ਹਸੀਨਾ ਦਾ ਮੁਕੱਦਮਾ
ਬੰਗਲਾਦੇਸ਼ ਦੇ ਕੌਮਾਂਤਰੀ ਅਪਰਾਧਾਂ ਬਾਰੇ ਟ੍ਰਿਬਿਊਨਲ ਨੇ ਪਿਛਲੇ ਸਾਲ ਮੁਜ਼ਾਹਰਾਕਾਰੀਆਂ ਖ਼ਿਲਾਫ਼ ਹਿੰਸਕ ਕਾਰਵਾਈਆਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖ਼ਿਲਾਫ਼ ਸਮੂਹਿਕ ਹੱਤਿਆਵਾਂ ਸਮੇਤ ਬਹੁਤ ਸਾਰੇ ਦੋਸ਼ ਆਇਦ ਕੀਤੇ ਹਨ ਜਿਸ ਨੂੰ ਲੈ ਕੇ ਕੋਈ ਖ਼ਾਸ ਹੈਰਾਨੀ ਨਹੀਂ ਹੋਈ। ਦਸ ਮਹੀਨੇ ਪਹਿਲਾਂ ਸ਼ੇਖ ਹਸੀਨਾ ਦੀ ਸੱਤਾ ਖ਼ਿਲਾਫ਼ ਜਨਤਕ ਵਿਦਰੋਹ ਭੜਕਣ ਕਰ ਕੇ ਉਨ੍ਹਾਂ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਸੀ ਅਤੇ ਉਦੋਂ ਤੋਂ ਹੀ ਉਹ ਭਾਰਤ ਵਿੱਚ ਜਲਾਵਤਨੀ ਹੰਢਾਅ ਰਹੇ ਹਨ। ਟ੍ਰਿਬਿਊਨਲ ਦੀ ਕਾਰਵਾਈ ਦੇ ਕਿਆਸ ਪਹਿਲਾਂ ਹੀ ਲਾਏ ਜਾ ਰਹੇ ਸਨ। ਉਨ੍ਹਾਂ ਦੀ ਪਾਰਟੀ ਅਵਾਮੀ ਲੀਗ ਨੇ ਦੋਸ਼ ਲਾਇਆ ਹੈ ਕਿ ਰਾਸ਼ਟਰ ਵਿਰੋਧੀ ਅਤੇ ਆਜ਼ਾਦੀ ਵਿਰੋਧੀ ਸ਼ਕਤੀਆਂ ਨੇ ਉਸ ਦੇ ਖ਼ਿਲਾਫ਼ ਫਰਜ਼ੀ ਮੁਕੱਦਮੇ ਦਾ ਸਵਾਂਗ ਰਚਿਆ ਹੈ। ਟ੍ਰਿਬਿਊਨਲ ਵੱਲੋਂ ਹਸੀਨਾ ਖ਼ਿਲਾਫ਼ ਦੋਸ਼ ਆਇਦ ਕਰਨ ਅਤੇ ਨਾਲ ਹੀ ਨਵੇਂ ਸਿਰਿਓਂ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਨਾਲ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੂੰ ਭਾਰਤ ’ਤੇ ਉਨ੍ਹਾਂ ਦੀ ਹਵਾਲਗੀ ਲਈ ਦਬਾਅ ਪਾਉਣ ਦਾ ਹੌਸਲਾ ਮਿਲਿਆ ਹੈ।
ਨਵੀਂ ਦਿੱਲੀ ਸ਼ੇਖ ਹਸੀਨਾ ਨੂੰ ਵਾਪਸ ਭੇਜਣ ਦੀ ਬਹੁਤੀ ਇੱਛਕ ਨਹੀਂ ਜਾਪਦੀ ਜਿਸ ਦੇ ਜ਼ਾਹਿਰਾ ਕਾਰਨ ਹਨ। ਉਸ ਦੇ ਖ਼ਿਲਾਫ਼ ਮੁਕੱਦਮਾ ਅੰਤ ਨੂੰ ਸਿਆਸਤ ਤੋਂ ਪ੍ਰੇਰਿਤ ਹੋਵੇਗਾ ਅਤੇ ਉਸ ਨੂੰ ਸਜ਼ਾ-ਏ-ਮੌਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਗੱਲ ਸੱਚ ਹੈ ਕਿ ਉਨ੍ਹਾਂ ਦੇ ਸ਼ਾਸਨ ਕਾਲ ਦੌਰਾਨ ਵਿਰੋਧੀਆਂ ਦਾ ਦਮਨ ਕੀਤਾ ਗਿਆ ਸੀ ਪਰ ਸਿਤਮਜ਼ਰੀਫ਼ੀ ਇਹ ਹੈ ਕਿ ਸ਼ੇਖ ਹਸੀਨਾ ਦੇ ਦੇਸ਼ ਨਿਕਾਲੇ ਦੇ ਬਾਵਜੂਦ ਬੰਗਲਾਦੇਸ਼ ਵਿੱਚ ਲੋਕਰਾਜ ਦੀ ਸੁਰਜੀਤੀ ਬਾਰੇ ਅਜੇ ਤੱਕ ਭੰਬਲਭੂਸਾ ਬਣਿਆ ਹੋਇਆ ਹੈ। ਉਨ੍ਹਾਂ ਦੇ ਸਿਆਸੀ ਵਿਰੋਧੀ ਕਿਸੇ ਪ੍ਰਕਾਰ ਦੇ ਸੁਧਾਰਾਂ ਦੀ ਸ਼ੁਰੂਆਤ ਕਰਨ ਦੀ ਬਜਾਏ ਸ਼ੇਖ ਹਸੀਨਾ ਅਤੇ ਉਸ ਦੇ ਹਮਾਇਤੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਦ੍ਰਿੜ ਨਜ਼ਰ ਆ ਰਹੇ ਹਨ। ਇੱਕ ਹੋਰ ਅਹਿਮ ਕਾਰਨ ਇਹ ਹੈ ਕਿ ਸ਼ੇਖ ਹਸੀਨਾ ਦੇ ਭਾਰਤ ਨਾਲ ਗਹਿਰੇ ਸਬੰਧ ਰਹੇ ਹਨ ਅਤੇ 1971 ਦੀ ਜੰਗ ਵਿੱਚ ਉਸ ਨੂੰ ਭਾਰਤੀ ਫ਼ੌਜੀ ਦਸਤਿਆਂ ਨੇ ਬਚਾਇਆ ਸੀ ਅਤੇ ਮਗਰੋਂ 1975 ਵਿੱਚ ਜਦੋਂ ਉਨ੍ਹਾਂ ਦੇ ਪਿਤਾ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਅਤੇ ਕਈ ਪਰਿਵਾਰਕ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਸੀ ਤਾਂ ਉਨ੍ਹਾਂ ਦਿੱਲੀ ਵਿੱਚ ਪਨਾਹ ਲਈ ਸੀ। ਹਸੀਨਾ ਉਸ ਦੀ ਬਿਪਤਾ ਦੀ ਘੜੀ ਵਿੱਚ ਦਿੱਤੇ ਸਾਥ ਬਦਲੇ ਭਾਰਤ ਦਾ ਖੁੱਲ੍ਹੇ ਤੌਰ ’ਤੇ ਸ਼ੁਕਰੀਆ ਕਰਦੀ ਰਹੀ ਹੈ। ਭਾਰਤ ਜਿੱਥੋਂ ਤੱਕ ਹੋ ਸਕੇਗਾ, ਅਜਿਹੇ ਭਰੋਸੇਮੰਦ ਸਾਥੀ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗਾ ਤੇ ਇਸ ਲਈ ਵੀ ਕਿ ਬੰਗਲਾਦੇਸ਼ ਵਿੱਚ ਮੌਜੂਦਾ ਸਰਕਾਰ ਨਾਲ ਭਾਰਤ ਦੇ ਸਬੰਧ ਸੁਖਾਵੇਂ ਨਹੀਂ ਚੱਲ ਰਹੇ।
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਵਾਰ-ਵਾਰ ਦੋਸ਼ ਲਾਏ ਹਨ ਕਿ ਭਾਰਤ ਸਮੇਤ ਕੁਝ ਵਿਦੇਸ਼ੀ ਤਾਕਤਾਂ ਬੰਗਲਾਦੇਸ਼ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਨਵੀਂ ਦਿੱਲੀ ਜ਼ਾਹਿਰਾ ਤੌਰ ’ਤੇ ਇਨ੍ਹਾਂ ਦੋਸ਼ਾਂ ਤੇ ਉਸ ਮੁਲਕ ਵਿੱਚ ਘੱਟਗਿਣਤੀ ਹਿੰਦੂਆਂ ਨਾਲ ਹੋ ਰਹੇ ਮਾੜੇ ਸਲੂਕ ਅਤੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਵਾਪਸ ਭੇਜੇ ਜਾਣ ਨੂੰ ਲੈ ਕੇ ਨਾਖੁਸ਼ ਹੈ ਜਿਸ ਕਰ ਕੇ ਦੋਵਾਂ ਦੇਸ਼ਾਂ ਦੇ ਰਿਸ਼ਤੇ ਖਰਾਬ ਹੋ ਗਏ ਹਨ। ਇਨ੍ਹਾਂ ਹਾਲਾਤ ਵਿੱਚ ਸ਼ੇਖ ਹਸੀਨਾ ਨੂੰ ਭਾਰਤ ਵਿੱਚ ਰੱਖਣ ਹੀ ਸਮਝਦਾਰੀ ਹੋਵੇਗੀ।