ਹਸਪਤਾਲ ਮਾਮਲਾ: ਐਕਸ਼ਨ ਕਮੇਟੀ ਮੁੜ ਸੰਘਰਸ਼ ਦੇ ਰੌਂਅ ’ਚ

ਬੀਰਬਲ ਰਿਸ਼ੀ
ਸ਼ੇਰਪੁਰ, 10 ਸਤੰਬਰ

ਮੀਟਿੰਗ ਮਗਰੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਐਕਸ਼ਨ ਕਮੇਟੀ ਦੇ ਮੈਂਬਰ। -ਫੋਟੋ: ਰਿਸ਼ੀ

ਸਰਕਾਰੀ ਹਸਪਤਾਲ ਸ਼ੇਰਪੁਰ ’ਚ ਮਾਹਰ ਡਾਕਟਰਾਂ, ਹੋਰ ਸਿਹਤ ਕਰਮਚਾਰੀਆਂ ਦੀ ਘਾਟ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਵੱਟੀ ਚੁੱਪ ਦੇ ਖ਼ਿਲਾਫ਼ ਐਕਸ਼ਨ ਕਮੇਟੀ ਮੁੜ ਤਿੱਖਾ ਸੰਘਰਸ਼ ਛੇੜਨ ਦੇ ਰੌਂਅ ਵਿੱਚ ਹੈ ਜਿਸ ਤਹਿਤ ਮੀਟਿੰਗ ਕਰਕੇ ਐਕਸ਼ਨ ਕਮੇਟੀ ਨੇ ਪੰਜਾਬ ਸਰਕਾਰ ਨੂੰ 20 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ। ਯਾਦ ਰਹੇ ਕਿ ਬੰਦ ਪਈਆਂ ਐਮਰਜੈਂਸੀ ਸੇਵਾਵਾਂ ਬਹਾਲ ਕਰਨ, ਐੱਸਐੱਮਓ ਸਮੇਤ ਤਿੰਨ ਪੱਕੇ ਡਾਕਟਰ ਹਸਪਤਾਲ ਨੂੰ ਦੇਣ ਅਤੇ ਇੱਕ ਦੋ ਡੈਪੂਟੇਸ਼ਨ ’ਤੇ ਲਾਉਣ ਦੀ ਅਮਲੀ ਕਾਰਵਾਈ ਨੂੰ ਐਕਸ਼ਨ ਕਮੇਟੀ ਨੇ ਇੱਕ ਪੜਾਵੀ ਜਿੱਤ ਦੱਸਿਆ ਸੀ। ਪਿਛਲੇ ਮਹੀਨੇ ਲਗਾਤਾਰ ਚੱਲੇ ਲੜੀਵਾਰ ਧਰਨਿਆਂ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਮੰਤਰੀ ਦਾ ਸੰਦੇਸ਼ ਲੈ ਕੇ ਪੁੱਜੇ ਸੀਐੱਮਓ ਸੰਗਰੂਰ ਦੀ ਅਪੀਲ ’ਤੇ ਐਕਸ਼ਨ ਕਮੇਟੀ ਨੇ ਲੰਘੀ 26 ਅਗਸਤ ਨੂੰ 10 ਸਤੰਬਰ ਤੱਕ ਆਪਣਾ ਸੰਘਰਸ਼ ਵਾਪਸ ਲੈਣ ਦਾ ਐਲਾਨ ਕੀਤਾ ਸੀ। ਮੀਟਿੰਗ ਮਗਰੋਂ ਇਸ ਪ੍ਰਤੀਨਿਧ ਨੂੰ ਐਕਸ਼ਨ ਕਮੇਟੀ ਦੇ ਮੋਹਰੀ ਆਗੂ ਕਾਮਰੇਡ ਸੁਖਦੇਵ ਬੜੀ ਅਤੇ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਦੱਸਿਆ ਕਿ ਸਿਹਤ ਮੰਤਰੀ ਨਾਲ ਫੋਨ ‘ਤੇ ਹੋਈ ਗੱਲਬਾਤ ’ਚ ਉਨ੍ਹਾਂ ਐਕਸ਼ਨ ਕਮੇਟੀ ਦੀ ਮੀਟਿੰਗ ਬੁਲਾ ਕੇ ਡਾਕਟਰੀ ਅਮਲਾ ਹੋਰ ਭੇਜਣ, ਫਰਨੀਚਰ ਤੇ ਲੋੜੀਦੇ ਔਜਾਰਾਂ ਦੀ ਘਾਟ ਪੂਰੀ ਕਰਨ ਸਮੇਤ ਹੋਰ ਮੰਗਾਂ ਸਬੰਧੀ ਮਸਲਾ ਕੁੱਝ ਦਿਨਾਂ ’ਚ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕਰ ਲਿਆ ਹੈ ਕਿ 20 ਸਤੰਬਰ ਤੱਕ ਸਰਕਾਰ ਨੂੰ ਇੱਕ ਆਖਰੀ ਸਮਾਂ ਦਿੱਤਾ ਜਾ ਰਿਹਾ ਹੈ ਅਤੇ ਮਸਲਾ ਹੱਲ ਨਾ ਹੋਣ ’ਤੇ ਹਸਪਤਾਲ ਅੱਗੇ ਹੱਕੀ ਮੰਗਾਂ ਦੀ ਪ੍ਰਾਪਤੀ ਤੱਕ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ। ਸੀਐਮਓ ਸੰਗਰੂਰ ਡਾ. ਰਾਜਕੁਮਾਰ ਨੇ ਕਿਹਾ ਕਿ ਮੀਟਿੰਗ ਹੋਈ ਜਾਂ ਨਹੀਂ ਇਹ ਪਤਾ ਨਹੀਂ ਪਰ ਉਨ੍ਹਾਂ ਐਕਸ਼ਨ ਕਮੇਟੀ ਦੀ ਮੀਟਿੰਗ ਸਿਹਤ ਮੰਤਰੀ ਨਾਲ ਕਰਵਾਏ ਜਾਣ ਲਈ ਸਮਾਂ ਲੈ ਦਿੱਤਾ ਸੀ ਉਂਜ ਸਿਹਤ ਮੰਤਰੀ ਖੁਦ ਸ਼ੇਰਪੁਰ ਵਿੱਚ ਮਾਹਰ ਡਾ. ਭੇਜਣ ਦੀ ਬਲਵਾਨ ਇੱਛਾ ਰਖਦੇ ਹਨ।