸ ਨੂੰ ਹੋਰ ਮਿਹਨਤੀ ਬਣਾਉਣ ’ਚ ਸਕੂਲ ਦੇ ਮਾਸਟਰਾਂ ਦੀ ਕੁੱਟ ਤੇ ਘਰੇ ਮਾਪਿਆਂ ਦੀ ਕੁੱਟ ਵੀ ਬੜੀ ਰਾਸ ਆਈ। ਮਾਸਟਰਾਂ ਦੀ ਕੁੱਟ ਖਾਣ ਪਿੱਛੋਂ ਮਾਪੇ ਇਸ ਲਈ ਦੋਹਰ ਲਾਉਂਦੇ ਕਿ ਮਾਸਟਰਾਂ ਤੋਂ ਕੁੱਟ ਕਿਉਂ ਖਾਧੀ?
ਪਰਗਟ ਸਿੰਘ ਦਾ ਕੱਦ ਦਰਮਿਆਨਾ, ਨੈਣ-ਨਕਸ਼ ਤਿੱਖੇ ਤੇ ਰੰਗ ਸਾਂਵਲਾ ਹੈ। ਉਹ ਨਾ ਕਿਸੇ ਨੂੰ ਡਰਾਉਂਦੈ, ਨਾ ਕਿਸੇ ਤੋਂ ਡਰਦਾ। ਦਲੀਲ ਨਾਲ ਜਿਹੜਾ ਮਰਜ਼ੀ ਕਾਇਲ ਕਰ ਲਵੇ। ਬਤੌਰ ਖਿਡਾਰੀ, ਸੁਪਰਡੈਂਟ ਪੁਲੀਸ ਤੇ ਡਾਇਰੈਕਟਰ ਸਪੋਰਟਸ ਵੀ ਉਹਦਾ ਸੁਭਾਅ ਇਹੋ ਜਿਹਾ ਰਿਹਾ ਤੇ ਬਤੌਰ ਸਿਆਸਤਦਾਨ ਵੀ। ਖੇਡ ਡਾਇਰੈਕਟਰ ਹੁੰਦਿਆਂ ਉਸ ਨੇ ‘ਵੱਡੇ ਬੰਦਿਆਂ’ ਦੇ ਛਲਾਰੂ ਮੁੰਡਿਆਂ ਨੂੰ ਮੈਰਿਟ ਦੇ ਖਿਡਾਰੀਆਂ ਦੀ ਥਾਂ ਡੀਐੱਸਪੀ ਨਹੀਂ ਸੀ ਲੱਗਣ ਦਿੱਤਾ। ਉਹ ਸੱਚਾ ਸਪੋਰਟਸਮੈਨ ਹੋਣ ਦੇ ਨਾਤੇ ਸਹੀ ਨੂੰ ਸਹੀ ਤੇ ਗ਼ਲਤ ਨੂੰ ਗ਼ਲਤ ਕਹਿਣ ਵਾਲਾ ਅਫ਼ਸਰ ਰਿਹਾ। ਸਿਆਸਤ ਵਿੱਚ ਵੀ ਪਹਿਲਾਂ ਅਕਾਲੀ ਦਲ, ਫਿਰ ਨਵਜੋਤ ਸਿੱਧੂ ਤੇ ਬੈਂਸ ਭਰਾਵਾਂ ਨਾਲ ਆਵਾਜ਼-ਏ-ਪੰਜਾਬ ਤੇ ਫਿਰ ਕਾਂਗਰਸ ਪਾਰਟੀ ’ਚ ਸ਼ਾਮਲ ਹੋਇਆ।
1983 ਵਿੱਚ 18 ਸਾਲ ਦੀ ਉਮਰੇ ਉਸ ਨੂੰ ਭਾਰਤੀ ਹਾਕੀ ਟੀਮ ਦੇ ਕੋਚਿੰਗ ਕੈਂਪ ’ਚ ਸ਼ਾਮਲ ਕਰ ਲਿਆ ਗਿਆ ਸੀ। ਪਹਿਲਾ ਇੰਟਰਨੈਸ਼ਨਲ ਟੂਰਨਾਮੈਂਟ ਉਹ ਹਾਂਗਕਾਂਗ ਖੇਡਿਆ। ਫਿਰ ਵੈਨਕੂਵਰ ਦਾ ਜੂਨੀਅਰ ਵਰਲਡ ਹਾਕੀ ਕੱਪ ਖੇਡਿਆ, ਜਿੱਥੇ ਉਸ ਨੇ ਚੰਗੀ ਹੋਣਹਾਰੀ ਵਿਖਾਈ। 1985 ’ਚ ਢਾਕੇ ਦਾ ਏਸ਼ੀਆ ਕੱਪ ਖੇਡਿਆ ਜਿੱਥੋਂ ਸਿਲਵਰ ਮੈਡਲ ਜਿੱਤਿਆ। ਪਰਥ ਦੀ ਚੈਂਪੀਅਨਜ਼ ਟਰਾਫੀ ਖੇਡਦਿਆਂ ਅਖ਼ੀਰਲੇ 6 ਮਿੰਟਾਂ ’ਚ 4 ਗੋਲ ਕਰਨ ਦਾ ਕੌਤਕ ਵਰਤਾਇਆ। 1986 ਵਿੱਚ ਕਰਾਚੀ ਦੀ ਚੈਂਪੀਅਨਜ਼ ਟਰਾਫੀ ਸਮੇਂ ਚੋਟੀ ਦੀ ਟੀਮ ਹਾਲੈਂਡ ਨੂੰ 3-2 ਗੋਲਾਂ ਨਾਲ ਹਰਾਇਆ।
1986 ਵਿੱਚ ਉਹ ਲੰਡਨ ਦਾ ਵਿਸ਼ਵ ਕੱਪ ਖੇਡਿਆ। 1986 ਵਿੱਚ ਹੀ ਸਿਓਲ ਦੀਆਂ ਏਸ਼ਿਆਈ ਖੇਡਾਂ ’ਚੋਂ ਕਾਂਸੀ ਦਾ ਮੈਡਲ ਜਿੱਤਿਆ। 1988 ਵਿੱਚ ਉਹ ਓਲੰਪਿਕ ਖੇਡਾਂ ਲਈ ਭਾਰਤੀ ਟੀਮ ’ਚ ਚੁਣਿਆ ਗਿਆ। ਟੀਮ ਭਾਵੇਂ ਕੋਈ ਮੈਡਲ ਨਾ ਜਿੱਤ ਸਕੀ, ਪਰ ਪਰਗਟ ਸਿੰਘ ਦੀ ਖੇਡ ਚੰਗੀ ਸਲਾਹੀ ਗਈ। ਨਾਲ ਦੀ ਨਾਲ ਉਹ ਹਾਕੀ ਦੀਆਂ ਚੈਂਪੀਅਨਜ਼ ਟਰਾਫੀਆਂ ਵੀ ਖੇਡਦਾ ਰਿਹਾ। 1990 ਵਿੱਚ ਲਾਹੌਰ ਦਾ ਵਿਸ਼ਵ ਹਾਕੀ ਕੱਪ ਖੇਡਿਆ। ਤਦ ਤੱਕ ਉਹ ਵਿਸ਼ਵ ਦਾ ਸਰਬੋਤਮ ਫੁੱਲਬੈਕ ਖਿਡਾਰੀ ਮੰਨਿਆ ਜਾਣ ਲੱਗਾ ਸੀ। ਉਸੇ ਸਾਲ ਉਹ ਬੀਜਿੰਗ ਦੀਆਂ ਏਸ਼ਿਆਈ ਖੇਡਾਂ ’ਚੋਂ ਚਾਂਦੀ ਦਾ ਤਗ਼ਮਾ ਜਿੱਤਿਆ। ਬਾਰਸੀਲੋਨਾ-1992 ਦੀਆਂ ਓਲੰਪਿਕ ਖੇਡਾਂ ’ਚ ਉਸ ਨੂੰ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ। 1992 ਵਿੱਚ ਹੀ ਕੁਆਲਾ ਲੰਪੁਰ ਵਿਖੇ ਹੋਏ ਪਹਿਲੇ ਅੰਤਰ ਮਹਾਂਦੀਪੀ ਟੂਰਨਾਮੈਂਟ ’ਚ ਉਸ ਨੇ ਏਸ਼ੀਆ ਆਲ ਸਟਾਰਜ਼ ਟੀਮ ਦੀ ਕਪਤਾਨੀ ਕੀਤੀ।
ਉਸ ਦੀ ਭਾਰਤੀ ਹਾਕੀ ਫੈਡਰੇਸ਼ਨ ਨਾਲ ਅਣਬਣ ਹੋਣ ਦੇ ਬਾਵਜੂਦ ਉਸ ਨੂੰ ਮੁੜ ਮੁੜ ਕੌਮੀ ਟੀਮਾਂ ਵਿੱਚ ਪਾਉਣਾ ਪਿਆ। ਇੱਥੋਂ ਤੱਕ ਕਿ ਐਟਲਾਂਟਾ-1996 ਦੀਆਂ ਓਲੰਪਿਕ ਖੇਡਾਂ ’ਚ ਉਸ ਨੂੰ ਭਾਰਤੀ ਹਾਕੀ ਟੀਮ ਦਾ ਦੁਬਾਰਾ ਕੈਪਟਨ ਬਣਾਉਣ ਨਾਲ ਭਾਰਤੀ ਦਲ ਦਾ ਮੋਹਰੀ ਵੀ ਬਣਾਇਆ ਗਿਆ। ਉਹ ਭਾਰਤ ਦਾ ਇੱਕੋ-ਇੱਕ ਹਾਕੀ ਖਿਡਾਰੀ ਹੈ ਜੋ ਓਲੰਪਿਕ ਖੇਡਾਂ ’ਚ ਦੋ ਵਾਰ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਿਆ।
ਕੁਝ ਸਮਾਂ ਉਹ ਮਲੇਸ਼ੀਆ ਦੇ ਜੌਹਰ ਬਾਹਰੂ ਕਲੱਬ ਲਈ ਵੀ ਖੇਡਿਆ। ਫਿਰ ਉਸ ਨੂੰ ਭਾਰਤੀ ਹਾਕੀ ਦਾ ਨੈਸ਼ਨਲ ਕੋਚ ਬਣਾਇਆ ਗਿਆ ਅਤੇ ਪਦਮ ਸ੍ਰੀ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ। ਉਹ ਐੱਫਆਈਐੱਚ ਦੇ ਐਡਵਾਈਜ਼ਰੀ ਪੈਨਲ ਵਿੱਚ ਵੀ ਰਿਹਾ। ਉਸ ਨੇ ਭਾਰਤੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਦੀ ਚੋਣ ਵੀ ਲੜੀ, ਪਰ ਖਿਡਾਰੀ ਨੂੰ ਚੁਣਨ ਦੀ ਥਾਂ ਵਡੇਰੀ ਉਮਰ ਦੀ ਇੱਕ ਸਿਆਸਤਦਾਨ ਔਰਤ ਨੂੰ ਚੇਅਰਪਰਸਨ ਚੁਣ ਲਿਆ ਗਿਆ।
2005 ਵਿੱਚ ਜਦੋਂ ਉਹ ਪੰਜਾਬ ਪੁਲੀਸ ’ਚ ਸੁਪਰਡੰਟ ਸੀ, ਉਸ ਨੂੰ ਖੇਡ ਵਿਭਾਗ ਪੰਜਾਬ ਦਾ ਡਾਇਰੈਕਟਰ ਲਾ ਦਿੱਤਾ ਗਿਆ। ਕਸਰਤੀ ਤੇ ਸੰਜਮੀ ਏਨਾ ਸੀ ਕਿ ਸਵੱਖਤੇ ਚੰਡੀਗੜ੍ਹ ਵਾਲੀ ਬੱਸ ’ਤੇ ਜਾਂਦਾ ਤੇ ਦਿਨ ਛਿਪੇ ਬੱਸ ’ਤੇ ਜਲੰਧਰ ਮੁੜਦਾ। ਡਾਇਰੈਕਟਰ ਬਣ ਕੇ ਉਸ ਨੇ ਖੇਡਾਂ ਦਾ ਦਾਇਰਾ ਹੋਰ ਵਿਸ਼ਾਲ ਕੀਤਾ। ਕੋਚਿੰਗ ਸੈਂਟਰ ਪੁਨਰ ਸੁਰਜੀਤ ਕੀਤੇ। ਸਮੂਹ ਖੇਡਾਂ, ਖ਼ਾਸ ਕਰ ਹਾਕੀ ਦੀ ਤਰੱਕੀ ਲਈ ਦੂਰਗਾਮੀ ਨੀਤੀਆਂ ਬਣਾਈਆਂ। ਜਲੰਧਰ ਵਿੱਚ ਸੁਰਜੀਤ ਹਾਕੀ ਅਕੈਡਮੀ ਸਥਾਪਤ ਕੀਤੀ ਜਿਸ ਨੇ ਬਿਹਤਰੀਨ ਹਾਕੀ ਖਿਡਾਰੀ ਕੰਪਨੀਆਂ ਤੇ ਮਹਿਕਮਿਆਂ ਨੂੰ ਦਿੱਤੇ। ਉਹ ਆਪ ਪੰਜਾਬ ਹਾਕੀ ਐਸੋਸੀਏਸ਼ਨ ਦਾ ਜਨਰਲ ਸਕੱਤਰ ਤੇ ਸੁਰਜੀਤ ਮੈਮੋਰੀਅਲ ਹਾਕੀ ਸੁਸਾਇਟੀ ਦਾ ਮੀਤ ਪ੍ਰਧਾਨ ਰਿਹਾ। ਉਹਦੀ ਉਸ ਵੇਲੇ ਦੀ ਹਾਕੀ ਨੀਤੀ ਦੇ ਸਿੱਟੇ ਵਜੋਂ ਭਾਰਤੀ ਹਾਕੀ ਟੀਮਾਂ ਵਿੱਚ ਅੱਧੋਂ ਵੱਧ ਖਿਡਾਰੀ ਪੰਜਾਬ ਦੇ ਜੰਮੇ ਜਾਏ ਸ਼ਾਮਲ ਹੁੰਦੇ ਆ ਰਹੇ ਹਨ।
ਪਰਗਟ ਸਿੰਘ ਕੰਬਾਈਂਡ ਯੂਨੀਵਰਸਿਟੀਜ਼ ਦੀ ਟੀਮ ’ਚ ਖੇਡਦਾ ਪਹਿਲਾਂ ਰੇਲਵੇਜ਼, ਫਿਰ ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਇੰਸਪੈਕਟਰ ਲੱਗਾ ਤੇ ਫਿਰ ਪੰਜਾਬ ਅਲਕਲੀਜ਼ ਦੀ ਟੀਮ ਵਿੱਚ ਬਤੌਰ ਅਫ਼ਸਰ ਆ ਗਿਆ। ਫਿਰ ਉਸ ਨੂੰ ਪੰਜਾਬ ਪੁਲੀਸ ਨੇ ਸਿੱਧਾ ਡੀਐੱਸਪੀ ਭਰਤੀ ਕਰ ਲਿਆ। 2005 ਵਿੱਚ ਉਹ ਪੰਜਾਬ ਖੇਡ ਵਿਭਾਗ ਦਾ ਡਾਇਰੈਕਟਰ ਬਣਿਆ। ਉਸ ਨੇ ਸਕੂਲਾਂ-ਕਾਲਜਾਂ ਦੇ ਖੇਡ ਵਿੰਗਾਂ ਨੂੰ ਫਿਰ ਸਰਗਰਮ ਕੀਤਾ। ਲੋੜੀਂਦਾ ਖੇਡ ਸਾਮਾਨ ਸਕੂਲਾਂ ਤੇ ਕਾਲਜਾਂ ਦੇ ਖੇਡ ਵਿੰਗਾਂ ’ਚ ਪਹੁੰਚਾਇਆ। ਖਾਲੀ ਥਾਵਾਂ ’ਤੇ ਕੋਚ ਤਾਇਨਾਤ ਕੀਤੇ।
ਹਾਕੀ ਖੇਡਣ ਤੋਂ ਰਿਟਾਇਰ ਹੋ ਕੇ ਉਹ ਅਖ਼ਬਾਰਾਂ ਨੂੰ ਵੱਡੇ ਹਾਕੀ ਟੂਰਨਾਮੈਂਟਾਂ ਦੀਆਂ ਖੇਡ ਰਿਪੋਰਟਾਂ ਭੇਜਦਾ ਰਿਹਾ ਤੇ ਕੁਮੈਂਟਰੀ ਵੀ ਕਰਦਾ ਰਿਹਾ। ਉਸ ਦੀਆਂ ਵਿਸ਼ਲੇਸ਼ਣੀ ਟਿੱਪਣੀਆਂ ’ਚ ਖੇਡ-ਮੁਹਾਰਤ ਹੁੰਦੀ ਸੀ। ਜਿਹੜੇ ਹਾਕੀ ਅਧਿਕਾਰੀ ਹਾਕੀ ਪ੍ਰਤੀ ਸੁਹਿਰਦ ਨਹੀਂ ਸਨ, ਉਨ੍ਹਾਂ ਦੀ ਉਹ ਡਟ ਕੇ ਆਲੋਚਨਾ ਕਰਦਾ ਸੀ। ਉਹਦੇ ਅੰਦਰ ਸੱਚੀ ਗੱਲ ਕਹਿਣ ਦੀ ਦਲੇਰੀ ਹੈ ਭਾਵੇਂ ਉਹਦਾ ਨਿੱਜੀ ਨੁਕਸਾਨ ਹੀ ਕਿਉਂ ਨਾ ਹੁੰਦਾ ਹੋਵੇ। ਉਹਦੇ ਅਜਿਹੇ ਸੁਭਾਅ ਨੇ ਨੁਕਸਾਨ ਕਰਵਾਇਆ ਵੀ ਤੇ ਉਸ ਨੂੰ ਕੁਝ ਸਮਾਂ ਭਾਰਤੀ ਹਾਕੀ ਟੀਮਾਂ ਤੋਂ ਲਾਂਭੇ ਵੀ ਰਹਿਣਾ ਪਿਆ ਸੀ, ਪਰ ਉਸ ਦੀ ਖੇਡ ਕਲਾ ਦਾ ਜਾਦੂ ਸੀ ਕਿ ਅਧਿਕਾਰੀਆਂ ਨੂੰ ਮੁੜ ਮੁੜ ਕੇ ਉਸ ਨੂੰ ਟੀਮ ਵਿੱਚ ਪਾਉਣਾ ਪਿਆ ਸੀ।
ਪਰਗਟ ਸਿੰਘ ਦਾ ਵਿਆਹ ਸਾਬਕਾ ਸਪੀਕਰ ਤੇ ਰਾਜਸਥਾਨ ਦੇ ਸਾਬਕਾ ਗਵਰਨਰ ਦਰਬਾਰਾ ਸਿੰਘ ਦੀ ਧੀ ਬੀਬੀ ਬਰਿੰਦਰਜੀਤ ਨਾਲ ਹੋਇਆ। ਉਨ੍ਹਾਂ ਦਾ ਪੁੱਤਰ ਹਰਤਾਸ਼ ਸਿੰਘ ਤੇ ਪੁੱਤਰੀ ਹਰਨੂਰ ਕੌਰ ਵਿਆਹੇ ਵਰ੍ਹੇ ਹਨ। ਧੜੱਲੇਦਾਰ ਸਿਆਸਤਦਾਨ ਵਜੋਂ ਬੇਸ਼ੱਕ ਉਹ ਚੋਖਾ ਵਜ਼ਨਦਾਰ ਹੈ, ਪਰ ਚੱਲਵੀਂ ਸਿਆਸਤ ਦੀ ਟੈਕਲਿੰਗ ਤੇ ਡ੍ਰਿਬਿਲਿੰਗ ਕਰਨੀ ਹਾਲੇ ਹਾਕੀ ਜਿੰਨੀ ਨਹੀਂ ਸਿੱਖਿਆ।
2012 ਵਿੱਚ ਸੁਖਬੀਰ ਸਿੰਘ ਬਾਦਲ ਨੇ ਉਸ ਤੋਂ ਖੇਡ ਵਿਭਾਗ ਦੀ ਡਾਇਰੈਕਟਰੀ ਛੁਡਾ ਕੇ ਜਲੰਧਰ ਛਾਉਣੀ ਤੋਂ ਟਿਕਟ ਦਿੱਤੀ ਸੀ। ਜਲੰਧਰ ਛਾਉਣੀ ਕਾਂਗਰਸ ਦੀ ਪੱਕੀ ਸੀਟ ਸਮਝੀ ਜਾਂਦੀ ਸੀ, ਪਰ ਪਰਗਟ ਸਿੰਘ ਆਪਣੀ ਮਕਬੂਲੀਅਤ ਸਦਕਾ ਚੋਣ ਜਿੱਤ ਗਿਆ। ਵਿਧਾਇਕ ਤਾਂ ਉਹ ਬਣ ਗਿਆ, ਪਰ ਸਿਆਸਤੀ ਚਾਲਾਂ ਨਾ ਆਈਆਂ। ਬੁਨਿਆਦੀ ਤੌਰ ’ਤੇ ਉਹ ਖਿਡਾਰੀ ਸੀ, ਸਿਆਸਤਦਾਨ ਨਹੀਂ।