ਹਰਿਆਣਾ ਰੋਡਵੇਜ਼ ਦੇ ਕਾਮਿਆਂ ਵੱਲੋਂ ਬੱਸਾਂ ਦੇ ਚੱਕਾ ਜਾਮ ਦਾ ਐਲਾਨ
ਦਵਿੰਦਰ ਸਿੰਘ
ਯਮੁਨਾਨਗਰ, 5 ਜੁਲਾਈ
ਹਰਿਆਣਾ ਰੋਡਵੇਜ਼ ਵਰਕਰਜ਼ ਯੂਨੀਅਨ ਨਾਲ ਸਬੰਧਤ ਸਰਵ ਕਰਮਚਾਰੀ ਸੰਘ ਹਰਿਆਣਾ ਦੀ ਅਹਿਮ ਮੀਟਿੰਗ ਬੱਸ ਸਟੈਂਡ ਯੂਨੀਅਨ ਦਫ਼ਤਰ ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ ਡਿਪੂ ਪ੍ਰਧਾਨ ਮਹੀਪਾਲ ਸੌਦੇ ਨੇ ਕੀਤੀ ਅਤੇ ਜ਼ਿਲ੍ਹਾ ਸਕੱਤਰ ਰਾਜੇਸ਼ ਕੰਬੋਜ ਨੇ ਸੰਚਾਲਨ ਕੀਤਾ। ਬੈਠਕ ਵਿੱਚ ਟਰੇਡ ਯੂਨੀਅਨਾਂ ਦੇ ਸੱਦੇ ’ਤੇ 9 ਜੁਲਾਈ ਨੂੰ ਹੋਣ ਵਾਲੀ ਦੇਸ਼ ਵਿਆਪੀ ਹੜਤਾਲ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ ਗਈ। ਜ਼ਿਲ੍ਹਾ ਮੁਖੀ ਮਹੀਪਾਲ ਸੌਦੇ ਨੇ ਮੀਟਿੰਗ ਵਿੱਚ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਹਰਿਆਣਾ ਰੋਡਵੇਜ਼ ਦੇ ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਈ ਦੌਰ ਦੀ ਗੱਲਬਾਤ ਹੋਈ, ਪਰ ਕਰਮਚਾਰੀਆਂ ਦੀਆਂ ਮੰਗਾਂ ਨੂੰ ਹੱਲ ਕਰਨ ਦੀ ਬਜਾਏ ਸਰਕਾਰ ਵੱਲੋਂ ਰੋਡਵੇਜ਼ ਦੇ ਅੰਦੋਲਨ ਨੂੰ ਦਬਾਇਆ ਜਾ ਰਿਹਾ ਹੈ, ਜਿਸ ਕਾਰਨ ਕਰਮਚਾਰੀਆਂ ਵਿੱਚ ਬਹੁਤ ਗੁੱਸਾ ਹੈ। ਉਨ੍ਹਾਂ ਕਿਹਾ ਕਿ ਸਾਂਝਾ ਮੋਰਚਾ 9 ਜੁਲਾਈ ਨੂੰ ਹੜਤਾਲ ਵਿੱਚ ਵੀ ਹਿੱਸਾ ਲਵੇਗਾ ਅਤੇ ਇੱਕ ਦਿਨ ਲਈ ਸਰਕਾਰੀ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਸਰਵ ਕਰਮਚਾਰੀ ਸੰਘ ਹਰਿਆਣਾ ਦੇ ਜ਼ਿਲ੍ਹਾ ਸਕੱਤਰ ਗੁਲਸ਼ਨ ਭਾਰਦਵਾਜ ਨੇ ਕਿਹਾ ਕਿ ਅੱਠਵਾਂ ਤਨਖਾਹ ਕਮਿਸ਼ਨ ਤੁਰੰਤ ਗਠਿਤ ਕੀਤਾ ਜਾਵੇੇ। ਇਸ ਮੌਕੇ ਮੈਕੈਨੀਕਲ ਵਿਭਾਗ ਦੇ ਜ਼ਿਲ੍ਹਾ ਪ੍ਰਧਾਨ ਰਾਜ ਕਿਸ਼ੋਰ, ਹਰਿਆਣਾ ਰੋਡਵੇਜ਼ ਤੋਂ ਕੈਸ਼ੀਅਰ ਸੰਜੇ ਕੁਮਾਰ, ਆਡਿਟਰ ਵਿਪਨ ਕੰਬੋਜ, ਮੈਂਬਰ ਬ੍ਰਿਜਭੂਸ਼ਣ, ਸੱਜਣ ਪਾਲ, ਕੁਲਦੀਪ ਰਾਣਾ, ਗੁਲਾਬ ਸਿੰਘ, ਰਾਜੇਂਦਰ ਕੁਮਾਰ, ਸੰਜੀਵ ਕੁਮਾਰ, ਵਿਕਰਮ ਤੇ ਸੰਦੀਪ ਕੁਮਾਰ ਆਦਿ ਮੌਜੂਦ ਸਨ।
ਮਿੱਡ-ਡੇਅ ਮੀਲ ਵਰਕਰਾਂ ਵੱਲੋਂ ਹੜਤਾਲ ਦੀ ਹਮਾਇਤ
ਸਰਵ ਕਰਮਚਾਰੀ ਸੰਘ ਹਰਿਆਣਾ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ 9 ਜੁਲਾਈ ਨੂੰ ਦੇਸ਼ਵਿਆਪੀ ਹੜਤਾਲ ਵਿੱਚ ਹਿੱਸਾ ਲਵੇਗੀ। ਹੜਤਾਲ ਦਾ ਨੋਟਿਸ ਜ਼ਿਲ੍ਹਾ ਪ੍ਰਧਾਨ ਨੀਲਮ ਭੱਟੀ ਦੀ ਅਗਵਾਈ ਹੇਠ ਸੈਕਟਰ-18 ਸਥਿਤ ਦਫ਼ਤਰ ਵਿੱਚ ਮੁੱਢਲੀ ਸਿੱਖਿਆ ਅਧਿਕਾਰੀ ਨੂੰ ਸੌਂਪਿਆ ਗਿਆ। ਇਸ ਮੌਕੇ ਮੌਜੂਦ ਜ਼ਿਲ੍ਹਾ ਸਕੱਤਰ ਕਵਿਤਾ ਰਾਣੀ ਨੇ ਦੱਸਿਆ ਕਿ ਇਸ ਦਿਨ ਕੋਈ ਵੀ ਮਿੱਡ-ਡੇਅ ਵਰਕਰ ਖਾਣਾ ਨਹੀਂ ਬਣਾਏਗਾ ਅਤੇ ਜ਼ਿਲ੍ਹਾ ਹੈੱਡਕੁਆਰਟਰ ’ਤੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤੇ ਜਾਣਗੇ।