ਹਕੀਕਤ ਰਾਏ ਦੀ ਕੁਰਬਾਨੀ ਨੂੰ ਭੁਲਾਇਆ: ਚਾਵਲਾ
ਜਗਤਾਰ ਲਾਂਬਾ
ਅੰਮ੍ਰਿਤਸਰ, 2 ਫਰਵਰੀ
ਸਥਾਨਕ ਦੁਰਗਿਆਣਾ ਮੰਦਰ ਵਿੱਚ ਅੱਜ ਬਸੰਤ ਪੰਚਮੀ ਦਾ ਤਿਉਹਾਰ ਸ਼ਰਧਾ ਭਾਵਨਾ ਮਨਾਇਆ ਗਿਆ। ਇਸ ਮੌਕੇ ਸ਼ਹੀਦ ਹਕੀਕਤ ਰਾਏ ਦਾ ਬਲਿਦਾਨ ਦਿਵਸ ਵੀ ਮਨਾਇਆ ਗਿਆ। ਦੁਰਗਿਆਣਾ ਕਮੇਟੀ ਦੀ ਪ੍ਰਧਾਨ ਅਤੇ ਭਾਜਪਾ ਆਗੂ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਦੀ ਪ੍ਰਧਾਨਗੀ ਵਿੱਚ ਬਸੰਤ ਪੰਚਮੀ ਸਬੰਧੀ ਕਰਵਾਏ ਸਮਾਗਮ ਦੌਰਾਨ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਤੇ ਹੋਰ ਵੀ ਸ਼ਾਮਲ ਹੋਏ।
ਇਸ ਮੌਕੇ ਸ਼ਹੀਦਾਂ ਦੇ ਜੀਵਨ ਅਤੇ ਸ਼ਹਾਦਤ ਦੀਆਂ ਘਟਨਾਵਾਂ ਨਾਲ ਸਬੰਧਤ ਨਾਟਕ, ਭਾਸ਼ਣ ਅਤੇ ਗੀਤਾਂ ਰਾਹੀਂ ਸਕੂਲ ਵਿਦਿਆਰਥੀਆਂ ਨੇ ਪ੍ਰੋਗਰਾਮ ਪੇਸ਼ ਕੀਤਾ। ਸਮਾਗਮ ਦੌਰਾਨ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ 1720 ਵਿੱਚ ਸਿਆਲਕੋਟ ਵਿੱਚ ਪੈਦਾ ਹੋਏ ਹਕੀਕਤ ਰਾਏ ਨੇ ਧਰਮ ਦੀ ਖਾਤਰ ਕੁਰਬਾਨੀ ਦਿੱਤੀ ਸੀ। ਬਾਅਦ ਵਿੱਚ ਉਸ ਦੀ ਪਤਨੀ ਲਕਸ਼ਮੀ ਵੀ ਬਟਾਲਾ ਵਿੱਚ ਸਤੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਲਾਹੌਰ ਵਿੱਚ ਹਿੰਦੂ-ਸਿੱਖ ਰਲ ਕੇ ਹਕੀਕਤ ਰਾਏ ਦਾ ਬਲਿਦਾਨ ਦਿਵਸ ਮਨਾਉਂਦੇ ਸਨ ਪਰ ਆਜ਼ਾਦੀ ਮਗਰੋਂ ਉਸ ਨੂੰ ਭੁਲਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਸ ਦਿਨ ਉਸ ਦੀ ਸ਼ਹਾਦਤ ਹੋਈ, ਉਸ ਦਿਨ ਬਸੰਤ ਪੰਚਮੀ ਸੀ। ਹੁਣ ਸਿਰਫ਼ ਬਸੰਤ ਪੰਚਮੀ ਦਾ ਤਿਉਹਾਰ ਹੀ ਮਨਾਇਆ ਜਾਂਦਾ ਹੈ, ਲੋਕ ਪੀਲੇ ਕੱਪੜੇ ਪਾ ਕੇ ਨੱਚ ਕੇ ਅਤੇ ਪਤੰਗਾਂ ਉਡਾ ਕੇ ਤਿਉਹਾਰ ਮਨਾਉਂਦੇ ਹਨ, ਪਰ ਇਸ ਯੋਧੇ ਦੀ ਕੁਰਬਾਨੀ ਨੂੰ ਭੁੱਲ ਗਏ ਹਨ। ਇਸ ਮੌਕੇ ਭਾਜਪਾ ਆਗੂ ਤਰੁਨਜੀਤ ਸਿੰਘ ਸੰਧੂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਦਾ ਵਿਦੇਸ਼ ਵੱਲ ਰੁੱਖ ਚਿੰਤਾ ਦੀ ਗੱਲ ਹੈ। ਇਸ ਦੌਰਾਨ ਬਸੰਤ ਪੰਚਮੀ ਸਬੰਧੀ ਪੂਜਾ ਪਾਠ ਵੀ ਕੀਤਾ ਗਿਆ। ਇਸ ਮੌਕੇ ਸਮਾਗਮ ਵਿੱਚ ਆਰਐਸਐਸ ਦੇ ਆਗੂ ਰਮੇਸ਼ਵਰ, ਸੁਦਰਸ਼ਨ ਕਪੂਰ, ਕੈਪਟਨ ਸੰਜੀਵ ,ਡਾਕਟਰ ਰਕੇਸ਼ ਸ਼ਰਮਾ ਪਵਨ ਕੁੰਦਰਾ ਮਾਲਾ ਚਾਵਲਾ, ਮੁਰਲੀ ਮਨੋਹਰ ਚਾਵਲਾ, ਅਨਿਲ ਸ਼ਰਮਾ, ਗੁਲਸ਼ਨ ਕੋਹਲੀ ਤੇ ਹੋਰ ਪਤਵੰਤੇ ਹਾਜ਼ਰ ਸਨ। ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸ਼ਹੀਦਾਂ ਦੇ ਜੀਵਨ ਨਾਲ ਸਬੰਧਤ ਪੁਸਤਕਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਗਤਕੇ ਦਾ ਪ੍ਰਦਰਸ਼ਨ ਵੀ ਕੀਤਾ ਗਿਆ।