ਹਨੀ ਟਰੈਪ ਰਾਹੀਂ ਠੱਗਣ ਵਾਲੇ ਗਰੋਹ ਦਾ ਪਰਦਾਫਾਸ਼
ਟ੍ਰਿਬਿਊਨ ਨਿਉਜ ਸਰਵਿਸ
ਅੰਮ੍ਰਿਤਸਰ, 10 ਜੂਨ
ਮਕਬੂਲਪੁਰਾ ਪੁਲੀਸ ਨੇ ਚਾਰ ਔਰਤਾਂ ਸਮੇਤ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਥਿਤ ਤੌਰ 'ਤੇ ਹਨੀ ਟਰੈਪ ਵਿੱਚ ਫਸਾ ਕੇ ਲੋਕਾਂ ਤੋਂ ਵੱਡੀ ਰਕਮ ਵਸੂਲਦੇ ਸਨ। ਪੁਲੀਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਏਐਸਆਈ, ਭ੍ਰਿਸ਼ਟਾਚਾਰ ਵਿਰੋਧੀ ਮੋਰਚਾ ਸੰਗਠਨ ਅਤੇ ਕਿਸਾਨ ਯੂਨੀਅਨਾਂ ਦੇ ਜਾਅਲੀ ਪਛਾਣ ਪੱਤਰ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਬਟਾਲਾ ਦੇ ਸੁਖਚੈਨ ਸਿੰਘ ਅਤੇ ਮਨਜੀਤ ਸਿੰਘ, ਮਕਬੂਲਪੁਰਾ ਦੇ ਰਾਜਬੀਰ ਸਿੰਘ ਉਰਫ ਰਾਜਾ, ਅਮਨਜੀਤ ਕੌਰ ਅਤੇ ਮਨਜੀਤ ਕੌਰ, ਜਮਸ਼ੇਰ ਖਾਸ, ਜਲੰਧਰ ਦੇ ਸੋਨੂੰ, ਸੁਲਤਾਨਵਿੰਡ ਦੇ ਮਨਿੰਦਰਜੀਤ ਸਿੰਘ, ਮਾਨਸਾ ਦੇ ਸੋਹਣ ਸਿੰਘ, ਘਰਿੰਡਾ ਦੇ ਸਤਬੀਰ ਸਿੰਘ ਉਰਫ ਰਾਂਝਾ, ਰਣਜੀਤ ਐਨਕਲੇਵ, ਜਲੰਧਰ ਦੇ ਬਲਜੀਤ ਸਿੰਘ, ਸੰਸਾਰਪੁਰ ਜਲੰਧਰ ਦੀ ਮਗੜ ਲੀਲਾ (ਔਰਤ) ਅਤੇ ਮੁਕੇਰੀਆਂ ਹੁਸ਼ਿਆਰਪੁਰ ਦੀ ਪੁਸ਼ਪਿੰਦਰ ਕੌਰ ਵਜੋਂ ਹੋਈ ਹੈ। ਪੁਲੀਸ ਨੇ ਉਨ੍ਹਾਂ ਤੋਂ 36,000 ਰੁਪਏ ਨਕਦ, ਤਿੰਨ ਕਾਰਾਂ, ਨਕਲੀ ਪਛਾਣ ਪੱਤਰ ਅਤੇ 12 ਮੋਬਾਈਲ ਫੋਨ ਬਰਾਮਦ ਕੀਤੇ ਹਨ।
ਜਾਣਕਾਰੀ ਸਾਂਝੀ ਕਰਦਿਆਂ ਪੁਲੀਸ ਦੀ ਵਧੀਕ ਡਿਪਟੀ ਕਮਿਸ਼ਨਰ (ਏਡੀਸੀਪੀ) ਜਸਰੂਪ ਕੌਰ ਬਾਠ ਨੇ ਖੁਲਾਸਾ ਕੀਤਾ ਕਿ ਜਸਪਾਲ ਸਿੰਘ ਉਰਫ਼ ਜਾਨੀ ਸਿੰਘ ਵਾਸੀ ਸ੍ਰੀ ਹਰਗੋਇੰਦਪੁਰ (ਬਟਾਲਾ) ਜੋ ਹੁਣ ਹੁਸ਼ਿਆਰਪੁਰ ਦੇ ਟਾਂਡਾ ਵਿੱਚ ਰਹਿੰਦਾ ਹੈ, ਨੇ ਪੁਲੀਸ ਕੋਲ ਪਹੁੰਚ ਕਰ ਕੇ ਦੋਸ਼ ਲਗਾਇਆ ਕਿ ਕਈ ਵਿਅਕਤੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਬਲੈਕਮੇਲ ਕਰਨ ਤੋਂ ਬਾਅਦ ਪੈਸੇ ਵਸੂਲੇ ਹਨ। ਉਨ੍ਹਾਂ ਵਿੱਚੋਂ ਇੱਕ ਨੇ ਪੁਲੀਸ ਵਾਲੇ ਦੇ ਰੂਪ ਵਿੱਚ ਪੇਸ਼ ਹੋ ਕੇ ਉਸ ਖ਼ਿਲਾਫ਼ ਝੂਠੀ ਐਫਆਈਆਰ ਦਰਜ ਕਰਨ ਦੀ ਧਮਕੀ ਦਿੱਤੀ ਸੀ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਸ ਨੇ ਕਿਹਾ ਕਿ ਲਗਭਗ 12 ਦਿਨ ਪਹਿਲਾਂ ਉਸ ਨੂੰ ਇੱਕ ਔਰਤ ਦਾ ਇੱਕ ਮਾਮਲੇ ਵਿੱਚ ਮਦਦ ਕਰਨ ਲਈ ਫੋਨ ਆਇਆ। ਉਸ ਨੇ ਕਿਹਾ ਕਿ ਔਰਤ ਉਸ ਦੇ ਸੰਪਰਕ ਵਿੱਚ ਰਹੀ ਅਤੇ ਉਸ ਨੂੰ ਨੇਕਸਸ ਸ਼ਾਪਿੰਗ ਮਾਲ ਦੇ ਨੇੜੇ ਬੁਲਾਇਆ। 6 ਜੂਨ ਨੂੰ ਉਹ ਉੱਥੇ ਪਹੁੰਚਿਆ ਜਿੱਥੇ ਇੱਕ ਔਰਤ ਇੱਕ ਆਦਮੀ ਦੇ ਨਾਲ ਉਸ ਨੂੰ ਮਿਲੀ। ਉਹ ਉਸ ਨੂੰ ਮਕਬੂਲਪੁਰਾ ਦੇ ਇੱਕ ਘਰ ਵਿਚ ਲੈ ਗਏ ਅਤੇ ਉਸ ਨੂੰ ਨਜ਼ਰਬੰਦ ਕਰ ਲਿਆ ਗਿਆ। ਇਸ ਦੌਰਾਨ ਉੱੱਥੇ ਕੁਝ ਹੋਰ ਔਰਤਾਂ ਤੇ ਬੰਦੇ ਆ ਗਏ ਜਿਨ੍ਹਾਂ ਉਸ ਦੀਆਂ ਨਗਨ ਤਸਵੀਰਾਂ ਖਿੱਚੀਆਂ ਅਤੇ ਐਫਆਈਆਰ ਦਰਜ ਕਰਨ ਦੀ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਪੁਲੀਸ ਵਰਦੀ ਵਾਲੇ ਵਿਅਕਤੀ ਨੇ ਉਸ ਦੇ ਪਰਸ ਵਿੱਚੋਂ 18,000 ਰੁਪਏ ਨਕਦ ਕੱਢ ਲਏ ਅਤੇ ਉਸਨੂੰ ਬੈਂਕ ਖਾਤੇ ਵਿੱਚ ਹੋਰ 45,000 ਰੁਪਏ ਟ੍ਰਾਂਸਫਰ ਕਰਨ ਲਈ ਮਜਬੂਰ ਕੀਤਾ। ਫਿਰ ਮੁਲਜ਼ਮਾਂ ਨੇ 8 ਜੂਨ ਨੂੰ ਬਾਕੀ 3.55 ਲੱਖ ਰੁਪਏ ਦੇਣ ਲਈ ਜਬਰਦਸਤੀ ਲਿਖਤੀ ਇਕਬਾਲੀਆ ਬਿਆਨ ਲਿਆ। ਉਨ੍ਹਾਂ ਨੇ ਪਰਸ ਅਤੇ ਏਟੀਐਮ ਕਾਰਡਾਂ ਸਮੇਤ ਹੋਰ ਦਸਤਾਵੇਜ਼ ਆਪਣੇ ਕੋਲ ਰੱਖ ਲਏ ਜਿਸ ਤੋਂ ਬਾਅਦ ਉਸ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ।