ਹਰਿਆਣਾ ਪੁਲੀਸ ਦੇ ਕਾਂਸਟੇਬਲ ਵੱਲੋਂ ਖੁ਼ਦਕੁਸ਼ੀ

ਕਾਂਸਟੇਬਲ ਦੇ ਘਰ ਦੇ ਬਾਹਰ ਇਕੱਠੇ ਹੋਏ ਲੋਕ ਅਤੇ ਪੁਲੀਸ ਕਰਮਚਾਰੀ। -ਫੋਟੋ: ਰਵੀ ਕੁਮਾਰ

ਮੁਕੇਸ਼ ਕੁਮਾਰ
ਚੰਡੀਗੜ੍ਹ, 20 ਸਤੰਬਰ
ਹਰਿਆਣਾ ਪੁਲੀਸ ਦੇ ਕਾਂਸਟੇਬਲ ਸੋਨੂ ਕੁਮਾਰ ਨੇ ਅੱਜ ਸ਼ਾਮ 7 ਵਜੇ ਸੈਕਟਰ-39 ਸਥਿਤ ਆਪਣੇ ਸਰਕਾਰੀ ਘਰ ਵਿੱਚ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਪੁਲੀਸ ਨੂੰ ਮੌਕੇ ਤੋਂ ਸੁਸਾਈਡ ਨੋਟ ਨਹੀਂ ਮਿਲਿਆ ਹੈ ਪਰ ਆਤਮਹੱਤਿਆ ਦਾ ਕਾਰਨ ਪਰਿਵਾਰਕ ਝਗੜਾ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮੌਤ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਂਸਟੇਬਲ ਦੀ ਧੀ ਅਤੇ ਪੁੱਤਰ ਘਟਨਾ ਵੇਲੇ ਘਰ ਵਿੱਚ ਹੀ ਮੌਜੂਦ ਸਨ। ਸੋਨੂ ਨੇ ਅੱਜ ਰਾਤ ਨੂੰ ਆਪਣੇ ਪਰਿਵਾਰ ਨਾਲ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਕਟਰਾ ਜਾਣਾ ਸੀ। ਇਸੇ ਦੌਰਾਨ ਸ਼ਾਮ ਲਗਪਗ 5 ਵਜੇ ਸੋਨੂੰ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਤੇ ਉਹ ਫੋਨ ਕਰਨ ਵਾਲੇ ਵਿਅਕਤੀ ਨੂੰ ਮਿਲਣ ਲਈ ਘਰ ਤੋਂ ਬਾਹਰ ਫਲਾ ਗਿਆ। ਇਸ ਤੋਂ ਬਾਅਦ ਸ਼ਾਮ ਸੱਤ ਵਜੇ ਦੇ ਕਰੀਬ ਸੋਨੂ ਘਰ ਪਰਤਿਆ ਤੇ ਆਪਣੇ ਕਮਰੇ ਵਿੱਚ ਜਾ ਕੇ ਅਲਮਾਰੀ ਵਿਚੋਂ ਆਪਣੀ ਸਰਵਿਸ ਰਿਵਾਲਵਰ ਕੱਢ ਕੇ ਖੁਦ ਨੂੰ ਗੋਲੀ ਮਾਰ ਲਈ। ਮੌਕੇ ’ਤੇ ਪਹੁੰਚੀ ਪੁਲੀਸ ਨੇ ਸੋਨੂੰ ਨੂੰ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ ਨੂੰ ਪੋਸਟਮਾਰਟਮ ਲਈ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਰੱਖਿਆ ਗਿਆ ਹੈ। ਪੁਲੀਸ ਨੇ ਸੈਕਟਰ 39 ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਹੈ।

Tags :