ਹਸੀਨਾ ਤੇ ਪੁੱਤਰ ਖ਼ਿਲਾਫ਼ ਨਵਾਂ ਗ੍ਰਿਫ਼ਤਾਰੀ ਵਾਰੰਟ ਜਾਰੀ
ਢਾਕਾ, 15 ਅਪਰੈਲ
ਬੰਗਲਾਦੇਸ਼ ਦੀ ਅਦਾਲਤ ਨੇ ਅੱਜ ਰਾਜਧਾਨੀ ਦੇ ਬਾਹਰੀ ਇਲਾਕੇ ਵਿੱਚ ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਵਿੱਚ ਕਥਿਤ ਅਨਿਯਮਤਾਵਾਂ ਨਾਲ ਸਬੰਧਤ ਦੋ ਮਾਮਲਿਆਂ ’ਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਂਭੇ ਹੋ ਚੁੱਕੀ ਆਵਾਮੀ ਲੀਗ ਦੀ ਆਗੂ ਸ਼ੇਖ ਹਸੀਨਾ, ਉਨ੍ਹਾਂ ਦੇ ਪੁੱਤਰ ਸਜੀਬ ਵਾਜੇਦ ਅਤੇ 16 ਹੋਰਾਂ ਖ਼ਿਲਾਫ਼ ਨਵਾਂ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ।
ਅਦਾਲਤ ਦੇ ਅਧਿਕਾਰੀ ਨੇ ਕਿਹਾ, ‘‘ਢਾਕਾ ਮੈਟਰੋਪੋਲੀਟਨ ਸੀਨੀਅਰ ਵਿਸ਼ੇਸ਼ ਜੱਜ ਦੀ ਅਦਾਲਤ ਨੇ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ (ਏਸੀਸੀ) ਦੇ ਦੋਸ਼ ਪੱਤਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰਬਾਚਲ ਨਿਊ ਟਾਊਨ ਵਿੱਚ ਪਲਾਟਾਂ ਦੇ ਕਬਜ਼ੇ ਵਿੱਚ ਅਨਿਯਮਤਾਵਾਂ ਨਾਲ ਸਬੰਧਤ ਦੋ ਮਾਮਲਿਆਂ ’ਚ ਵਾਰੰਟ ਜਾਰੀ ਕੀਤੇ।’’ ਸਰਕਾਰੀ ਧਿਰ ਦੇ ਵਕੀਲ ਮੁਤਾਬਕ, ਜ਼ਿਆਦਾਤਰ ਮੁਲਜ਼ਮ ਸਰਕਾਰੀ ਅਧਿਕਾਰੀ ਸਨ। ਅਦਾਲਤ ਨੇ ਪੁਲੀਸ ਨੂੰ ਆਦੇਸ਼ ਦਿੱਤਾ ਕਿ ਜੇਕਰ ਹੁਣ ਖ਼ੁਦ ਦੇਸ਼ ਛੱਡ ਚੁੱਕੀ ਸਾਬਕਾ ਪ੍ਰਧਾਨ ਮੰਤਰੀ ਤੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਉਹ 29 ਅਪਰੈਲ ਨੂੰ ਇਕ ਰਿਪੋਰਟ ਪੇਸ਼ ਕਰਨ। ਅਧਿਕਾਰੀ ਮੁਤਾਬਕ, ਜੱਜ ਜ਼ਾਕਿਰ ਹੁਸੈਨ ਨੇ ਢਾਕਾ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਇਕ ਦਰਜਨ ਤੋਂ ਵੱਧ ਪੁਲੀਸ ਥਾਣਿਆਂ ਦੇ ਇੰਚਾਰਜ ਅਧਿਕਾਰੀਆਂ ਨੂੰ ਉਸ ਤਰੀਕ ਤੱਕ ਅਦਾਲਤ ਦੇ ਹੁਕਮਾਂ ਨੂੰ ਅਮਲ ਵਿੱਚ ਲਿਆਉਣ ਸਬੰਧੀ ਪ੍ਰਗਤੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ ਕਿਉਂਕਿ ਏਸੀਸੀ ਨੇ ਕਿਹਾ ਹੈ ਕਿ ਸਾਰੇ ਮੁਲਜ਼ਮ ਭਗੌੜੇ ਹਨ। ਇਸੇ ਅਦਾਲਤ ਨੇ ਪਹਿਲਾਂ ਹਸੀਨਾ, ਉਨ੍ਹਾਂ ਦੀ ਧੀ ਸਾਇਮਾ ਵਾਜੇਦ ਪੁਤੁਲ, ਉਨ੍ਹਾਂ ਦੀ ਭੈਣ ਸ਼ੇਖ ਰੇਹਾਨਾ, ਬਰਤਾਨਵੀ ਸੰਸਦ ਮੈਂਬਰ ਟਿਊਲਿਪ ਰਿਜ਼ਵਾਨਾ ਸਿੱਦੀਕ, ਰੇਹਾਨਾ ਦੇ ਪੁੱਤਰ ਰਦਵਾਨ ਮੁਜੀਬ ਸਿੱਦੀਕ ਅਤੇ 48 ਹੋਰਾਂ ਖ਼ਿਲਾਫ਼ ਸਿਆਸੀ ਤਾਕਤ ਦਾ ਗਲਤ ਇਸਤੇਮਾਲ ਕਰ ਕੇ ਜ਼ਮੀਨ ਦੇ ਕਥਿਤ ਨਾਜਾਇਜ਼ ਕਬਜ਼ੇ ਦੇ ਸਬੰਧ ਵਿੱਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਏਸੀਸੀ ਨੇ ਦਸੰਬਰ ਵਿੱਚ ਹਸੀਨਾ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਖ਼ਿਲਾਫ਼ ਤਾਕਤ ਦਾ ਗਲਤ ਇਸਤੇਮਾਲ ਕਰਦੇ ਹੋਏ ਪੂਰਬਾਚਲ ਵਿੱਚ ਸਰਕਾਰ ਪਲਾਟਾਂ ਦੇ ਰੂਪ ਵਿੱਚ 60 ਕੱਠੇ (1.86 ਏਕੜ) ਜ਼ਮੀਨ ਗੈਰ-ਕਾਨੂੰਨੀ ਢੰਗ ਨਾਲ ਹਾਸਲ ਕਰਨ ਦੇ ਦੋਸ਼ਾਂ ’ਤੇ ਜਾਂਚ ਸ਼ੁਰੂ ਕੀਤੀ ਸੀ। -ਪੀਟੀਆਈ
ਹਸੀਨਾ ਪਰਿਵਾਰ ਨੇ ਛੇ ਪਲਾਟਾਂ ਦਾ ਕਬਜ਼ਾ ਲਿਆ: ਡੀਜੀ
ਏਸੀਸੀ ਦੇ ਡਾਇਰੈਕਟਰ ਜਨਰਲ ਅਖ਼ਤਰ ਹੁਸੈਨ ਨੇ ਕਿਹਾ ਕਿ ਹਸੀਨਾ ਪਰਿਵਾਰ ਦੇ ਮੈਂਬਰਾਂ ਨੇ ‘ਗੁਪਤ ਤੌਰ ਤੋਂ ਅਤੇ ਗ਼ੈਰ ਕਾਨੂੰਨੀ ਢੰਗ ਨਾਲ’ ਰੋਡ 203 ’ਤੇ ਛੇ ਪਲਾਟਾਂ ਦਾ ਕਬਜ਼ਾ ਲਿਆ ਜੋ ਕਿ ਹੁਣ ਵਿਕਸਤ ਹੋ ਰਹੇ ਪੂਰਬਾਚਲ ਦੇ ਸੈਕਟਰ-27 ਅਧੀਨ ਹੈ। ਇਹ ਸੂਬੇ ਵੱਲੋਂ ਸੰਚਾਲਿਤ ਰਾਜਧਾਨੀ ਉਨਯਨ ਕਾਰਤੀਪੱਖਾ ਦੀ ਜ਼ਮੀਨ ਵਿਕਾਸ ਪ੍ਰਾਜੈਕਟ ਦਾ ਪ੍ਰਸਤਾਵਿਤ ਡਿਪਲੋਮੈਟਿਕ ਜ਼ੋਨ ਸੀ।