ਹਥਿਆਰ ਬਰਾਮਦਗੀ ਦੌਰਾਨ ਪੁਲੀਸ ’ਤੇ ਗੋਲੀ ਚਲਾਈ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਜੂਨ
ਇੱਥੇ ਹਥਿਆਰ ਬਰਾਮਦਗੀ ਦੌਰਾਨ ਮੁਲਜ਼ਮ ਨੇ ਪੁਲੀਸ ਪਾਰਟੀ ’ਤੇ ਗੋਲੀ ਚਲਾ ਦਿੱਤੀ ਤੇ ਜਵਾਬੀ ਕਾਰਵਾਈ ਵਿੱਚ ਉਹ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਕੱਲ ਸ਼ਾਮ ਵਾਪਰੀ ਸੀ। ਜ਼ਿਲ੍ਹਾ ਦਿਹਾਤੀ ਪੁਲੀਸ ਨਾਲ ਸਬੰਧਤ ਥਾਣਾ ਮਹਿਤਾ ਦੀ ਪੁਲੀਸ ਨੇ ਤਸਕਰੀ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਸੋਨੀ ਸਿੰਘ ਉਰਫ ਸੋਨੂ ਨੂੰ ਗ੍ਰਿਫਤਾਰ ਕੀਤਾ ਸੀ। ਮਹਿਤਾ ਪੁਲੀਸ ਨੇ 25 ਜੂਨ ਨੂੰ ਉਸ ਨੂੰ ਗ੍ਰਿਫਤਾਰ ਕਰਨ ਮਗਰੋਂ ਉਸ ਕੋਲੋਂ 262 ਗ੍ਰਾਮ ਹੈਰੋਇਨ ਅਤੇ ਹਥਿਆਰ ਬਰਾਮਦ ਕੀਤਾ ਸੀ।
ਪੁਲੀਸ ਦੇ ਐੱਸਪੀ ਅਦਿੱਤਿਆ ਵਾਰੀਅਰ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਇਸ ਤੋਂ ਪਹਿਲਾਂ 22 ਜੂਨ ਨੂੰ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮੱਤੇਵਾਲ ਇਲਾਕੇ ਵਿੱਚ ਇੱਕ ਕੈਮਿਸਟ ਦੀ ਦੁਕਾਨ ਦੇ ਬਾਹਰ ਫਿਰੌਤੀ ਦੇ ਮਾਮਲੇ ਵਿੱਚ ਗੋਲੀ ਚਲਾਈ ਸੀ। ਗੋਲੀ ਚਲਾਉਣ ਲਈ ਵਰਤਿਆ ਗਿਆ ਇਹ ਪਿਸਤੌਲ ਉਸ ਨੇ ਮੱਤੇਵਾਲ ਵਿੱਚ ਇੱਕ ਨਾਲੇ ਦੇ ਨੇੜੇ ਸੁਨਸਾਨ ਥਾਂ ’ਤੇ ਲੁਕਾਇਆ ਹੋਇਆ ਸੀ, ਜਿਸ ਨੂੰ ਬਰਾਮਦ ਕਰਨ ਲਈ ਪੁਲੀਸ ਟੀਮ ਉਸ ਨੂੰ ਮੌਕੇ ’ਤੇ ਲੈ ਕੇ ਆਈ ਸੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜਿਵੇਂ ਹੀ ਉਸ ਨੂੰ ਮੌਕਾ ਮਿਲਿਆ ਤਾਂ ਉਸ ਨੇ ਪਿਸਤੌਲ ਨਾਲ ਪੁਲੀਸ ਟੀਮ ’ਤੇ ਗੋਲੀ ਚਲਾਈ, ਜਿਸ ਦੇ ਜਵਾਬ ਵਿੱਚ ਪੁਲੀਸ ਨੇ ਬਚਾਅ ਵਜੋਂ ਗੋਲੀ ਚਲਾਈ। ਇਹ ਗੋਲੀ ਮੁਲਜ਼ਮ ਦੀ ਲੱਤ ਵਿੱਚ ਲੱਗੀ ਹੈ ਜਿਸ ਨਾਲ ਉਹ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਵਾਸਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ।