ਹਰਿਆਣਾ ’ਚ ਧਰਮ ਪ੍ਰਚਾਰ ਲਈ ਹਾਲ ਬਣਾਏ ਜਾਣਗੇ: ਝੀਂਡਾ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 8 ਜੂਨ
ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਅੱਜ ਰਤੀਆ ਵਿੱਚ ਗੁਰਦੁਆਰਿਆਂ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੇ ਸਿੱਖ ਭਾਈਚਾਰੇ ਨੇ ਉਨ੍ਹਾਂ ਨੂੰ ਸੂਬੇ ਦੇ ਗੁਰਦੁਆਰਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ ਹੈ, ਜਿਸ ਤਹਿਤ ਉਹ ਰਾਜ ਭਰ ਦੇ ਗੁਰਦੁਆਰਿਆਂ ਦਾ ਨਿਰੀਖਣ ਕਰ ਰਹੇ ਹਨ ਕਿਉਂਕਿ ਰਾਜ ਦੇ ਗੁਰਦੁਆਰਿਆਂ ਦੀ ਹਜ਼ਾਰਾਂ ਏਕੜ ਜ਼ਮੀਨ ਬਿਨਾਂ ਸਾਂਭ ਸੰਭਾਲ ਦੇ ਪਈ ਹੈ, ਜਿਸ ਦੀ ਵਰਤੋਂ ਕਰਕੇ ਰਾਜ ਵਿੱਚ ਸਿੱਖ ਸੰਗਤ ਦੇ ਧਰਮ ਪ੍ਰਚਾਰ ਲਈ ਹਾਲ ਬਣਾਏ ਜਾਣਗੇ ਅਤੇ ਰਾਜ ਵਿੱਚ ਯੂਨੀਵਰਸਿਟੀਆਂ ਅਤੇ ਹਸਪਤਾਲਾਂ ਦੇ ਨਿਰਮਾਣ ਦਾ ਕੰਮ ਵੀ ਲਾਗੂ ਕੀਤਾ ਜਾਣਾ ਹੈ। ਉਨ੍ਹਾਂ ਨੇ ਸੂਬੇ ਦੇ ਗੁਰਦੁਆਰਿਆਂ ਵਿੱਚ ਲੰਗਰ ਦੌਰਾਨ ਵੀਆਈਪੀ ਸੱਭਿਆਚਾਰ ਨੂੰ ਰੋਕ ਦਿੱਤਾ ਹੈ ਅਤੇ ਗੁਰਦੁਆਰਿਆਂ ਵਿੱਚ ਬੋਤਲਬੰਦ ਪਾਣੀ ਵੀ ਨਹੀਂ ਵਰਤਾਇਆ ਜਾਵੇਗਾ। ਸ੍ਰੀ ਝੀਂਡਾ ਨੇ ਕਿਹਾ ਕਿ ਧਾਰਮਿਕ ਪ੍ਰਚਾਰ ਦੇ ਨਾਲ-ਨਾਲ ਸੂਬੇ ਵਿੱਚ ਸਿੱਖਾਂ ਦੀ ਚੜ੍ਹਦੀਕਲਾ ਲਈ ਹਰ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਨਿਰੀਖਣ ਦੌਰਾਨ ਸੰਗਤ ਵਲੋਂ ਮੰਗ ਕੀਤੀ ਗਈ ਸੀ ਕਿ ਰਤੀਆ ਬਾਈਪਾਸ ਬੁਢਲਾਡਾ ਰੋਡ ’ਤੇ ਧਾਰਮਿਕ ਇਕੱਠ ਅਤੇ ਹੋਰ ਧਾਰਮਿਕ ਪ੍ਰੋਗਰਾਮਾਂ ਲਈ ਇੱਕ ਵੱਡਾ ਹਾਲ ਬਣਾਇਆ ਜਾਵੇ, ਜਿਸ ਲਈ ਨਿਰੀਖਣ ਕੀਤਾ ਗਿਆ ਹੈ ਅਤੇ ਜਲਦੀ ਹੀ ਮੰਗ ’ਤੇ ਵਿਚਾਰ ਕਰਨ ਲਈ ਕਮੇਟੀ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਮੌਕੇ ਗੁਰਚਰਨ ਸਿੰਘ, ਜਰਨੈਲ ਸਿੰਘ, ਡਾ. ਸ਼ੀਸ਼ਪਾਲ ਖੋਖਰ, ਫਤਿਹ ਸਿੰਘ ਭੁੱਲਰ, ਜੈਪਾਲ ਸਿੰਘ, ਸ਼ੇਰ ਸਿੰਘ, ਰੂਪ ਸਿੰਘ ਖੋਖਰ, ਸੁਰੇਂਦਰਪਾਲ ਸਿੰਘ, ਮੈਨੇਜਰ ਵਰਿੰਦਰ ਸਿੰਘ, ਕਲਰਕ ਅੰਮ੍ਰਿਤਪਾਲ ਸਿੰਘ, ਬਾਬਾ ਕ੍ਰਿਸ਼ਨ ਸਿੰਘ ਅਤੇ ਹੋਰ ਮੌਜੂਦ ਸਨ।