ਹਵਾ ਦੀ ਦਾਸਤਾਨ...
ਪਰਵੀਨ ਕੌਰ ਸਿੱਧੂ
ਅੱਜ ਮੈਂ ਜਿਵੇਂ ਹੀ ਘਰ ਤੋਂ ਬਾਹਰ ਨਿਕਲੀ ਤਾਂ ਹਵਾ ਦਾ ਤੇਜ਼ ਬੁੱਲਾ ਆ ਕੇ ਮੈਨੂੰ ਆਪਣੀ ਬੁੱਕਲ ਵਿੱਚ ਲਪੇਟਦਾ ਹੈ। ਮੇਰੇ ਸੰਵਾਰੇ ਹੋਏ ਵਾਲਾਂ ਨਾਲ ਛੇੜਖਾਨੀ ਕਰਕੇ ਉਨ੍ਹਾਂ ਨੂੰ ਖਿਲਾਰ ਦਿੰਦਾ ਹੈ। ਮੈਂ ਆਪਣੇ ਵਾਲਾਂ ਨੂੰ ਆਪਣੇ ਸੱਜੇ ਹੱਥ ਨਾਲ ਫਿਰ ਸੰਵਾਰਦੀ ਹਾਂ ਅਤੇ ਆਪਣੀ ਮੰਜ਼ਿਲ ਅੱਗੇ ਵਧਣ ਲਈ ਕਦਮ ਵਧਾਉਂਦੀ ਹਾਂ। ਪਤਾ ਨਹੀਂ ਕਿਉਂ, ਅੱਜ ਮੈਨੂੰ ਇਹ ਵਗਦੀ ਹੋਈ ਹਵਾ ਅਜੀਬ ਜਿਹੀ ਲੱਗ ਰਹੀ ਸੀ। ਜਿਵੇਂ ਮੈਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਫਿਰ ਆਪਣੇ ਕਿਸੇ ਪਿਆਰੇ ਨੂੰ ਲੱਭ ਰਹੀ ਹੈ। ਕਦੇ-ਕਦੇ ਇਸ ਦੇ ਸ਼ੂਕਣ ਦੀ ਆਵਾਜ਼ ਵੀ ਆਉਂਦੀ। ਮੈਨੂੰ ਸਮਝ ਨਾ ਆਵੇ ਕਿ ਇਹਦੀ ਸ਼ੂਕ ਵਿੱਚ ਬਿਰਹਾ ਹੈ, ਪਿਆਰ ਹੈ ਜਾਂ ਤੜਫ਼!
ਮੈਂ ਅੱਜ ਹਵਾ ਨੂੰ ਬੜੀ ਰੂਹ ਨਾਲ ਮਹਿਸੂਸ ਕਰ ਰਹੀ ਸੀ। ਪਹਿਲਾਂ ਤਾਂ ਸਿਰਫ਼ ਇਹਦੇ ਨਾਲ ਮੇਰਾ ਸਰੀਰ ਹੀ ਜ਼ਿੰਦਾ ਸੀ ਕਿਉਂਕਿ ਮੇਰੇ ਸਾਹਾਂ ਨੂੰ ਇਹਦੀ ਲੋੜ ਸੀ। ਇਸ ਜਿਸਮ ਦੀ ਹੋਂਦ ਇਸ ਦੇ ਨਾਲ ਹੀ ਸੀ, ਪਰ ਅੱਜ ਇਹ ਲੋੜ ਤੋਂ ਵੱਧ ਕਿਉਂ ਏਨਾ ਵਿਰਲਾਪ ਕਰ ਰਹੀ ਹੈ। ਇਸ ਅਜੀਬ ਜਿਹੀ ਕਸ਼ਮਕਸ਼ ਵਿੱਚ ਮੈਂ ਆਪਣੀ ਮੰਜ਼ਿਲ ਤੱਕ ਪਹੁੰਚ ਗਈ। ਕੰਮਕਾਜ ਕਰਦਿਆਂ ਵੀ ਅੱਜ ਇਹ ਹਵਾ ਮੈਨੂੰ ਆਪਣੇ ਵੱਲ ਖਿੱਚ ਰਹੀ ਸੀ। ਜਦੋਂ ਵੀ ਮੈਂ ਬਾਹਰ ਖੁੱਲ੍ਹੇ ਵਿੱਚ ਆਉਂਦੀ ਤਾਂ ਇਸ ਦਾ ਕੋਈ ਨਾ ਕੋਈ ਬੁੱਲਾ ਮੇਰੇ ਨਾਲ ਜਿਵੇਂ ਜ਼ਬਰਦਸਤੀ ਖਹਿ ਕੇ ਲੰਘਦਾ ਹੋਵੇ। ਜਿਵੇਂ ਮੇਰੇ ਨਾਲ ਗੱਲਾਂ ਕਰਨ ਦੀ ਕਾਹਲ ਵਿੱਚ ਹੋਵੇ।
ਪਹਿਲਾਂ ਮੈਨੂੰ ਮਹਿਸੂਸ ਹੋਇਆ ਕਿ ਜਿਵੇਂ ਇਹ ਬੜੀ ਖ਼ੁਸ਼ ਹੈ, ਪਰ ਨਹੀਂ... ਅੱਜ ਨਹੀਂ... ਅੱਜ ਇਹ ਖ਼ੁਸ਼ ਨਹੀਂ ਲੱਗ ਰਹੀ। ਇਹਦੀ ਸ਼ੂਕ ਵਿੱਚ ਰਵਾਨੀ ਨਹੀਂ ਹੈ... ਇੱਕ ਬਿਰਹਾ ਦੀ ਚੀਸ ਹੈ। ਪਤਾ ਨਹੀਂ ਕਿਹੜਾ ਪਿਆਰਾ ਇਸ ਦਾ ਸਾਥ ਛੱਡ ਗਿਆ ਹੈ? ਜਿਵੇਂ ਇਹ ਬੇਬਸ ਤੜਫ਼ ਰਹੀ ਹੈ। ਦੁਪਹਿਰਾ ਢਲਦਿਆਂ-ਢਲਦਿਆਂ ਇਸ ਵਿੱਚ ਕੋਈ ਫ਼ਰਕ ਨਾ ਆਇਆ। ਬਸ ਕਦੇ ਕਿਤੇ ਰੁਕ ਕੇ ਜਿਵੇਂ ਆਪਣੇ ਅੱਥਰੂਆਂ ਨੂੰ ਰੋਕ ਕੇ ਸਾਹ ਲੈਂਦੀ ਅਤੇ ਫਿਰ ਉਸੇ ਹੀ ਚਾਲ ਵਿੱਚ ਚਲੀ ਜਾਂਦੀ। ਸ਼ਾਮ ਹੋਈ ਤਾਂ ਕਾਲੀ ਘਟਾ ਨੇ ਆਸਮਾਨ ਨੂੰ ਘੇਰ ਲਿਆ। ਅੱਜ ਮੇਰਾ ਵੀ ਇਸ ਦਾ ਸਾਥ ਛੱਡਣ ਨੂੰ ਜੀਅ ਨਹੀਂ ਸੀ ਕਰ ਰਿਹਾ। ਬੇਸ਼ੱਕ ਕਦੇ-ਕਦੇ ਘੱਟਾ ਵੀ ਉੱਡਦਾ ਸੀ ਅਤੇ ਮੇਰੀਆਂ ਅੱਖਾਂ ਅੱਗੇ ਝਾਉਲਾ ਕਰ ਜਾਂਦਾ ਸੀ, ਪਰ ਮੈਂ ਅੱਜ ਸਾਰਾ ਕੁਝ ਸਹਿਣ ਲਈ ਤਿਆਰ ਸੀ।
ਵੇਖਦਿਆਂ ਹੀ ਵੇਖਦਿਆਂ ਰਾਤ ਹੋ ਗਈ... ਇਹਦੀ ਆਵਾਜ਼ ਵੀ ਹੌਲੀ ਹੌਲੀ ਸ਼ੂਕਦੀ ਸ਼ੂਕਦੀ ਘੱਟ ਹੋ ਗਈ। ਇਹਦੀਆਂ ਆਵਾਜ਼ਾਂ ਬੰਦ ਹੋ ਗਈਆਂ ਅਤੇ ਇਸ ਨੇ ਇਕਸਾਰ ਪਹਿਲਾਂ ਦੀ ਤਰ੍ਹਾਂ ਫਿਰ ਚਲਣਾ ਸ਼ੁਰੂ ਕਰ ਦਿੱਤਾ। ਮੈਨੂੰ ਅੱਜ ਇਵੇਂ ਮਹਿਸੂਸ ਹੋਇਆ ਜਿਵੇਂ ਇਸ ਨੇ ਬਹੁਤ ਦਰਦ ਸਹਿਆ ਹੋਵੇ। ਜ਼ਖ਼ਮਾਂ ਦੀ ਤਾਬ ਵਿੱਚ ਤੜਫ਼ਦੀ ਹੋਵੇ... ਕਦੇ ਕਿਸੇ ਨੂੰ ਗਲਵੱਕੜੀ ਪਾਉਂਦੀ ਹੈ ਅਤੇ ਕਦੇ ਕਿਸੇ ਦੇ ਗੱਲ ਲੱਗ ਕੇ ਚੀਕਾਂ ਮਾਰ ਕੇ ਰੋਂਦੀ ਹੈ। ਗੱਲ ਤਾਂ ਸਮਝਣ ਅਤੇ ਮਹਿਸੂਸ ਕਰਨ ਦੀ ਹੁੰਦੀ ਹੈ।
ਮੇਰਾ ਦਿਲ ਕਰ ਰਿਹਾ ਸੀ ਕਿ ਇਹ ਮੈਨੂੰ ਆਪਣਾ ਦਰਦ ਦੱਸੇ, ਪਰ ਉਸ ਨੇ ਮੈਨੂੰ ਆਪਣਾ ਦਰਦ ਜ਼ਰੂਰ ਦੱਸਿਆ। ਜਿੰਨਾ ਕੁ ਗੁੱਝੀਆਂ ਰਮਜ਼ਾਂ ਨਾਲ ਸਮਝਾ ਸਕਦੀ ਸੀ ਸਮਝਾ ਦਿੱਤਾ। ਮੇਰੇ ਕੋਲੋਂ ਹੀ ਉਨ੍ਹਾਂ ਰਮਜ਼ਾਂ ਨੂੰ ਨਹੀਂ ਸਮਝਿਆ ਗਿਆ ਜਾਂ ਫਿਰ ਸਮਝਣ ਵਿੱਚ ਦੇਰੀ ਹੋ ਗਈ। ਮੈਂ ਸੋਚ ਰਹੀ ਸੀ... ਸ਼ਾਇਦ ਇਸੇ ਤਰ੍ਹਾਂ ਅਸੀਂ ਇਨਸਾਨ ਵੀ ਕਈ ਵਾਰ ਆਪਣੀ ਆਤਮਾ ਦੇ ਤੌਰ ’ਤੇ ਬੜੇ ਚੀਕਦੇ ਹਾਂ... ਤੜਫ਼ਦੇ ਹਾਂ... ਬੇਬੱਸ ਹੁੰਦੇ ਹਾਂ...! ਮੈਨੂੰ ਇਹ ਹਵਾ ਕਿਸੇ ਇਨਸਾਨ ਤੋਂ ਘੱਟ ਨਹੀਂ ਸੀ ਲੱਗ ਰਹੀ। ਅੱਜ ਇਹ ਵੀ ਮੈਨੂੰ ਉਸ ਇਨਸਾਨ ਵਾਂਗ ਬੇਬੱਸ ਜਾਪੀ, ਜੋ ਬੇਗੁਨਾਹ ਹੋਵੇ... ਜਿਸ ਨੂੰ ਬਿਨਾਂ ਜੁਰਮ ਤੋਂ ਸਜ਼ਾ ਸੁਣਾਈ ਗਈ ਹੋਵੇ ਜਾਂ ਫਿਰ ਜਿਸ ਨੇ ਕੋਈ ਆਪਣਾ ਪਿਆਰਾ ਖੋਇਆ ਹੋਵੇ। ਜੋ ਆਪਣੇ ਪਿਆਰੇ ਦੀ ਤੜਫ਼ ਨੂੰ ਬਿਆਨ ਕਰ ਰਿਹਾ ਹੋਵੇ, ਪਰ ਉਸ ਨੂੰ ਸਮਝਣ ਵਾਲਾ ਕੋਈ ਨਾ ਦਿਸਦਾ ਹੋਵੇ। ਜਿਵੇਂ ਇਹ ਹਵਾ ਨਾ ਹੋ ਕੇ... ਕੋਈ ਧੀ ਆਪਣੇ ਦਰਦ ਕਾਰਨ ਵਿਰਲਾਪ ਕਰ ਰਹੀ ਹੋਵੇ, ਜਿਸ ਨੂੰ ਸੁਣਨ ਅਤੇ ਸਮਝਣ ਵਾਲਾ ਬੇਧਿਆਨੀ ਅਤੇ ਬੇਫ਼ਿਕਰੀ ਵਾਲਾ ਰੁਖ਼ ਅਖਤਿਆਰ ਕਰ ਰਿਹਾ ਹੋਵੇ। ਜੋ ਬਹੁਤ ਕੁਝ ਕਹਿ ਰਹੀ ਹੋਵੇ... ਪਰ ਉਸ ਦੀ ਸੱਚਾਈ ਨੂੰ ਸੁਣਨ ਵਾਲਾ ਇਸ ਸਮਾਜ ਵਿੱਚ ਕੋਈ ਨਾ ਹੋਵੇ। ਅਖੀਰ ਫਿਰ ਉਹ ਹਾਲਾਤ ਨਾਲ ਸਮਝੌਤਾ ਕਰ ਲੈਂਦੀ ਹੈ। ਕਦੇ ਆਪਣੇ ਆਪ ਦਾ ਨੁਕਸਾਨ ਕਰ ਲੈਂਦੀ ਹੈ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋਈ ਅਸਹਿ ਪੀੜਾਂ ਸਹਿੰਦੀ ਹੋਈ ਪੰਜਾਂ ਤੱਤਾਂ ਵਿੱਚ ਵਿਲੀਨ ਹੋ ਜਾਂਦੀ ਹੈ।
ਰੁੱਖਾਂ ਦੇ ਪੱਤਿਆਂ ਨੂੰ ਤਾੜ-ਤਾੜ ਮਾਰਦੀ। ਸ਼ਾਇਦ ਆਪਣੇ ਜਵਾਬ ਦੀ ਭਾਲ ਕਰਦੀ ਹੋਵੇ। ਅੱਜ ਇਹ ਹਵਾ ਵੀ ਮੈਨੂੰ ਉਸ ਬੇਵੱਸ ਧੀ, ਔਰਤ ਵਰਗੀ ਲੱਗੀ ਜਿਸ ਨਾਲ ਜਬਰ ਜਨਾਹ ਹੋਇਆ ਹੋਵੇ ਅਤੇ ਉਹ ਕਿਸੇ ਨੂੰ ਦੱਸ ਨਾ ਸਕਦੀ ਹੋਵੇ। ਸਿਰਫ਼ ਆਪਣੇ ਅੰਦਰਲੇ ਖਲਲ ਨੂੰ ਠੱਲ੍ਹ ਪਾਉਣ ਲਈ ਚੁੱਪ ਦੀ ਆਵਾਜ਼ ਵਿੱਚ ਉੱਚੀ-ਉੱਚੀ ਹਾਉਕੇ ਲੈ ਰਹੀ ਹੋਵੇ, ਪਰ ਉਸ ਦੀ ਕੋਈ ਨਹੀਂ ਸੁਣ ਰਿਹਾ। ਹਵਾ ਵਾਂਗ ਔਰਤ ਦੀ ਜ਼ਰੂਰਤ ਤਾਂ ਹਰ ਘਰ ਵਿੱਚ ਹੈ, ਪਰ ਆਪਣੇ ਘਰ ਵਿੱਚ ਧੀ ਪੈਦਾ ਹੋਣ ’ਤੇ ਇਸ ਦੁਨੀਆ ਦੇ ਕੁਝ ਲੋਕ ਦੁਖੀ ਹੁੰਦੇ ਹਨ। ਦੁੱਖਾਂ ਨੂੰ ਸਹਿੰਦੀ ਹੋਈ... ਪਰਬਤਾਂ ਨਾਲ ਟੱਕਰ ਲੈਂਦੀ ਹੈ। ਰੁੱਖਾਂ ਨੂੰ ਸਹਿਲਾਉਂਦੀ... ਫੁੱਲਾਂ ਨੂੰ ਪਿਆਰ ਨਾਲ ਛੇੜਦੀ। ਕਦੇ ਜ਼ਿੰਦਗੀ ਦਾ ਰਾਗ ਗਾਉਂਦੀ ਤੇ ਕਦੇ ਆਪਣੀ ਜ਼ਿੰਦਗੀ ਨੂੰ ਰਾਗ ਬਣਾ ਲੈਂਦੀ ਹੈ। ਅਜਿਹਾ ਰਾਗ ਜਿਸ ਨੂੰ ਸੁਣਨਾ ਤਾਂ ਸਾਰੇ ਚਾਹੁੰਦੇ ਹਨ, ਪਰ ਉਹ ਰਾਗ ਆਪਣੇ ਘਰ ਵਿੱਚੋਂ ਨਹੀਂ ਦੂਸਰਿਆਂ ਦੇ ਘਰਾਂ ਵਿੱਚ ਝਾਤੀ ਮਾਰ ਕੇ ਸੁਣਨਾ ਚਾਹੁੰਦੇ ਹਨ।
ਇਨਸਾਨ ਵਾਂਗ ਇਹ ਕੁਦਰਤ ਵੀ ਕਦੇ-ਕਦੇ ਸ਼ੋਰ ਮਚਾਉਂਦੀ ਹੈ। ਆਪੇ ਵਿੱਚੋਂ ਬਾਹਰ ਜਾਂਦੀ ਹੈ... ਉਸ ਵੇਲੇ ਜਦੋਂ ਇਸ ਨੂੰ ਲੱਗਦਾ ਹੈ ਕਿ ਹੁਣ ਉਸ ਦੀ ਪਰਵਾਹ ਕਰਨ ਵਾਲਾ ਕੋਈ ਨਹੀਂ ਹੈ। ਉਸ ਉੱਪਰ ਹੋ ਰਹੇ ਅੱਤਿਆਚਾਰ ਦਾ ਜਵਾਬ ਦੇਣ ਵਾਲਾ ਕੋਈ ਨਹੀਂ ਹੈ। ਕੁਦਰਤ ਅਤੇ ਪੌਣ ਪਾਣੀ ਨੂੰ ਸਾਂਭਣ ਵਾਲੇ ਉਸ ਤੋਂ ਬੇਮੁਖ ਹੋ ਰਹੇ ਹਨ। ਜਦੋਂ ਕੁਦਰਤ ਦੇ ਵਜੂਦ ਨੂੰ ਖ਼ਤਰਾ ਲੱਗੇ ਤਾਂ ਉਹ ਵੀ ਕਹਿਰ ਵਰ੍ਹਾਉਂਦੀ ਹੈ। ਸਾਡਾ ਮਨੁੱਖਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਕੁਦਰਤ ਅਤੇ ਕੁਦਰਤ ਦੇ ਜੀਵਾਂ ਨੂੰ ਸੰਭਾਲੀਏ। ਜੇਕਰ ਕੁਦਰਤ ਦਾ ਅੰਤ ਅਸੀਂ ਕਰ ਦਿੱਤਾ ਤਾਂ ਸਾਡਾ ਵੀ ਅੰਤ ਹੋਣ ਤੋਂ ਕੋਈ ਨਹੀਂ ਬਚਾ ਸਕਦਾ। ਕਿਸੇ ਧੀ, ਭੈਣ ਜਾਂ ਵਿਅਕਤੀ ਨਾਲ ਹੋ ਰਹੀ ਬੇਇਨਸਾਫ਼ੀ ਵਿਰੁੱਧ ਬੋਲਣਾ ਸਾਡਾ ਇਨਸਾਨੀ ਫ਼ਰਜ਼ ਹੈ। ਆਓ ਪਿਆਰਿਓ...! ਇਸ ਕੁਦਰਤ ਨੂੰ ਸਮਝਦੇ ਹੋਏ ਉਸ ਦੇ ਬਣਾਏ ਜੀਵ ਜੰਤੂਆਂ ਨੂੰ ਵੀ ਸਮਝੀਏ। ਆਪ ਵੀ ਵਧੀਆ ਜ਼ਿੰਦਗੀ ਗੁਜ਼ਾਰੀਏ ਅਤੇ ਹੋਰਾਂ ਨੂੰ ਵੀ ਵਧੀਆ ਜ਼ਿੰਦਗੀ ਗੁਜ਼ਾਰਨ ਦੇਈਏ। ਜੇਕਰ ਸਾਡੇ ਕਰਕੇ ਕਿਸੇ ਨੂੰ ਖ਼ੁਸ਼ੀ ਮਿਲਦੀ ਹੈ, ਕਿਸੇ ਦੇ ਕੁਝ ਪਲ ਸੰਵਰਦੇ ਹਨ ਤਾਂ ਅਗਲੇ ਨੂੰ ਖ਼ੁਸ਼ੀ ਦੇਣ ਵਿੱਚ ਅਤੇ ਉਸ ਦੇ ਮਾਹੌਲ ਨੂੰ ਸੁਖਾਵਾਂ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸਾਡੇ ਹੱਸਦੇ ਵੱਸਦੇ ਰਹਿਣ ਦਾ ਇਸ ਤੋਂ ਵਧੀਆ ਮੰਤਰ ਹੋਰ ਕੀ ਹੋ ਸਕਦਾ ਹੈ?
ਸੰਪਰਕ: 81465-36200