ਹਰਦਾਸਪੁਰ ਵਿੱਚ ਸਰਪੰਚ ਦੀ ਮਾਂ ਦਾ ਕਤਲ
ਪੱਤਰ ਪ੍ਰੇਰਕ
ਫਗਵਾੜਾ, 14 ਅਪਰੈਲ
ਪਿੰਡ ਹਰਦਾਸਪੁਰ ਵਿੱਚ ਬੀਤੀ ਰਾਤ ਲੁਟੇਰੇ ਘਰ ’ਚ ਦਾਖ਼ਲ ਹੋ ਕੇ ਮਹਿਲਾ ਦਾ ਕਤਲ ਕਰਨ ਮਗਰੋਂ ਲੱਖਾਂ ਰੁਪਏ ਲੈ ਕੇ ਫ਼ਰਾਰ ਹੋ ਗਏ। ਐੱਸਪੀ ਰੁਪਿੰਦਰ ਕੌਰ ਭੱਟੀ ਸਮੇਤ ਹੋਰ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਮਹਿਲਾ ਦੀ ਪਛਾਣ ਰਾਮ ਪਿਆਰੀ (65) ਵਜੋਂ ਹੋਈ ਹੈ। ਉਸ ਦਾ ਪੁੱਤਰ ਬਿੰਦਰ ਕੁਮਾਰ ਪਿੰਡ ਦਾ ਸਰਪੰਚ ਹੈ। ਭਾਜਪਾ ਆਗੂ ਬਿੰਦਰ ਕੁਮਾਰ ਦਾ ਭਰਾ ਵਿਦੇਸ਼ ’ਚ ਹੈ ਅਤੇ ਰਾਮ ਪਿਆਰੀ ਉਸੇ ਦੇ ਘਰ ਵਿੱਚ ਹੀ ਰਹਿੰਦੀ ਸੀ। ਲੁਟੇਰਿਆਂ ਨੇ ਘਰ ਅੰਦਰ ਦਾਖਲ ਹੋ ਕੇ ਰਾਮ ਪਿਆਰੀ ਦਾ ਕਤਲ ਕਰ ਦਿੱਤਾ ਅਤੇ ਜਾਂਦੇ ਹੋਏ ਅਲਮਾਰੀ ’ਚੋਂ 35 ਤੋਲੇ ਸੋਨਾ, 5 ਹਜ਼ਾਰ ਯੂਰੋ ਤੇ ਢਾਈ ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ। ਇਸ ਘਟਨਾ ਬਾਰੇ ਪਰਿਵਾਰ ਨੂੰ ਉਸ ਵੇਲੇ ਪਤਾ ਲੱਗਾ ਜਦੋਂ ਰਾਮ ਪਿਆਰੀ ਦਾ ਵਿਦੇਸ਼ ਰਹਿੰਦਾ ਪੁੱਤਰ ਉਸ ਨੂੰ ਫ਼ੋਨ ਕਰ ਰਿਹਾ ਸੀ। ਫੋਨ ਨਾ ਚੁੱਕਣ ਮਗਰੋਂ ਉਸ ਨੇ ਬਿੰਦਰ ਕੁਮਾਰ ਨੂੰ ਫੋਨ ਕੀਤਾ ਅਤੇ ਜਦੋਂ ਬਿੰਦਰ ਨੇ ਘਰ ਜਾ ਕੇ ਦੇਖਿਆ ਤਾਂ ਉਸ ਦੀ ਮਾਂ ਦੀ ਲਾਸ਼ ਪਈ ਸੀ। ਡੀਐੱਸਪੀ ਭਾਰਤ ਭੂਸ਼ਣ ਨੇ ਕਿਹਾ ਕਿ ਪੁਲੀਸ ਵੱਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।