ਹਾਈ ਕੋਰਟ ਵੱਲੋਂ ਕਿਸਾਨ ਆਗੂ ਨੂੰ ਤੁਰੰਤ ਰਿਹਾਅ ਕਰਨ ਦਾ ਹੁਕਮ

ਜਸਵੰਤ ਜੱਸ
ਫ਼ਰੀਦਕੋਟ, 28 ਜਨਵਰੀ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਨੂੰ ਤੁਰੰਤ ਜੇਲ੍ਹ ’ਚੋਂ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਰਾਜਿੰਦਰ ਸਿੰਘ ਮਹਿਲਾ ਡਾਕਟਰ ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਸੰਘਰਸ਼ ਦੀ ਅਗਵਾਈ ਕਰ ਰਿਹਾ ਸੀ ਅਤੇ ਜ਼ਿਲ੍ਹਾ ਪੁਲੀਸ ਨੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਡਾਕਟਰਾਂ ਖਿਲਾਫ਼ ਕਾਰਵਾਈ ਕਰਨ ਦੀ ਥਾਂ ਰਾਜਿੰਦਰ ਸਿੰਘ ਖਿਲਾਫ਼ ਹੀ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਰਾਜਿੰਦਰ ਸਿੰਘ ਵੱਲੋਂ ਵਕੀਲ ਆਰ.ਐੱਸ.ਬੈਂਸ ਜਸਟਿਸ ਰਾਜ ਮੋਹਨ ਸਿੰਘ ਦੀ ਅਦਾਲਤ ਵਿੱਚ ਪੇਸ਼ ਹੋਏ। ਰਾਜਿੰਦਰ ਸਿੰਘ ਦੇ ਵਕੀਲਾਂ ਨੇ ਕਿਹਾ ਕਿ ਪੁਲੀਸ ਨੇ ਦੋਸ਼ੀਆਂ ਨੂੰ ਬਚਾਉਣ ਲਈ ਕਿਸਾਨ ਆਗੂ ਉੱਪਰ ਝੂਠਾ ਪਰਚਾ ਦਰਜ ਕੀਤਾ ਹੈ ਜਦੋਂ ਕਿ ਕਾਨੂੰਨ ਮੁਤਾਬਿਕ ਰਾਜਿੰਦਰ ਸਿੰਘ ਖਿਲਾਫ਼ ਕੋਈ ਕੇਸ ਹੀ ਨਹੀਂ ਬਣਦਾ। ਥਾਣਾ ਸਿਟੀ ਫਰੀਦਕੋਟ ਦੇ ਐੱਸਐੱਚਓ ਰਾਜਬੀਰ ਸਿੰਘ ਨੇ 7 ਦਸੰਬਰ 2019 ਨੂੰ ਰਾਜਿੰਦਰ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਪੁਲੀਸ ਨੇ ਇਸ ਮਾਮਲੇ ’ਚ ਦਾਅਵਾ ਕੀਤਾ ਸੀ ਕਿ ਪੀੜਤ ਡਾਕਟਰ ਨੂੰ ਇਨਸਾਫ਼ ਦਿਵਾਉਣ ਲਈ ਲੱਗੇ ਧਰਨੇ ਦੌਰਾਨ ਅੰਦੋਲਨਕਾਰੀਆਂ ਨੇ ਪੁਲੀਸ ਦੇ ਬੈਰੀਕੇਡ ਪੁੱਟ ਦਿੱਤੇ ਅਤੇ ਪੁਲੀਸ ਨੂੰ ਅੰਦੋਲਨਕਾਰੀਆਂ ਨੇ ਝੰਡਿਆਂ ਵਾਲੀਆਂ ਡਾਂਗਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਜਿਸ ਵਿੱਚ ਐੱਸ.ਪੀ ਸੇਵਾ ਸਿੰਘ ਮੱਲੀ ਸਮੇਤ ਅੱਧੀ ਦਰਜਨ ਪੁਲੀਸ ਅਧਿਕਾਰੀ ਤੇ ਕਰਮਚਾਰੀ ਜ਼ਖ਼ਮੀ ਹੋਏ।