ਨਿੱਜੀ ਪੱਤਰ ਪ੍ਰੇਰਕਨਾਭਾ, 27 ਜੂਨਨਾਭਾ ਕੋਤਵਾਲੀ ਪੁਲੀਸ ਨੇ ਇਲਾਕੇ ਵਿੱਚ ਕਥਿਤ ਮੈਡੀਕਲ ਨਸ਼ਾ ਵੇਚਣ ਦੇ ਦੋਸ਼ ਹੇਠ ਚਾਰ ਜਣੇ ਗ੍ਰਿਫਤਾਰ ਕੀਤੇ ਤੇ ਇੱਕ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮੁਲਜ਼ਮਾਂ ਨੂੰ ਗੋਲੀਆਂ ਅਤੇ ਹਥਿਆਰਾਂ ਨਾਲ ਫੜਿਆ ਗਿਆ। ਨਾਭਾ ਡੀਐੱਸਪੀ ਮਨਦੀਪ ਕੌਰ ਅਤੇ ਨਾਭਾ ਕੋਤਵਾਲੀ ਮੁਖੀ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਵੀ ਨਸ਼ਾ ਵੇਚਦੇ ਹਨ ਤੇ ਕਈ ਕੇਸਾਂ ਵਿੱਚ ਨਾਮਜ਼ਦ ਹਨ। ਪੁਲੀਸ ਨੇ ਸੂਹ ਦੇ ਆਧਾਰ ’ਤੇ ਬੀਤੀ ਰਾਤ ਗਸ਼ਤ ਦੌਰਾਨ ਬੌੜਾਂ ਗੇਟ ਚੌਕ ਨੇੜਿਓਂ ਲਵਪ੍ਰੀਤ ਸਿੰਘ ਉਰਫ ਲਵਲੀ ਭਾਉ ਤੇ ਉਸ ਦੇ ਦੋ ਭਰਾ ਰਾਜਦੀਪ ਸਿੰਘ ਉਰਫ ਰਾਜਾ ਭਾਊ, ਸੁਖਦਰਸ਼ਨ ਸਿੰਘ ਨੂੰ ਕਮਲਜੀਤ ਸਿੰਘ ਉਰਫ ਕਮਲ ਭਾਊ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦਾ ਪੰਜਵਾਂ ਸਾਥੀ ਗੌਤਮ ਉਰਫ ਬਾਦਸ਼ਾਹ ਫਰਾਰ ਹੋ ਗਿਆ। ਪੁਲੀਸ ਨੇ ਮੁਲਜ਼ਮਾਂ ਦੀ ਕਾਰ ਵਿੱਚੋ 900 ਨਸ਼ੀਲੀ ਗੋਲੀਆਂ ਦੇ ਨਾਲ ਚੀਨ ਦਾ ਬਣਿਆ ਇਕ ਪਿਸਤੌਲ ਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ। ਮੁਲਜ਼ਮ ਨਾਭਾ ਦੀ ਘੁਲਾੜ ਮੰਡੀ ਅਤੇ ਕੰਡਾ ਬਸਤੀ ਦੇ ਵਸਨੀਕ ਹਨ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ।