‘ਹਾਊਸਫੁੱਲ-5’ ਨੇ ਬਾਕਸ ਆਫਿਸ ’ਤੇ ਸੌ ਕਰੋੜ ਤੋਂ ਵੱਧ ਕਮਾਏ
ਨਵੀਂ ਦਿੱਲੀ: ਅਦਾਕਾਰ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁਖ ਅਤੇ ਜੈਕਲੀਨ ਫਰਨਾਂਡੇਜ਼ ਦੀ ਫਿਲਮ ‘ਹਾਊਸਫੁੱਲ-5’ ਨੇ ਘਰੇਲੂ ਬਾਕਸ ਆਫ਼ਿਸ ’ਤੇ 104.98 ਕਰੋੜ ਤੋਂ ਵੱਧ ਕਮਾਈ ਕਰ ਲਈ ਹੈ। ਇਹ ਜਾਣਕਾਰੀ ਫਿਲਮ ਨਿਰਮਾਤਾਵਾਂ ਨੇ ਦਿੱਤੀ। ਫਿਲਮਸਾਜ਼ ਤਰੁਣ ਮਨਸੁਖਾਨੀ ਵੱਲੋਂ ਨਿਰਦੇਸ਼ਿਤ ਇਹ ਫਿਲਮ 2010 ਵਿੱਚ ਆਈ ‘ਹਾਊਸਫੁੱਲ’ ਦਾ ਪੰਜਵਾਂ ਭਾਗ ਹੈ। ਜ਼ਿਕਰਯੋਗ ਹੈ ਕਿ ਸਾਜਿਦ ਨਾਡਿਆਡਵਾਲਾ ਦੇ ਪ੍ਰੋਡਕਸ਼ਨ ਬੈਨਰ ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਵੱਲੋਂ ਬਣਾਈ ਗਈ ‘ਹਾਊਸਫੁੱਲ-5’ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ 6 ਜੂਨ ਨੂੰ ਰਿਲੀਜ਼ ਹੋਈ ਸੀ। ਪ੍ਰੋਡਕਸ਼ਨ ਬੈਨਰ ਨੇ ਸੋਸ਼ਲ ਮੀਡੀਆ ਮੰਚ ਐੱਕਸ ’ਤੇ ਫਿਲਮ ਦੀ ਬਾਕਸ ਆਫਿਸ ’ਤੇ ਕਮਾਈ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰੋਡਕਸ਼ਨ ਬੈਨਰ ਨੇ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਕਿਹਾ, ‘‘ਇੱਕ ਹਾਊਸਫੁੱਲ ਦਿਲ। ਇੰਨਾ ਪਿਆਰ ਦੇਣ ਲਈ ਧੰਨਵਾਦ ਤੇ ਅੱਜ ਹੀ ਆਪਣੀਆਂ ਟਿਕਟਾਂ ਬੁੱਕ ਕਰੋ। ‘ਹਾਊਸਫੁੱਲ-5’ ਨੇ ਪਹਿਲੇ ਦਿਨ 24.35 ਕਰੋੜ ਰੁਪਏ ਕਮਾਏ ਤੇ ਰਿਲੀਜ਼ ਹੋਣ ਦੇ ਪਹਿਲੇ ਹਫ਼ਤੇ ਵਿੱਚ ਕੁੱਲ 91.83 ਕਰੋੜ ਰੁਪਏ ਕਮਾਏ। ਹੁਣ ਤੱਕ ਫਿਲਮ ਕੁੱਲ 104.98 ਕਰੋੜ ਦੀ ਕਮਾਈ ਕਰ ਚੁੱਕੀ ਹੈ।’’ ਇਸ ਫਿਲਮ ਵਿੱਚ ਸੋਨਮ ਬਾਜਵਾ, ਨਰਗਿਸ ਫਾਖ਼ਰੀ, ਸੌਂਦਰਿਆ ਸ਼ਰਮਾ, ਜੈਕੀ ਸ਼ਰਾਫ, ਫ਼ਰਦੀਨ ਖ਼ਾਨ ਤੇ ਸੰਜੈ ਦੱਤ ਵੀ ਹਨ। -ਪੀਟੀਆਈ