ਹਰਭਜਨ ਸਿੰਘ ਵੱਲੋਂ ‘ਆਪ’ ਉਮੀਦਵਾਰ ਦੇ ਹੱਕ ’ਚ ਚੋਣ ਪ੍ਰਚਾਰ
ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਜੂਨ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਟਾਰ ਸਪਿਨਰ ਤੋਂ ‘ਆਪ’ ਰਾਜ ਸਭਾ ਮੈਂਬਰ ਬਣੇ ਹਰਭਜਨ ਸਿੰਘ ਨੇ ਅੱਜ ਲੁਧਿਆਣਾ (ਪੱਛਮੀ) ਵਿਧਾਨ ਸਭਾ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਤੇ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਸਮਰਥਨ ਵਿੱਚ ਰੋਡ ਸ਼ੋਅ ਕੀਤਾ। ਇਹ ਰੋਡ ਸ਼ੋਅ ਹੋਟਲ ਆਨ ਤੋਂ ਸੱਗੂ ਚੌਕ ਤੱਕ ਕੀਤਾ ਗਿਆ। ਖੁੱਲ੍ਹੀ ਗੱਡੀ ’ਤੇ ਸਵਾਰ ਦੋਵੇਂ ਆਗੂਆਂ ਨੇ ਸ਼ਹਿਰ ਵਾਸੀਆਂ ਨੂੰ ‘ਆਪ’ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ। ਇਸ ਦੌਰਾਨ ਸਮਰਥਕਾਂ ਦਾ ਸਮੂਹ ‘ਆਪ’ ਦੇ ਝੰਡੇ ਲਹਿਰਾ ਰਿਹਾ ਸੀ।
ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਹਰਭਜਨ ਸਿੰਘ ਨੇ ਕਿਹਾ ਕਿ ਲੁਧਿਆਣਾ ਵਿੱਚ ਚੋਣ ਪ੍ਰਚਾਰ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਲੁਧਿਆਣਾ ਦੇ ਨਿੱਘੇ ਦਿਲ ਵਾਲੇ ਲੋਕਾਂ ਵਿੱਚ ਸ਼ਾਮਲ ਹੋਣ ਦਾ ਸੁਭਾਗ ਮਹਿਸੂਸ ਕਰਦੇ ਹਨ। ਉਨ੍ਹਾਂ ਪੀਏਯੂ ਗਰਾਊਂਡ ਵਿੱਚ ਆਪਣੇ ਕ੍ਰਿਕਟ ਦੇ ਦਿਨਾਂ ਨੂੰ ਵੀ ਯਾਦ ਕੀਤਾ। ਹਰਭਜਨ ਸਿੰਘ ਨੇ ਕਿਹਾ ਕਿ ਸੰਜੀਵ ਅਰੋੜਾ ਨੇ ਲੁਧਿਆਣਾ ਦੇ ਵਿਕਾਸ ਲਈ ਅਣਥੱਕ ਮਿਹਨਤ ਕੀਤੀ ਹੈ। ਉਨ੍ਹਾਂ ਖੁਦ ਸ੍ਰੀ ਅਰੋੜਾ ਨੂੰ ਵੱਖ ਵੱਖ ਪ੍ਰਾਜੈਕਟਾਂ ਲਈ ਮੰਤਰੀਆਂ ਨੂੰ ਮਿਲਦੇ ਦੇਖਿਆ ਹੈ। ਉਹ ਸ਼ਾਇਦ ਇਕਲੌਤੇ ਸੰਸਦ ਮੈਂਬਰ ਹਨ ਜੋ ਆਪਣੇ ਸ਼ਹਿਰ ਦੇ ਵਿਕਾਸ ਲਈ ਪੂਰੀ ਤਰ੍ਹਾਂ ਸਮਰਪਿਤ ਰਹੇ ਹਨ। ਉਨ੍ਹਾਂ ਨੇ ਵਿਕਾਸ-ਮੁਖੀ ਨੇਤਾ ਵਜੋਂ ਆਪਣੀ ਮਜ਼ਬੂਤ ਛਵੀ ਸਥਾਪਤ ਕਰਨ ਲਈ ਅਰੋੜਾ ਦੀ ਪ੍ਰਸ਼ੰਸਾ ਕੀਤੀ। ਵਹਰਭਜਨ ਸਿੰਘ ਨੇ ਲੁਧਿਆਣਾ (ਪੱਛਮੀ) ਦੇ ਵਸਨੀਕਾਂ ਨੂੰ 19 ਜੂਨ ਨੂੰ ਵੋਟਿੰਗ ਵਾਲੇ ਦਿਨ ਅਰੋੜਾ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ‘ਅਰੋੜਾ ਲਈ ਵੋਟ ਲੁਧਿਆਣਾ ਦੇ ਵਿਕਾਸ ਲਈ ਵੋਟ ਹੈ’।
ਸੰਸਦ ਮੈਂਬਰ ਅਰੋੜਾ ਨੇ ਆਪਣੇ ਸੰਖੇਪ ਭਾਸ਼ਣ ਵਿੱਚ ਹਰਭਜਨ ਸਿੰਘ ਦਾ ਪ੍ਰਚਾਰ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਉਨ੍ਹਾਂ ਨੂੰ ‘ਪੰਜਾਬ ਦਾ ਮਾਣ’ ਦੱਸਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਕ੍ਰਿਕਟਰ ਦੀ ਮੌਜੂਦਗੀ ਨੇ ਮੁਹਿੰਮ ਵਿੱਚ ਨਵੀਂ ਊਰਜਾ ਭਰ ਦਿੱਤੀ ਹੈ। ਰੋਡ ਸ਼ੋਅ ਦੌਰਾਨ ਪੇਡਾ ਦੀ ਚੇਅਰਮੈਨ ਸੁਖਚੇਨ ਕੌਰ ਬੱਸੀ ਵੀ ਮੌਜੂਦ ਸਨ, ਜੋ ਇੱਕ ਖੁੱਲ੍ਹੀ ਗੱਡੀ ਵਿੱਚ ਬੈਠੇ ਦਿਖਾਈ ਦਿੱਤੇ। ਇਸ ਮੌਕੇ ਪੰਜਾਬ ਦੇ ਮੰਤਰੀ ਡਾ: ਰਵਜੋਤ ਸਿੰਘ, ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਅਤੇ ਪਾਰਟੀ ਆਗੂ ਇੰਦਰਜੀਤ ਕੌਰ, ਇੰਦਰਪਾਲ ਚੱਢਾ, ਦਿਨੇਸ਼ ਢੱਲ, ਚੰਦਨ ਗਰੇਵਾਲ ਅਤੇ ਕਰਮਵੀਰ ਕੌਰ ਵੀ ਹਾਜ਼ਰ ਸਨ।