ਜੋਗਿੰਦਰ ਸਿੰਘ ਮਾਨਮਾਨਸਾ, 9 ਜੂਨਪੰਜਾਬ ਵਿੱਚ ਹਾਈਬ੍ਰਿੱਡ ਝੋਨੇ ਅਤੇ ਪੂਸਾ-44 ’ਤੇ ਲੱਗੀ ਪਾਬੰਦੀ ਦੇ ਚੱਲਦਿਆਂ ਅੱਜ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਝੋਨੇ ਦੀ ਲੁਆਈ ਆਰੰਭ ਹੋ ਗਈ ਹੈ। ਇਸ ਖੇਤਰ ਵਿੱਚ ਕਿਸਾਨ ਜਥੇਬੰਦੀਆਂ ਦਾ ਜ਼ੋਰ ਹੋਣ ਦੇ ਬਾਵਜੂਦ ਪੰਜਾਬ ਸਰਕਾਰ ’ਤੇ ਦੋਗਲੀ ਕਿਸਮ ਦੇ ਝੋਨੇ ਅਤੇ ਪੂਸਾ-44 ਦਾ ਥਾਂ-ਥਾਂ ਵਿਰੋਧ ਹੋਣ ਸਦਕਾ ਸਰਕਾਰ ’ਤੇ ਕੋਈ ਅਸਰ ਨਹੀਂ ਹੋਇਆ। ਆਮ ਕਿਸਾਨਾਂ ਨੂੰ ਅੱਜ ਤੱਕ ਇਹ ਉਮੀਦ ਸੀ ਕਿ ਜਦੋਂ ਝੋਨਾ ਲੁਆਈ ਦੇ ਤੀਜੇ ਗੇੜ ਦੀ ਸ਼ੁਰੂਆਤ ਤੱਕ ਸਰਕਾਰ ਇਹ ਪਾਬੰਦੀ ਹਟਾ ਲਵੇਗੀ। ਕਿਸਾਨਾਂ ਦੀਆਂ ਉਮੀਦਾਂ ਨੂੰ ਵੱਜੀ ਸੱਟ ਦੇ ਬਾਵਜੂਦ ਅੱਜ ਵੱਡੀ ਪੱਧਰ ’ਤੇ ਮਾਲਵਾ ਖੇਤਰ ਦੇ ਰਹਿੰਦੇ ਜ਼ਿਲ੍ਹਿਆਂ ਵਿੱਚ ਝੋਨੇ ਦੀ ਲੁਵਾਈ ਆਰੰਭ ਹੋ ਗਈ ਹੈ। ਬਹੁਤੇ ਕਿਸਾਨਾਂ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਸ਼ਾਂ ਵਾਲਾ ਝੋਨਾ ਆਪਣੇ ਖੇਤਾਂ ਵਿੱਚ ਲਾਇਆ। ਕਿਸਾਨਾਂ ਨੂੰ ਅੱਜ ਝੋਨੇ ਦੀ ਲੁਆਈ ਦੇ ਪਹਿਲੇ ਦਿਨ 8 ਘੰਟਿਆਂ ਦੀ ਥਾਂ 12 ਤੋਂ ਵੱਧ ਘੰਟੇ ਬਿਜਲੀ ਸਪਲਾਈ ਮਿਲਦੀ ਰਹੀ, ਜਿਸ ਨਾਲ ਕਿਸਾਨਾਂ ਨੇ ਚਾਵਾਂ ਨਾਲ ਪੰਜਾਬੀ ਲੇਬਰ ਆਸਰੇ ਖੇਤਾਂ ਵਿੱਚ ਝੋਨਾ ਲਾਇਆ।ਇਥੇ ਦਿਲਚਸਪ ਗੱਲ ਹੈ ਕਿ ਪੰਜਾਬ ਵਿੱਚ ਇਸ ਵਾਰ ਪਹਿਲੀ ਵਾਰ ਪੂਸਾ-44 ਅਤੇ ਹਾਈਬ੍ਰਿੱਡ ਝੋਨੇ ’ਤੇ ਪੰਜਾਬ ਸਰਕਾਰ ਵੱਲੋਂ ਪਾਬੰਦੀ ਲਗਾਈ ਗਈ ਹੈ ਅਤੇ ਪਹਿਲੀ ਵਾਰ ਹੀ ਮਾਲਵਾ ਖੇਤਰ ਦੇ 5 ਜ਼ਿਲ੍ਹਿਆਂ ਬਠਿੰਡਾ, ਫਰੀਦਕੋਟ, ਮੁਕਤਸਰ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਪਹਿਲੀ ਜੂਨ ਤੋਂ ਝੋਨਾ ਲਾਉਣ ਦੀ ਸਰਕਾਰ ਵੱਲੋਂ ਸਿਫਾਰਸ਼ ਕੀਤੀ ਗਈ ਸੀ। ਦੂਜੇ ਗੇੜ ਵਿੱਚ ਮਾਝੇ-ਦੁਆਬੇ ਦੇ ਜ਼ਿਲ੍ਹਿਆਂ ਨੇ 5 ਜੂਨ ਤੋਂ ਝੋਨਾ ਲਾਉਣ ਦੀ ਸ਼ੁਰੂਆਤ ਕੀਤੀ ਗਈ ਅਤੇ ਅੱਜ 9 ਜੂਨ ਤੋਂ ਮਾਨਸਾ, ਮੋਗਾ, ਸੰਗਰੂਰ, ਬਰਨਾਲਾ, ਲੁਧਿਆਣਾ, ਮਾਲੇਰਕੋਟਲਾ, ਪਟਿਆਲਾ, ਕਪੂਰਥਲਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੇ ਖੇਤਾਂ ਵਿੱਚ ਝੋਨੇ ਦੀ ਲੁਵਾਈ ਆਰੰਭ ਹੋ ਗਈ ਹੈ।ਭਾਵੇਂ ਹਿੰਦ-ਪਾਕਿ ਤਣਾਓ ਦੌਰਾਨ ਪ੍ਰਵਾਸੀ ਮਜ਼ਦੂਰ ਪੰਜਾਬ ’ਚੋਂ ਆਪਣੇ ਘਰਾਂ ਨੂੰ ਪਰਤ ਗਏ ਸਨ ਅਤੇ ਸਰਹੱਦਾਂ ’ਤੇ ਸ਼ਾਂਤੀ ਹੋਣ ਤੋਂ ਬਾਅਦ ਉਹ ਪਿਛਲੇ ਇੱਕ ਹਫ਼ਤੇ ਤੋਂ ਰੇਲਾਂ ਰਾਹੀਂ ਮਾਲਵਾ ਖੇਤਰ ਵਿੱਚ ਪੁੱਜ ਰਹੇ ਹਨ, ਪਰ ਅੱਜ ਝੋਨਾ ਲੁਵਾਈ ਦੇ ਪਹਿਲੇ ਦਿਨ ਮਾਨਸਾ ਜ਼ਿਲ੍ਹੇ ’ਚ ਪਰਵਾਸੀ ਮਜ਼ਦੂਰਾਂ ਦੀ ਖੇਤਾਂ ਵਿੱਚ ਘਾਟ ਰੜਕਦੀ ਰਹੀ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕਿਸਾਨਾਂ ਨੂੰ ਅੱਜ ਪਹਿਲੇ ਦਿਨ 12 ਘੰਟਿਆਂ ਤੋਂ ਵੱਧ ਖੇਤੀ ਮੋਟਰਾਂ ਵਾਲੀ ਬਿਜਲੀ ਹੈ, ਪਰ ਸਭ ਤੋਂ ਵੱਡੀ ਘਾਟ ਖੇਤਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਰੜਕਦੀ ਰਹੀ।