ਹਲਕੇ ਮੀਂਹ ਮਗਰੋਂ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਰਾਹਤ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਜੁਲਾਈ
ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਐੱਨਸੀਆਰ ਵਿੱਚ ਅੱਜ ਮੌਸਮ ਦਾ ਅਚਾਨਕ ਮਿਜ਼ਾਜ ਬਦਲ ਗਿਆ। ਕੁਝ ਖੇਤਰਾਂ ਵਿੱਚ ਹਲਕੀ ਬਾਰਿਸ਼ ਹੋਈ, ਜਿਸ ਮਗਰੋਂ ਮੌਸਮ ਸੁਹਾਵਣਾ ਹੋ ਗਿਆ। ਦਿੱਲੀ ਦੇ ਕਈ ਇਲਾਕਿਆਂ ਵਿੱਚ ਬੱਦਲਾਂ ਦੀਆਂ ਕਾਲੀਆਂ ਘਟਾਵਾਂ ਛਾਈਆਂ ਰਹੀਆਂ। ਮੌਸਮ ਵਿਭਾਗ ਨੇ ਸ਼ਨਿਚਰਵਾਰ ਨੂੰ ਦਰਮਿਆਨੀ ਬਾਰਿਸ਼ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ।
ਰਾਜਧਾਨੀ ਦਿੱਲੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਅੱਜ ਕੁਝ ਥਾਵਾਂ ’ਤੇ ਬੂੰਦਾ-ਬਾਂਦੀ ਹੋਈ। ਦਿੱਲੀ ਵਿੱਚ ਬੀਤੇ ਦਿਨ ਵੀ ਹਲਕੇ ਮੀਂਹ ਕਾਰਨ ਦਿੱਲੀ ਵਾਸੀਆਂ ਨੂੰ ਹੁੰਮਸ ਵਾਲੀ ਗਰਮੀ ਤੋਂ ਰਾਹਤ ਮਿਲੀ। ਕੀਤਾ ਗਿਆ।
ਹਾਲਾਂਕਿ, ਕਦੇ ਕਦੇ ਬੱਦਲ ਛਾ ਜਾਂਦੇ ਅਤੇ ਜਲਦੀ ਹੀ ਤੇਜ਼ ਧੁੱਪ ਨਿਕਲ ਆਉਂਦੀ। ਅੱਜ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਅਤੇ ਘੱਟ ਤੋਂ ਘੱਟ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਭਲਕੇ ਸ਼ਨਿਚਰਵਾਰ ਲਈ ਜਾਰੀ ‘ਯੈਲੋ ਅਲਰਟ’ ਦਰਮਿਆਨ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦਿੱਲੀ ਦਾ ਹਵਾ ਦਾ ਸੂਚਕਾਂਕ (ਏਕਿਊਆਈ) 72 ਦਰਜ ਕੀਤਾ ਗਿਆ, ਜੋ ਤਸੱਲੀਬਖ਼ਸ਼ ਸ਼੍ਰੇਣੀ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 36.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 0.5 ਡਿਗਰੀ ਘੱਟ ਸੀ ਅਤੇ ਘੱਟੋ-ਘੱਟ ਤਾਪਮਾਨ 27.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 0.2 ਡਿਗਰੀ ਘੱਟ ਸੀ।
ਫਰੀਦਾਬਾਦ, ਗੁਰੂਗ੍ਰਾਮ ਤੇ ਹੋਰ ਇਲਾਕਿਆਂ ਵਿੱਚ ਮੀਂਹ ਪਿਆ
ਫਰੀਦਾਬਾਦ (ਪੱਤਰ ਪ੍ਰੇਰਕ): ਐੱਨਸੀਆਰ ਦੇ ਖੇਤਰਾਂ ਫਰੀਦਾਬਾਦ, ਗੁਰੂਗ੍ਰਾਮ, ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ, ਬੱਲਬਗੜ੍ਹ, ਪਲਵਲ, ਸੋਨੀਪਤ ਅਤੇ ਬਹਾਦਰਗੜ੍ਹ ਵਿੱਚ ਮੀਂਹ ਪਿਆ। ਇਸ ਨਾਲ ਬੀਤੇ ਦਿਨਾਂ ਤੋਂ ਜਾਰੀ ਹੁੰਮਸ ਵਾਲੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਕਿਸਾਨਾਂ ਨੇ ਵੀ ਮੀਂਹ ਕਾਰਨ ਸੁਖ ਦਾ ਸਾਹ ਲਿਆ ਹੈ। ਕਿਸਾਨਾਂ ਮੁਤਾਬਕ ਇਹ ਮੀਂਹ ਸਬਜ਼ੀਆਂ ਲਈ ਵਧੀਆ ਹੈ। ਹਾਲਾਂਕਿ, ਮੀਂਹ ਪੈਣ ਨਾਲ ਕੁਝ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਵਿੱਚ ਵਿਘਨ ਪਿਆ। ਕਈ ਦਿਨ ਦੇ ਇੰਤਜ਼ਾਰ ਮਗਰੋਂ ਅੱਜ ਦਰਮਿਆਨਾ ਮੀਂਹ ਪਿਆ। ਹਾਲਾਂਕਿ ਐੱਨਸੀਆਰ ਵਿੱਚ ਮੌਨਸੂਨ ਦੀ ਆਮਦ 29 ਜੂਨ ਨੂੰ ਹੋ ਗਈ ਸੀ। ਉਸ ਮਗਰੋਂ ਮੀਂਹ ਵਿੱਚ ਖੜੋਤ ਆ ਗਈ ਸੀ। ਮੌਸਮ ਮਹਿਕਮੇ ਨੇ ਜੁਲਾਈ ਵਿੱਚ ਭਰਵਾਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।