ਹਫਤੇ ’ਚ ਦੂਜੀ ਵਾਰ ਟੁੱਟਿਆ ਪੱਕਾ ਸੂਆ
ਗੁਰਬਖਸ਼ਪੁਰੀ
ਤਰਨ ਤਾਰਨ, 10 ਜੂਨ
ਇਲਾਕੇ ਦੇ ਪਿੰਡ ਬਾਠ ਤੇ ਨੌਰੰਗਾਬਾਦ ਦੇ 500 ਦੇ ਕਰੀਬ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਲਈ ਬਣਾਇਆ ਪੱਕਾ ਸੂਆ ਹਫਤੇ ਦੇ ਅੰਦਰ ਦੂਜੀ ਵਾਰ ਫਿਰ ਟੁੱਟ ਗਿਆ। ਇਸ ਕਰਕੇ ਅਜੇ ਹੋਰ ਕਈ ਦਿਨ ਨਹਿਰੀ ਪਾਣੀ ਮਿਲਣ ਦੀ ਸੰਭਾਵਨਾ ਨਹੀਂ ਹੈ। ਇਲਾਕੇ ਦੇ ਕਿਸਾਨ ਚਰਨਜੀਤ ਸਿੰਘ ਬਾਠ, ਬਲਦੇਵ ਸਿੰਘ ਪੰਡੋਰੀ, ਰਛਪਾਲ ਸਿੰਘ, ਬਲਵਿੰਦਰ ਸਿੰਘ, ਲਵਜੀਤ ਸਿੰਘ ਵਿੱਕੀ, ਗੁਰਜੀਤ ਸਿੰਘ ਨੇ ਅੱਜ ਦੱਸਿਆ ਕਿ ਪੱਖੋਕੇ ਪਿੰਡ ਨੇੜਿਓਂ ਆਉਂਦੇ ਨਹਿਰੀ ਪਾਣੀ ਨੂੰ ਕਿਸਾਨ ਦੇ ਖੇਤਾਂ ਤੱਕ ਪਹੁੰਚਾਉਣ ਲਈ ਸਰਕਾਰ ਵੱਲੋਂ ਇਸ ਸੂਏ ਨੂੰ ਅਜੇ ਹੁਣੇ ਜਿਹੇ ਹੀ ਪੱਕਿਆਂ ਕਰਕੇ ਇਸ ਵਿੱਚ 3 ਜੂਨ ਨੂੰ ਜਿਵੇਂ ਹੀ ਨਹਿਰੀ ਪਾਣੀ ਛੱਡਿਆ ਤਾਂ ਇਹ ਪੱਕਾ ਸੂਆ ਨਾਲੋ ਨਾਲ ਰੁੜ੍ਹ ਗਿਆ ਜਿਸ ਕਰਕੇ ਕਿਸਾਨ ਸਮੇਂ ਸਿਰ ਝੋਨਾ ਲਗਾਉਣ ਲਈ ਆਪਣੇ ਖੇਤ ਤਿਆਰ ਨਾ ਕਰ ਸਕੇ|
ਸਿੰਜਾਈ ਵਿਭਾਗ ਦੇ ਐੱਸਡੀਓ ਅਰੁਣ ਕੁਮਾਰ ਨੇ ਕਿਹਾ ਕਿ ਉਨ੍ਹਾਂ ਆਪਣੀ ਨਿਗਰਾਨੀ ਹੇਠ ਇਸ ਸੂਏ ਦੀ ਮੁਰੰਮਤ ਕਰਕੇ ਐਤਵਾਰ ਨੂੰ ਪਾਣੀ ਛੱਡਿਆ ਸੀ ਪਰ ਸੂਆ ਫਿਰ ਟੁੱਟ ਗਿਆ| ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਇਸ ਸੂਏ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕੀਤਾ ਹੋਇਆ ਹੈ| ਉਨ੍ਹਾਂ ਕਿਹਾ ਕਿ ਸੂਏ ਦੀ ਮੁਰੰਮਤ ਦਾ ਕੰਮ ਛੇਤੀ ਹੀ ਨਿਬੇੜਿਆ ਜਾ ਰਿਹਾ ਹੈ ਅਤੇ ਇਕ-ਦੋ ਦਿਨ ਦੇ ਅੰਦਰ-ਅੰਦਰ ਨੌਰੰਗਾਬਾਦ ਅਤੇ ਬਾਠ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਫਿਰ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ| ਚਰਨਜੀਤ ਸਿੰਘ ਬਾਠ ਅਤੇ ਹੋਰਨਾਂ ਕਿਸਾਨਾਂ ਨੇ ਇਸ ਸੂਏ ਨੂੰ ਪੱਕਿਆਂ ਕਰਨ ਲਈ ਘਟੀਆ ਮਟੀਰੀਅਲ ਦੀ ਵਰਤੋਂ ਕਰਨ ਦਾ ਦੋਸ਼ ਲਗਾਉਂਦਿਆਂ ਸਰਕਾਰ ਤੋਂ ਇਸ ਮਾਮਲੇ ਦੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ| ਠੇਕੇਦਾਰ ਵੱਲੋਂ ਇਸ ਕੰਮ ਲਈ ਨਰੇਗਾ ਮਜ਼ਦੂਰਾਂ ਤੋਂ ਕੰਮ ਲਿਆ ਜਾ ਰਿਹਾ ਹੈ|