ਹਵਾਲਾਤ ਵਿੱਚੋਂ ਤਿੰਨ ਮੁਲਜ਼ਮ ਫਰਾਰ
ਇਕਬਾਲ ਸਿੰਘ ਸ਼ਾਂਤ
ਲੰਬੀ, 13 ਅਪਰੈਲ
ਲੰਬੀ ਹਲਕੇ ਦੇ ਥਾਣਾ ਕਬਰਵਾਲਾ ਵਿੱਚੋਂ ਬੀਤੀ ਰਾਤ ਤਿੰਨ ਮੁਲਜ਼ਮ ਹਵਾਲਾਤ ਦਾ ਜੰਗਲਾ ਤੋੜ ਕੇ ਫਰਾਰ ਹੋ ਗਏ। ਤਿੰਨੋਂ ਮੁਲਜ਼ਮ ਦੋ ਵੱਖ-ਵੱਖ ਮੁਕੱਦਮਿਆਂ ’ਚ ਚਾਰ ਰੋਜ਼ਾ ਪੁਲੀਸ ਰਿਮਾਂਡ ’ਤੇ ਸਨ। ਹਾਲਾਂਕਿ ਇਸੇ ਦੌਰਾਨ ਬੂਟਾ ਸਿੰਘ ਨਾਮੀ ਮੁਜ਼ਲਮ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਕਾਬੂ ਕਰ ਲਿਆ ਗਿਆ ਹੈ। ਲੰਬੀ ਦੇ ਡੀਐੱਸਪੀ ਜਸਪਾਲ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਥਾਣਾ ਕਬਰਵਾਲਾ ਦੀ ਇਮਾਰਤ ਕਾਫੀ ਖਸਤਾ ਹਾਲ ਹੈ ਤੇ ਹਵਾਲਾਤ ਦਾ ਜੰਗਲਾ ਵੀ ਜੰਗਾਲ ਖਾਧਾ ਹੋਇਆ ਸੀ। ਉਧਰ, ਇਸ ਘਟਨਾ ਬਾਰੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਚੁੱਪੀ ਧਾਰੀ ਹੋਈ ਹੈ। ਸੂਤਰਾਂ ਮੁਤਾਬਕ ਲੰਘੀ ਰਾਤ ਕਰੀਬ ਸਵਾ ਨੌਂ ਵਜੇ ਮੁਲਜ਼ਮਾਂ ਨੇ ਹਵਾਲਾਤ ਦਾ ਜੰਗਲਾ ਤੋੜਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਫਰਾਰ ਮੁਲਜ਼ਮਾਂ ’ਚੋਂ ਦੋ ਜਣੇ ਬੂਟਾ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਤੇ ਲਵਟੈਣ ਸਿੰਘ ਉਰਫ਼ ਲਵ ਵਾਸੀ ਢਾਣੀ ਪਿੰਡ ਜੰਡਵਾਲਾ ਭੀਮੇਸ਼ਾਹ (ਫਾਜ਼ਿਲਕਾ) ਦੇ ਦੱਸੇ ਜਾਂਦੇ ਹਨ। ਤੀਜਾ ਮੁਲਜ਼ਮ ਸ਼ਮਸ਼ੇਰ ਸਿੰਘ ਸ਼ੰਮੀ ਕੁਝ ਦਿਨ ਪਹਿਲਾਂ ਪਿੰਡ ਸਰਾਵਾਂ ਬੋਦਲਾ ਵਿੱਚ ਮੋਟਰਸਾਈਕਲ ਦੀ ਸਾੜ ਫੂਕ ’ਚ ਸ਼ਾਮਲ ਸੀ।
ਥਾਣਾ ਮੁਖੀ ਤੇ ਉਪ ਮੁਨਸ਼ੀ ਮੁਅੱਤਲ
ਲੰਬੀ ਦੇ ਡੀਐੱਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਫਰਾਰ ਹੋਣ ਕਾਰਨ ਕਬਰਵਾਲਾ ਦੇ ਮੁਖੀ ਦਵਿੰਦਰ ਕੁਮਾਰ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕੀਤਾ ਗਿਆ ਹੈ ਜਦਕਿ ਉਪ ਮੁਨਸ਼ੀ (ਨਾਈਟ) ਨਰਿੰਦਰ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ। ਡੀਐੱਸਪੀ ਨੇ ਦੱਸਿਆ ਕਿ ਤਿੰਨੇ ਫਰਾਰ ਮੁਲਜ਼ਮਾਂ ਤੋਂ ਇਲਾਵਾ ਡਿਊਟੀ ’ਚ ਅਣਗਹਿਲੀ ਦੇ ਦੋਸ਼ਾਂ ਤਹਿਤ ਡਿਊਟੀ ਅਫਸਰ ਏਐੱਸਆਈ ਜਰਨੈਲ ਸਿੰਘ, ਉਪ ਮੁਨਸ਼ੀ (ਨਾਈਟ) ਨਰਿੰਦਰ ਸਿੰਘ, ਤਿੰਨ ਹੋਮਗਾਰਡ ਮੁਲਾਜ਼ਮਾਂ ਰਣਜੀਤ ਸਿੰਘ, ਮਨਜੀਤ ਸਿੰਘ ਅਤੇ ਮਹਿਤਾਬ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।