ਹਰਭਜਨ ਸਿੰਘ ਨੇ ਅਰੋੜਾ ਦੇ ਹੱਕ ਵਿੱਚ ਮੰਗੀਆਂ ਵੋਟਾਂ
ਗਗਨਦੀਪ ਅਰੋੜਾ
ਲੁਧਿਆਣਾ, 9 ਜੂਨ
ਕ੍ਰਿਕਟਰ ਤੋਂ ਸਿਆਸਤਦਾਨ ਬਣੇ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਸੋਮਵਾਰ ਨੂੰ ਵੀ ਲੁਧਿਆਣਾ ਦੀਆਂ ਸੜਕਾਂ ’ਤੇ ਰੋਡ ਸ਼ੌਅ ਕੱਢ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਲਈ ਵੋਟਾਂ ਮੰਗੀਆਂ। ਹਰਭਜਨ ਸਿੰਘ ਲੁਧਿਆਣਾ (ਪੱਛਮੀ) ਵਿਧਾਨ ਸਭਾ ਉਪ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਦਾ ਚੋਣ ਪ੍ਰਚਾਰ ਕਰਨ ਲਈ ਲੁਧਿਆਣਾ ਆਏ ਹੋਏ ਹਨ। ਰੋਡ ਸ਼ੋਅ ਤੇ ਰੈਲੀਆਂ ਦੇ ਜਰੀਏ ਹਰਭਜਨ ਸਿੰਘ ‘ਆਪ’ ਉਮੀਦਵਾਰ ਨੂੰ ਵੋਟਾਂ ਪਾਉਣ ਲਈ ਮਿਹਨਤ ਕਰ ਰਹੇ ਹਨ।
ਆਪਣੇ ਸੰਬੋਧਨ ਦੌਰਾਨ ਹਰਭਜਨ ਸਿੰਘ ਨੇ ਲੁਧਿਆਣਾ ਦੀ ਤਰੱਕੀ ਲਈ ਅਰੋੜਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਹਰਭਜਨ ਸਿੰਘ ਨੇ ਕਿਹਾ ਕਿ ਉਹ ਰਾਜ ਸਭਾ ਵਿੱਚ ਉਨ੍ਹਾਂ ਦੋਵੇਂ ਨੇ ਪੰਜਾਬ ਨਾਲ ਸਬੰਧਤ ਕਈ ਮੁੱਦੇ ਚੁੱਕੇ ਹਨ। ਉਹ ਦੋਵੇਂ ਮਿਲ ਕੇ ਲੁਧਿਆਣਾ ਦੇ ਪ੍ਰੋਜੈਕਟਾਂ ਦੇ ਲਈ ਕੇਂਦਰੀ ਮੰਤਰੀਆਂ ਨੂੰ ਮਿਲਣ ਜਾਂਦੇ ਰਹੇ ਹਨ। ਉਨ੍ਹਾਂ ਲੁਧਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸੰਜੀਵ ਅਰੋੜਾ ਵਰਗਾ ਇਮਾਨਦਾਰ ਤੇ ਸ਼ਹਿਰ ਦੇ ਵਿਕਾਸ ਲਈ ਚੰਗਾ ਵਿਜ਼ਨ ਰੱਖਣ ਵਾਲਾ ਉਮੀਦਵਾਰ ਨਹੀਂ ਮਿਲ ਸਕਦਾ।
ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਰਾਜਨੀਤਿਕ ਜੀਵਨ ਵਿੱਚ ਕੋਈ ਵੀ ਅਜਿਹਾ ਆਗੂ ਨਹੀਂ ਦੇਖਿਆ ਜੋ ਆਪਣੇ ਹਲਕੇ ਦੇ ਵਿਕਾਸ ਵਿੱਚ ਇੰਨਾ ਡੂੰਘਾਈ ਨਾਲ ਲੱਗਿਆ ਹੋਵੇ। ਉਨ੍ਹਾਂ ਕਿਹਾ ਕਿ ਲੁਧਿਆਣਾ ਲਈ ਉਨ੍ਹਾਂ ਦੀ ਚਿੰਤਾ ਸੱਚੀ ਹੈ ਅਤੇ ਉਪ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਦੇ ਯਤਨ ਰੰਗ ਲਿਆਉਣਗੇ।
ਚੋਣ ਮੁਹਿੰਮ ਦੇ ਆਪਣੇ ਤਜਰਬੇ ਨੂੰ ਸਾਂਝਾ ਕਰਦੇ ਹੋਏ ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਸ ਹਲਕੇ ਦੇ ਕਈ ਇਲਾਕਿਆਂ ਦਾ ਉਨ੍ਹਾਂ ਨੇ ਦੌਰਾ ਕੀਤਾ। ਹਰਭਜਨ ਸਿੰਘ ਨੇ ਜਵਾਹਰ ਨਗਰ ਕੈਂਪ ਵਿੱਚ ਰੋਡ ਸ਼ੋਅ ਕੱਢਿਆ। ਜਿਸ ਦੌਰਾਨ ਵੱਡੀ ਗਿਣਤੀ ਵਿੱਚ ‘ਆਪ’ ਸਮਰਥਕ ਸ਼ਾਮਲ ਹੋਏ। ਲੋਕਾਂ ਨੇ ਹਰਭਜਨ ਸਿੰਘ ਨਾਲ ਫੋਟੋਆਂ ਖਿੱਚਵਾਈਆਂ। ਇਸ ਦੌਰਾਨ ਉਨ੍ਹਾਂ ਨੇ ਕ੍ਰਿਕਟ ਦੇ ਐਕਸ਼ਨ ਕਰਕੇ ਲੋਕਾਂ ਦਾ ਮਨੋਰੰਜਨ ਵੀ ਕੀਤਾ। ਲੋਕਾਂ ਨੂੰ ਆਪਣੇ ਸੰਬੋਧਨ ਵਿੱਚ ਹਰਭਜਨ ਸਿੰਘ ਨੇ ਕਿਹਾ ਕਿ ‘ਆਪ’ ਸਰਕਾਰ ਬਹੁਤ ਵਿਕਾਸ ਕਰ ਰਹੀ ਹੈ, ਲੋਕਾਂ ਦੀ ਹਰ ਮੁਸ਼ਕਲ ਨੂੰ ਸਮਝਦੀ ਹੈ। ਹਰ ਥਾਂ ’ਤੇ ਵਿਕਾਸ ਕੀਤਾ ਜਾ ਰਿਹਾ ਹੈ। ਲੋਕਾਂ ਦਾ ਵੀ ਫਰਜ ਬਣਦਾ ਹੈ ਕਿ ਉਹ ਆਪ ਦਾ ਸਾਥ ਦੇਣ। ਉਨ੍ਹਾਂ ਵੋਟਰਾਂ ਨੂੰ ਵੋਟ ਪਾਉਣ ਲਈ ਬਾਹਰ ਆਉਣ ਅਤੇ ਆਪਣੇ ਦੋਸਤਾਂ ਅਤੇ ਪਰਿਵਾਰਾਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ।