ਹਵਾਈ ਉਡਾਣਾਂ ਦੀ ਸੁਰੱਖਿਆ ਲਈ ਪੰਛੀਆਂ ਦੀ ਰੋਕਥਾਮ ’ਤੇ ਜ਼ੋਰ
ਦਰਸ਼ਨ ਿਸੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 9 ਜੂਨ
ਮੁਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਵਿੱਚ ਏਅਰਪੋਰਟ ਅਥਾਰਟੀਆਂ ਸਣੇ ਮੁਹਾਲੀ ਨਗਰ ਨਿਗਮ, ਗਮਾਡਾ ਅਤੇ ਪੰਚਾਇਤ ਵਿਭਾਗ ਨਾਲ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਦੇ ਆਲੇ-ਦੁਆਲੇ ਦੇ ਏਅਰਫੀਲਡ ਨੂੰ ਪੰਛੀਆਂ ਤੋਂ ਮੁਕਤ ਬਣਾਉਣ ਲਈ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ਦੇ ਏਅਰਫੀਲਡ ਵਿੱਚ ਪੰਛੀਆਂ ਦੀ ਮੌਜੂਦਗੀ ਕਾਰਨ ‘ਲੈਂਡਿੰਗ’ ਅਤੇ ‘ਟੇਕ ਆਫ’ ਦੌਰਾਨ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕਈ ਰੋਕਥਾਮ ਉਪਾਵਾਂ ਲਈ ਸਬੰਧਤ ਵਿਭਾਗਾਂ ਨੂੰ ਠੋਸ ਕਦਮ ਚੁੱਕਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਏਡੀਸੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਨੇ ਕਿਹਾ ਕਿ ਹਵਾਈ ਅੱਡਾ ਅਥਾਰਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਲਿਆਂਦਾ ਹੈ ਕਿ ਮੀਟ ਦੀਆਂ ਦੁਕਾਨਾਂ ’ਤੇ ਕੱਚਾ ਮਾਸ ਅਤੇ ਰਹਿੰਦ-ਖੂੰਹਦ ਕਾਰਨ ਇਸ ਖੇਤਰ ਵਿੱਚ ਪੰਛੀਆਂ ਦੀ ਆਮਦ ਦੇ ਪ੍ਰਮੁੱਖ ਕਾਰਨਾਂ ’ਚੋਂ ਇੱਕ ਹੈ। ਪਿੰਡ ਕੰਬਾਲਾ, ਜਗਤਪੁਰਾ ਅਤੇ ਸੈਕਟਰ-74 ਦੇ ਆਸ-ਪਾਸ ਲੱਗੇ ਕੂੜੇ ਦੇ ਢੇਰਾਂ ਨੂੰ ਸ਼ਿਫ਼ਟ ਕਰਵਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਧਿਆਨ ਦੇਣ ’ਤੇ ਜ਼ੋਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕੰਮ ਸਬੰਧੀ ਕਾਰਵਾਈ ਚਲ ਰਹੀ ਹੈ ਅਤੇ ਜਲਦੀ ਹੀ ਮੁਕੰਮਲ ਹੋ ਜਾਵੇਗੀ। ਉਨ੍ਹਾਂ ਡਰੇਨਜ ਵਿਭਾਗ ਨੂੰ ਕੰਬਾਲਾ ਅਤੇ ਜਗਤਪੁਰਾ ਦੀਆਂ ਡਰੇਨਾਂ ਦੀ ਸਫ਼ਾਈ ਦਾ ਕੰਮ ਛੇਤੀ ਪੂਰਾ ਕਰਨ ਦੀ ਹਦਾਇਤ ਕੀਤੀ।
ਇਸ ਲਈ ਹਵਾਈ ਅੱਡੇ ਦੇ 200 ਮੀਟਰ ਦੇ ਘੇਰੇ ਵਿੱਚ ਲੇਜ਼ਰ ਲਾਈਟਾਂ ਦੀ ਵਰਤੋਂ ’ਤੇ ਤੁਰੰਤ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕਰਨ ਲਈ ਕਿਹਾ। ਇਸ ਤੋਂ ਇਲਾਵਾ ਏਅਰਪੋਰਟ ਅਥਾਰਟੀਆਂ ਵੱਲੋਂ ਧਿਆਨ ਵਿੱਚ ਲਿਆਂਦਾ ਗਿਆ ਕਿ ਜ਼ੀਰਕਪੁਰ ਨੇੜੇ ਏਅਰਫੋਰਸ ਸਟੇਸ਼ਨ ਦੇ ਆਸ-ਪਾਸ ਲੇਬਰ ਦੀ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੈ।