For the best experience, open
https://m.punjabitribuneonline.com
on your mobile browser.
Advertisement

ਹਰਭਜਨ ਹਲਵਾਰਵੀ ਦੇ ਬੌਧਿਕ ਪਸਾਰਾਂ ਦੀ ਬਾਤ ਪਾਉਂਦੀ ਪੁਸਤਕ

04:12 AM Jun 22, 2025 IST
ਹਰਭਜਨ ਹਲਵਾਰਵੀ ਦੇ ਬੌਧਿਕ ਪਸਾਰਾਂ ਦੀ ਬਾਤ ਪਾਉਂਦੀ ਪੁਸਤਕ
Advertisement

ਡਾ. ਮੇਘਾ ਸਿੰਘ

Advertisement

ਪੰਜਾਬੀ ਕਵਿਤਾ, ਸਾਹਿਤ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਹਰਭਜਨ ਸਿੰਘ ਹਲਵਾਰਵੀ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਨਕਸਲਬਾੜੀ ਲਹਿਰ ਵਿੱਚ ਸਰਗਰਮ ਰਹਿਣ ਉਪਰੰਤ ਤਾਉਮਰ ਮਾਰਕਸਵਾਦੀ ਵਿਚਾਰਾਂ ਦਾ ਧਾਰਨੀ ਹੋਣ ਕਰਕੇ ਉਸ ਦਾ ਨਾਂ ਖੱਬੇ ਪੱਖੀ ਚਿੰਤਕਾਂ ਵਿੱਚ ਆਉਂਦਾ ਹੈ। ਕਵਿਤਾਵਾਂ ਦੀਆਂ ਪੰਜ ਪੁਸਤਕਾਂ, ਛੇ ਸਫ਼ਰਨਾਮੇ ਅਤੇ ਸੰਪਾਦਕੀ ਲੇਖਾਂ ਦੀਆਂ 12 ਪੁਸਤਕਾਂ ਤੋਂ ਇਲਾਵਾ ਦੋ ਪੁਸਤਕਾਂ ਦੇ ਅਨੁਵਾਦ ਵੀ ਉਸ ਨੇ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ। ‘ਬੌਧਿਕਤਾ ਦੇ ਪਸਾਰ’ (ਪੰਨੇ: 750, ਕੀਮਤ: 1295 ਰੁਪਏ; ਲੋਕਗੀਤ ਪ੍ਰਕਾਸ਼ਨ, ਮੁਹਾਲੀ) ਹਲਵਾਰਵੀ ਦੀਆਂ ਪਹਿਲੀਆਂ ਪੁਸਤਕਾਂ ਤੋਂ ਬਾਹਰ ਰਹੀਆਂ ਫੁਟਕਲ ਰਚਨਾਵਾਂ ਦਾ ਸੰਗ੍ਰਹਿ ਹੈ ਜੋ ਉਸ ਦੇ ਛੋਟੇ ਭਰਾ ਪ੍ਰੋ. ਡਾ. ਨਵਤੇਜ ਸਿੰਘ ਦੀ ਸੰਪਾਦਨਾ ਅਧੀਨ ਪਾਠਕਾਂ ਦੇ ਸਨਮੁੱਖ ਹੋਈ ਹੈ। ਇਸ ਪੁਸਤਕ ਵਿੱਚ ਉਨ੍ਹਾਂ ਦੀਆਂ ਕੁਝ ਕਵਿਤਾਵਾਂ, ਗੀਤ ਤੇ ਗ਼ਜ਼ਲਾਂ, ਯਾਤਰਾ ਪ੍ਰਸੰਗ, ਪੰਜਾਬੀ ਦੇ ਮੁੱਢਲੇ ਸਾਹਿਤਕਾਰਾਂ ਬਾਰੇ ਨਿਬੰਧ, ਪੁਸਤਕ ਰੀਵਿਊ, ਮੁਲਾਕਾਤਾਂ, ਸ਼ਖ਼ਸੀਅਤੀ ਲੇਖ, ਵਿਸ਼ੇਸ਼ ਲੇਖ, ਮੁਲਾਕਾਤੀ ਵਿਚਾਰ, ਸਵੈ-ਕਥਨ ਅਤੇ ਕੁਝ ਤਸਵੀਰਾਂ ਸ਼ਾਮਲ ਹਨ।
ਇਸ ਪੁਸਤਕ ਵਿੱਚ ਦਰਜ ਹਲਵਾਰਵੀ ਦੀਆਂ ਰਚਨਾਵਾਂ ਨੂੰ ਸੰਪਾਦਕ ਨੇ ਨੌਂ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ ਵਿੱਚ ਹਲਵਾਰਵੀ ਦੀਆਂ ਅਪ੍ਰਕਾਸ਼ਿਤ ਛੇ ਕਵਿਤਾਵਾਂ, ਤਿੰਨ ਨਾਟਕਾਂ - ‘ਅਧੂਰਾ ਗੀਤ’, ‘ਤਿੱਤਰ ਖੰਭੀ ਜੂਹ’ ਅਤੇ ‘ਹਵੇਲੀ ਵਾਲੀ ਜੱਟੀ’ ਦੇ ਗੀਤ, ਚਾਰ ਗ਼ਜ਼ਲਾਂ ਅਤੇ ਤਿੰਨ ਗੀਤ ਸ਼ਾਮਲ ਹਨ। ਦੂਜੇ ਭਾਗ ਵਿੱਚ ਦੱਖਣੀ ਭਾਰਤ, ਹਿਮਾਚਲ ਪ੍ਰਦੇਸ਼, ਲੱਦਾਖ, ਥਾਈਲੈਂਡ ਅਤੇ ਚੀਨ ਦੀ ਯਾਤਰਾ ਸਬੰਧੀ ਯਾਤਰਾ ਲੇਖ ਦਰਜ ਹਨ। ‘ਸਾਡਾ ਸਾਹਿਤਕ ਵਿਰਸਾ’ ਸਿਰਲੇਖ ਤਹਿਤ ਸ਼ੇਖ ਫ਼ਰੀਦ ਜੀ ਤੋਂ ਲੈ ਕੇ ਸ਼ਾਹ ਮੁਹੰਮਦ ਤਕ 13 ਮੁੱਢਲੇ ਪੰਜਾਬੀ ਸਾਹਿਤਕਾਰਾਂ ਸਬੰਧੀ ਸਾਹਿਤਕ ਲੇਖ ਹਨ। ਪੁਸਤਕ ਰੀਵਿਊ ਵਾਲੇ ਭਾਗ ਵਿੱਚ 8 ਜੁਲਾਈ 1979 ਤੋਂ 21 ਅਗਸਤ 1988 ਤਕ ਹਲਵਾਰਵੀ ਵੱਲੋਂ ‘ਪੰਜਾਬੀ ਟ੍ਰਿਬਿਊਨ’ ਲਈ ਕੀਤੇ ਗਏ 76 ਪੁਸਤਕਾਂ ਦੇ ਰੀਵਿਊ ਹਨ। ਮੁਲਾਕਾਤਾਂ ਵਾਲੇ ਭਾਗ ਵਿੱਚ ਦੇਸੀ-ਵਿਦੇਸ਼ੀ 39 ਉੱਘੀਆਂ ਸ਼ਖ਼ਸੀਅਤਾਂ ਨਾਲ ਹਲਵਾਰਵੀ ਵੱਲੋਂ ਕੀਤੀਆਂ ਮੁਲਾਕਾਤਾਂ ਪੇਸ਼ ਦਰਜ ਹਨ। ਸ਼ਖ਼ਸੀਅਤੀ ਲੇਖ ਸਿਰਲੇਖ ਅਧੀਨ ਸੱਤ ਹੋਰ ਉੱਘੀਆਂ ਸ਼ਖ਼ਸੀਅਤਾਂ - ਪਰਵਾਸੀ ਪੰਜਾਬੀ ਨਾਵਲਕਾਰ ਸਾਧੂ ਸਿੰਘ ਧਾਮੀ, ਪੰਜਾਬੀ ਕਵੀ ਅਵਤਾਰ ਸਿੰਘ ਆਜ਼ਾਦ ਤੇ ਬਖਤਾਵਰ ਸਿੰਘ ਦਿਓਲ, ਪਦਮ ਭੂਸ਼ਣ ਮਰਾਠੀ ਨਾਟਕਕਾਰ ਵਿਜੈ ਤੇਂਦੁਲਕਰ, ਆਲੋਚਕ ਟੀ.ਆਰ. ਵਿਨੋਦ, ਗ਼ਜ਼ਲ ਗਾਇਕਾ ਤ੍ਰਿਲੋਚਨ ਕੌਰ ਅਤੇ ਨੋਬੇਲ ਪੁਰਸਕਾਰ ਜੇਤੂ ਸਪੇਨੀ ਨਾਵਲਕਾਰ ਗੈਬ੍ਰੀਅਲ ਗਾਰਸ਼ੀਆ ਮਾਰਕੁਏਜ਼ ਸਬੰਧੀ ਲੇਖ ਹਨ ਜਦੋਂਕਿ ਇਸ ਭਾਗ ਦਾ ਆਖ਼ਰੀ ਨਿਬੰਧ ਜਨਵਰੀ 1989 ਵਿੱਚ ਜੈਪੁਰ ਵਿਖੇ ਹੋਏ ਰਾਸ਼ਟਰੀ ਕਵੀ ਸੰਮੇਲਨ ਬਾਰੇ ਹੈ। ਪੁਸਤਕ ਦੇ ਅੱਠਵੇਂ ਭਾਗ ਵਿੱਚ ਵੱਖ-ਵੱਖ ਗੰਭੀਰ ਸਿਆਸੀ, ਸਮਾਜਿਕ ਅਤੇ ਸਾਹਿਤਕ ਮੁੱਦਿਆਂ ਬਾਰੇ 52 ਵਿਸ਼ੇਸ਼ ਲੇਖ ਹਨ। ਨੌਵੇਂ ਭਾਗ ਵਿੱਚ ਹਰਭਜਨ ਹਲਵਾਰਵੀ ਨਾਲ ਇੰਡੋ-ਕੈਨੇਡੀਅਨ ਟਾਈਮਜ਼ ਦੇ ਸੰਪਾਦਕ ਤਾਰਾ ਸਿੰਘ ਹੇਅਰ, ਸਾਹਿਤਕਾਰ ਪ੍ਰੋ. ਡਾ. ਸਰਬਜੀਤ ਸਿੰਘ, ਬਲਦੇਵ ਸਿੰਘ ਸੜਕਨਾਮਾ, ਡਾ. ਨਵਤੇਜ ਸਿੰਘ, ਬਲਜੀਤ ਸਿੰਘ ਬਰਾੜ ਅਤੇ ਪੰਜਾਬੀ ਮੀਡੀਆ ਦੇ ਭੁਪਿੰਦਰ ਵੱਲੋਂ ਕੀਤੀਆਂ ਗਈਆਂ ਮੁਲਾਕਾਤਾਂ ਦਰਜ ਹਨ। ਇਸੇ ਭਾਗ ਦੇ ਅਖ਼ੀਰ ਵਿੱਚ ਖ਼ੁਸ਼ਖ਼ਤ ਸਿਰਲੇਖ ਅਧੀਨ ‘ਪੰਜਾਬੀ ਟ੍ਰਿਬਿਊਨ’ ਦੀ ਮਹੱਤਤਾ ਬਾਰੇ ਸੰਖੇਪ ਨੋਟ ਵੀ ਸ਼ਾਮਲ ਹੈ। ਪੁਸਤਕ ਦੇ ਅੰਤਿਮ ਭਾਗ ਵਿੱਚ ਹਰਭਜਨ ਹਲਵਾਰਵੀ ਵੱਲੋਂ ਆਪਣੇ ਅਤੇ ਆਪਣੀ ਕਵਿਤਾ ਬਾਰੇ ਤਿੰਨ ਨਿਬੰਧ ਆਤਮ ਕਥਨ ਸਿਰਲੇਖ ਅਧੀਨ ਦਰਜ ਹਨ। ਪੁਸਤਕ ਦੇ ਅਖ਼ੀਰ ਵਿੱਚ ਡਾ. ਨਵਤੇਜ ਸਿੰਘ ਵੱਲੋਂ ਹਰਭਜਨ ਹਲਵਾਰਵੀ ਦੇ ਪਰਿਵਾਰ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ ਜਦੋਂਕਿ ਆਰੰਭ ਵਿੱਚ ਭੂਮਿਕਾ ਵਜੋਂ ਸੰਪਾਦਕੀ ਸ਼ਬਦ ਵੀ ਉਨ੍ਹਾਂ ਹੀ ਲਿਖੇ ਹਨ।
ਇਸ ਪੁਸਤਕ ਦੇ ਪਾਠ ਤੋਂ ਪਤਾ ਲਗਦਾ ਹੈ ਕਿ ਹਰਭਜਨ ਹਲਵਾਰਵੀ ਦੀਆਂ ਲਿਖਤਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਇਸ ਪੁਸਤਕ ਵਿੱਚ ਉਨ੍ਹਾਂ ਦੀ ਲੇਖਣੀ ਦੇ ਹਰ ਰੰਗ - ਕਵਿਤਾਵਾਂ, ਗੀਤ, ਗ਼ਜ਼ਲਾਂ, ਯਾਤਰਾ ਪ੍ਰਸੰਗ ਅਤੇ ਹੋਰ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸਾਹਿਤਕ ਵਿਸ਼ਿਆਂ ਬਾਰੇ ਨਿਬੰਧਾਂ ਵਿੱਚੋਂ ਬੌਧਿਕ ਵਿਚਾਰਾਂ ਦੇ ਦਰਸ਼ਨ ਹੁੰਦੇ ਹਨ। ਉਨ੍ਹਾਂ ਦੀਆਂ ਪੱਤਰਕਾਰੀ ਲਿਖਤਾਂ ਵਿੱਚੋਂ ਸਾਹਿਤਕ ਭਾਹ ਮਾਰਦੀ ਹੈ। ਲੋਕ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਵਿਚਾਰਾਂ ਨੂੰ ਬੇਬਾਕੀ ਨਾਲ ਪ੍ਰਗਟਾਉਣਾ ਇਨ੍ਹਾਂ ਰਚਨਾਵਾਂ ਦਾ ਇੱਕ ਹੋਰ ਵੱਡਾ ਮੀਰੀ ਗੁਣ ਹੈ। ਹਲਵਾਰਵੀ ਨੇ ਆਪਣੀ ਸਾਹਿਤ ਸਿਰਜਣਾ ਅਤੇ ਚਿੰਤਨ ਯਾਤਰਾ ਕਵੀ ਤੋਂ ਸ਼ੁਰੂ ਕਰਕੇ ਇਨਕਲਾਬੀ ਕਾਰਕੁਨ, ਚਿੰਤਕ, ਆਲੋਚਕ ਅਤੇ ਪ੍ਰਬੁੱਧ ਪੱਤਰਕਾਰ ਵਜੋਂ ਸਥਾਪਤ ਕੀਤੀ। ਇਸੇ ਕਰਕੇ ਉਨ੍ਹਾਂ ਨੂੰ ਪੰਜਾਬੀ ਪੱਤਰਕਾਰੀ ਦੇ ਬੌਧਿਕ ਹੁਸਨ ਦਾ ਲਕਬ ਦਿੱਤਾ ਗਿਆ। ਇਹ ਪੁਸਤਕ ਉਨ੍ਹਾਂ ਦੀਆਂ ਸਾਹਿਤਕ ਅਤੇ ਪੱਤਰਕਾਰੀ ਲਿਖਤਾਂ ਦੇ ਵਿਭਿੰਨ ਬੌਧਿਕ ਪਸਾਰਾਂ ਉੱਤੇ ਝਾਤ ਪਾਉਂਦੀ ਹੈ। ਆਪਣੇ ਵੱਡੇ ਭਰਾ ਹਰਭਜਨ ਹਲਵਾਰਵੀ ਦੀਆਂ ਇਨ੍ਹਾਂ ਲਿਖਤਾਂ ਨੂੰ ਇਕੱਠੀਆਂ ਕਰਕੇ ਪੁਸਤਕ ਰੂਪ ਵਿੱਚ ਪ੍ਰਕਾਸ਼ਤ ਕਰਨ ਲਈ ਡਾ. ਨਵਤੇਜ ਸਿੰਘ ਵਧਾਈ ਦਾ ਪਾਤਰ ਹੈ। ਹਲਵਾਰਵੀ ਦੇ ਪ੍ਰਸ਼ੰਸਕਾਂ ਦੇ ਨਾਲ ਨਾਲ ਪੰਜਾਬੀ ਸਾਹਿਤ, ਪੱਤਰਕਾਰੀ ਅਤੇ ਸਮਾਜਿਕ ਸਰੋਕਾਰਾਂ ਵਿੱਚ ਦਿਲਚਸਪੀ ਰੱਖਣ ਵਾਲੇ ਸੂਝਵਾਨ ਪਾਠਕਾਂ ਲਈ ਇਹ ਪੁਸਤਕ ਵਡਮੁੱਲੀ ਜਾਣਕਾਰੀ ਵਾਲੀ ਹੈ।
ਸੰਪਰਕ: 97800-36137

Advertisement
Advertisement

Advertisement
Author Image

Ravneet Kaur

View all posts

Advertisement