ਸੱਸ-ਨੂੰਹ: ਰਿਸ਼ਤੇ ’ਚ ਮਿਠਾਸ ਕਿਵੇਂ ਭਰੇ
ਸੁਖਪਾਲ ਸਿੰਘ ਗਿੱਲ
ਸਮਾਜ ਵਿੱਚ ਸੱਸ-ਨੂੰਹ ਦਾ ਰਿਸ਼ਤਾ ਵੱਖਰੀ ਪਹਿਚਾਣ ਰੱਖਦਾ ਹੈ। ਇਸ ਰਿਸ਼ਤੇ ਵਿੱਚ ਸ਼ੀਤ ਯੁੱਧ ਆਮ ਹੀ ਚੱਲਦਾ ਰਹਿੰਦਾ ਹੈ। ਇਹ ਵਰਤਾਰਾ ਅਤੀਤ ਤੋਂ ਅੱਜ ਤੱਕ ਚੱਲਦਾ ਆ ਰਿਹਾ ਹੈ। ਸ਼ੀਤ ਯੁੱਧ ਨੂੰ ਦੋ ਵੱਡੀਆਂ ਸ਼ਕਤੀਆਂ ਦੇ ਬਿਨਾਂ ਹਥਿਆਰਾਂ ਤੋਂ ਬੋਲੀਂ-ਚਾਲੀਂ ਲੜੇ ਜਾਣ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ। ਇਹ ਸ਼ਕਤੀਆਂ ਕੋਈ ਵੀ ਰਾਜਨੀਤਕ ਮੁੱਦਾ ਅਤੇ ਮੌਕਾ ਖੁੰਝਣ ਨਹੀਂ ਦਿੰਦੀਆਂ ਅਤੇ ਸ਼ੀਤ ਯੁੱਧ ਜਾਰੀ ਰਹਿੰਦਾ ਹੈ। ਆਲਮੀ ਸ਼ਕਤੀਆਂ ਦੇ ਸ਼ੀਤ ਯੁੱਧ ਨੂੰ ਘਰ ਵਿੱਚ ਸੱਸ-ਨੂੰਹ ਪਰਿਭਾਸ਼ਿਤ ਕਰਦੀਆਂ ਹਨ।
ਬਹੁਤੇ ਘਰਾਂ ਵਿੱਚ ਬਿਨਾਂ ਮੌਕਿਆਂ ਅਤੇ ਮੁੱਦਿਆਂ ਤੋਂ ਹੀ ਸ਼ੀਤ ਯੁੱਧ ਚੱਲਦਾ ਰਹਿੰਦਾ ਹੈ। ਸੱਸ-ਨੂੰਹ ਹੀ ਅਸਲ ਵਿੱਚ ਇਸ ਦਾ ਕਿਰਦਾਰ ਨਿਭਾਉਂਦੀਆਂ ਹਨ। ਹਾਂ, ਇੱਕ ਗੱਲ ਹੋਰ ਹੈ ਕਿ ਜੇ ਕਿਤੇ ਸੱਸ ਨਿੰਮ ਅਤੇ ਨਣਦ ਕਰੇਲਾ ਹੋ ਨਿੱਬੜੇ ਤਾਂ ਫਿਰ ਸ਼ੀਤ ਯੁੱਧ ਦੀ ਬਜਾਏ ਭਾਂਬੜ ਮੱਚ ਦਿੰਦਾ ਹੈ। ਸੱਸ ਦਾ ਆਮ ਸੁਭਾਅ ਹੋ ਜਾਂਦਾ ਹੈ ਕਿ ਉਹ ਭੁੱਲ ਜਾਂਦੀ ਹੈ ਕਿ ਉਹ ਵੀ ਕਦੇ ਬਹੂ ਸੀ। ਇਸ ਦੇ ਕਾਰਨ ਲੱਭਣੇ ਡੂੰਘੇ ਅਧਿਐਨ ਦਾ ਵਿਸ਼ਾ ਹੈ ਕਿਉਂਕਿ ਜੋ ਮਿਲਿਆ ਓਹੀ ਦੇਵਾਂ ਦੇ ਸਿਧਾਂਤ ਅਨੁਸਾਰ ਸੱਸ ਨੂੰ ਜੋ ਉਸ ਦੀ ਸੱਸ ਨੇ ਦਿੱਤਾ, ਓਹੀ ਆਪਣੀ ਬਹੂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਈ ਨੂੰਹਾਂ ਸੱਸ ਦੀ ਮਾਰ ਝੱਲਦੀਆਂ ਹੀ ਸੋਚਣ ਲੱਗ ਪੈਂਦੀਆਂ ਹਨ ਕਿ ਆਪਣੀ ਬਹੂ ਨਾਲ ਵੀ ਇਸੇ ਤਰ੍ਹਾਂ ਕਰਨਗੀਆਂ। ਇਸੇ ਲਈ ਸੱਸ-ਨੂੰਹ ਦਾ ਰਿਸ਼ਤਾ ਖਟਾਸ ਨੂੰ ਦਰਸਾਉਂਦਾ ਹੈ। ਘਰਵਾਲਾ ਵੀ ਮਾਂ ਅਤੇ ਘਰਵਾਲਿਆਂ ਦੇ ਪਿੱਛੇ ਲੱਗ ਕੇ ਉਨ੍ਹਾਂ ਦੀ ਬੋਲੀ ਬੋਲਣ ਲਈ ਮਜਬੂਰ ਹੋ ਜਾਂਦਾ ਹੈ। ਉਹ ਘਰਵਾਲੀ ਦਾ ਪੱਖ ਘੱਟ ਹੀ ਲੈਂਦਾ ਹੈ। ਮਾਂ ਦੀ ਬੋਲੀ ਬੋਲਣਾ ਉਸ ਦੀ ਆਦਤ ਹੀ ਬਣ ਜਾਂਦੀ ਹੈ। ਇਸੇ ਲਈ ਕਹਾਵਤ ਹੈ, ‘ਲਾਈ ਲੱਗ ਨਾ ਹੋਵੇ ਘਰਵਾਲਾ ਤੇ ਚੰਦਰਾ ਗੁਆਂਢ ਨਾ ਹੋਵੇ।’
ਅਤੀਤ ਤੋਂ ਵਰਤਮਾਨ ਤੱਕ ਇਸ ਸਮਾਜਿਕ ਸ਼ੀਤ ਯੁੱਧ ਦੇ ਤੌਰ ਤਰੀਕੇ ਬਦਲੇ ਜ਼ਰੂਰ ਹਨ, ਪਰ ਨਿਸ਼ਾਨਾ ਇੱਕੋ ਰਿਹਾ ਹੈ। ਔਰਤ ਹੀ ਔਰਤ ਦੀ ਦੁਸ਼ਮਣ ਹੈ। ਸੱਸ-ਨੂੰਹ ਦੇ ਸ਼ੀਤ ਯੁੱਧ ਵਿੱਚੋਂ ਹੀ ਭਰੂਣ ਹੱਤਿਆ ਉਪਜੀ ਸੀ। ਸਮਾਜ ਵਿੱਚ ਅੰਦਰ ਖਾਤੇ ਇਹ ਚੱਲਦਾ ਰਿਹਾ ਹੈ ਕਿ ਦੋਵੇਂ ਇੱਕ ਦੂਜੇ ਨੂੰ ਜਾਣਦੀਆਂ ਹੋਈਆਂ ਅਣਜਾਣ ਹੋ ਜਾਂਦੀਆਂ ਹਨ। ਸੱਸ-ਨੂੰਹ ਨੂੰ ਸਮਝਣਾ ਚਾਹੀਦਾ ਹੈ ਕਿ ਦੋਵਾਂ ਦੀ ਨੈਤਿਕਤਾ ਇੱਕ ਦੂਜੇ ਨੂੰ ਸਮਝਣ ਵਿੱਚ ਹੀ ਛੁਪੀ ਹੋਈ ਹੈ। ਸੱਸ-ਨੂੰਹ ਦਾ ਕੇਂਦਰ ਬਿੰਦੂ ਘਰਵਾਲਾ ਹੁੰਦਾ ਹੈ। ਮਾਂ ਆਪਣੇ ਪੁੱਤ ਨੂੰ ਸੁੱਕੇ ਪਾਉਂਦੀ ਸੀ, ਪਰ ਘਰਵਾਲੀ ਦਾ ਨਿੱਤ ਦਿਨ ਦਾ ਸਬਰ ਸੰਤੋਖ ਦੇਖੋ ਤਾਂ ਦੋਵੇਂ ਇੱਕ ਸਿੱਕੇ ਦੇ ਦੋ ਪਹਿਲੂ ਹਨ। ਸਾਡੀ ਸੱਭਿਅਤਾ ਦੇ ਵਿਕਾਸ ਨਾਲ ਸੱਸ-ਨੂੰਹ ਦੇ ਰਿਸ਼ਤੇ ਵਿੱਚ ਸੱਭਿਆਚਾਰਕ ਵੰਨਗੀਆਂ ਰਚੀਆਂ ਗਈਆਂ। ਇਸ ਸ਼ੀਤ ਯੁੱਧ ਨੂੰ ਇੱਥੋਂ ਤੱਕ ਵੀ ਲਿਆਂਦਾ ਗਿਆ ਕਿ ਸਮਾਜ ਇਸ ਨੂੰ ਪ੍ਰਵਾਨ ਹੀ ਕਰ ਲਵੇ, ਪਰ ਸੱਸ-ਨੂੰਹ ਤੋਂ ਬਿਨਾਂ ਸਮਾਜ ਅਧੂਰਾ ਹੈ।
ਜੇ ਸੱਸ-ਨੂੰਹ ਵਿੱਚ ਸਹੀ ਰਿਸ਼ਤਾ ਹੋਵੇ ਤਾਂ ਘਰ ਸਵਰਗ ਹੀ ਬਣ ਜਾਂਦਾ ਹੈ। ਜੇ ਦੋਵਾਂ ਵਿੱਚ ਹੀ ਪਿਆਰ ਨਹੀਂ ਤਾਂ ਇਸ ਤੋਂ ਵੱਧ ਹੋਰ ਨਰਕ ਦੀ ਲੋੜ ਹੈ ਨਹੀਂ। ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੇ ਸੱਸ-ਨੂੰਹ ਦੇ ਰਿਸ਼ਤੇ ਨੂੰ ਸੱਭਿਅਤਾ ਦੀ ਚਾਦਰ ਵਿੱਚ ਵਲੇਟਣ ਲਈ ਗੀਤ ਗਾਇਆ ਸੀ, ‘ਸੱਸਾਂ ਦੇਵਣ ਮੱਤਾਂ ਉਮਰ ਸੰਵਾਰਨ ਲਈ’। ਜੇ ਨੂੰਹ ਇਸ ਗੱਲ ਨੂੰ ਪੱਲੇ ਬੰਨ੍ਹ ਲਵੇ ਤਾਂ ਖਟਾਸ ਮਿਟ ਸਕਦੀ ਹੈ। ਕਈ ਸੱਸ ਹੋਣ ਦਾ ਰੁਤਬਾ ਹਜ਼ਮ ਨਹੀਂ ਕਰ ਸਕਦੀਆਂ, ਇਸ ਲਈ ਉਹ ਸੱਸ ਬਣਦੇ ਸਾਰ ਹੀ ਸਿਆਣਪ ਨੂੰ ਦਿਮਾਗ਼ ਤੋਂ ਬਾਹਰ ਕੱਢ ਦਿੰਦੀਆਂ ਹਨ।
‘ਲਾ ਕੇ ਗੱਲ ਕਰਨੀ’ ਸ਼ੀਤ ਯੁੱਧ ਦਾ ਦੂਜਾ ਨਾਂ ਹੈ। ਪਿੰਡਾਂ ਦੀ ਸਾਦੀ ਭਾਸ਼ਾ ਵਿੱਚ ਲਾ ਕੇ ਗੱਲ ਕਰਨੀ ਹੀ ਦੋਵਾਂ ਵਿਚਕਾਰ ਸ਼ੀਤ ਯੁੱਧ ਦੀ ਕੜੀ ਹੈ। ਸਵੇਰੇ ਉੱਠਦੇ ਸਾਰ ਸੱਸ ਮੱਝ ਨੂੰ ਡੰਡੇ ਮਾਰ ਕੇ ਉਠਾਉਂਦੀ ਹੋਈ ਕਹਿੰਦੀ ਹੈ, ‘ਉੱਠ, ਉੱਠ ਜਾ ਕੁਪੱਤੀਏ ਤੈਨੂੰ ਦਿਖਦਾ ਨੀਂ ਦਿਨ ਚੜ੍ਹ ਆਇਆ’ ਨਾ ਹੀ ਮੱਝ ਭਾਸ਼ਾ ਸਮਝਦੀ ਹੈ ਅਤੇ ਨਾ ਹੀ ਸੱਸ ਉਸ ਨੂੰ ਸੁਣਾਉਣਾ ਚਾਹੁੰਦੀ ਹੈ। ਇਹ ਤਾਂ ਜਿਸ ਨੇ ਜਿਸ ਨੂੰ ਕਿਹਾ ਓਹੀ ਸਮਝ ਰਹੀਆਂ ਹਨ। ਇਨ੍ਹਾਂ ਗੱਲਾਂ ਨੂੰ ਇਨ੍ਹਾਂ ਦੋਵਾਂ ਤੋਂ ਇਲਾਵਾ ਕੋਈ ਹੋਰ ਕਈ ਵਾਰ ਸੁਣਦੇ ਹੋਏ ਵੀ ਨਹੀਂ ਸਮਝ ਸਕਦਾ। ਇੱਕ ਨੂੰਹ ਦਾਜ ਵਿੱਚ ਭਾਂਡੇ ਨਹੀਂ ਲਿਆਈ, ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਹਰ ਘਰ ਵਿੱਚ ਭਾਂਡੇ ਆਮ ਹੀ ਹੁੰਦੇ ਹਨ, ਪਰ ਸੱਸ ਤਾਂ ਸੱਸ ਹੀ ਹੁੰਦੀ ਹੈ। ਨਵੀਂ ਨੂੰਹ ਦੇ ਨਵੇਂ ਰਿਸ਼ਤੇਦਾਰ ਆ ਗਏ ਤਾਂ ਸੱਸ ਨੇ ਕਿਹਾ, ‘ਲਿਆ ਬਹੂ ਆਪਣੇ ਨਵੇਂ ਗਲਾਸ ਇਨ੍ਹਾਂ ਨਵੇਂ ਰਿਸ਼ਤੇਦਾਰਾਂ ਨੂੰ ਪਾਣੀ ਦੇਣਾ ਹੈ।’ ਨੂੰਹ ਇਹ ਸੁਣ ਕੇ ਹੱਕੀ ਬੱਕੀ ਰਹਿ ਗਈ। ਨੂੰਹ ਦੇ ਜੀਵਨ ਦਾ ਇਹ ਪਹਿਲਾ ਅਧਿਆਇ ਸ਼ੁਰੂ ਹੋ ਗਿਆ ਸੀ। ਹੁਣ ਨੂੰਹ ਨੂੰ ਸੱਸ ਦਾ ਅਹਿਸਾਸ ਹੋ ਚੁੱਕਾ ਸੀ। ਬਹੂ ਸੌਣ ਲੱਗਦੀ ਹੈ ਕਿ ਭਾਂਡੇ ਸਵੇਰੇ ਮਾਂਜ ਲਵਾਂਗੀ, ਪਰ ਸੱਸ ਉੱਚੀ ਉੱਚੀ ਭਾਂਡੇ ਖੜਕਾ ਕੇ ਮਾਂਜਣੇ ਸ਼ੁਰੂ ਕਰ ਦਿੰਦੀ ਹੈ। ਇਹ ਵੀ ਸ਼ੀਤ ਯੁੱਧ ਦਾ ਬਾਣ ਹੀ ਹੈ। ਸਮਾਜ ਦੀਆਂ ਇਨ੍ਹਾਂ ਦੋਵਾਂ ਮਹਾ ਸ਼ਕਤੀਆਂ ਦੇ ਸ਼ੀਤ ਯੁੱਧ ਨੂੰ ਬੁੱਧੀਮਾਨਾਂ ਨੇ ਪਰਖਿਆ ਪੜਚੋਲਿਆ, ਪਰ ਅੰਤ ਨਹੀਂ ਪਿਆ।
ਦਿਨ ਦਿਹਾੜੇ, ਰੀਤੀ ਰਿਵਾਜ ਅਤੇ ਹੋਰ ਮੌਕਿਆਂ ’ਤੇ ਨੂੰਹ ਦੇ ਘਰ ਤੋਂ ਕੋਈ ਨਾ ਆਵੇ ਤਾਂ ਸੱਸ ਸ਼ੀਤ ਯੁੱਧ ਦੀ ਟਕੋਰ ਕਰ ਦਿੰਦੀ ਹੈ; ਬਹੁਤਿਆਂ ਭਰਾਵਾਂ ਵਾਲੀਏ ਤੈਨੂੰ ਤੀਆਂ ਨੂੰ ਲੈਣ ਨਾ ਆਏ। ਗੱਲਾਂ ਦਿਲ ਅਤੇ ਦਿਮਾਗ਼ ਵਿੱਚ ਹੋਰ ਹੁੰਦੀਆਂ ਹਨ, ਪਰ ਸ਼ੀਤ ਯੁੱਧ ਨਾਲ ਭੜਾਸ ਨਿਕਲਦੀ ਰਹਿੰਦੀ ਹੈ। ਜੇ ਭਰਾ ਦੀ ਮਹਿਮਾਨਨਿਵਾਜ਼ੀ ਘੱਟ ਹੋਵੇ ਤਾਂ ਨੂੰਹ ਝੱਟ ਸੁਣਾ ਦਿੰਦੀ ਹੈ;
ਸੱਸੇ ਤੇਰੀ ਮੱਝ ਮਰ ਜੇ
ਮੇਰੇ ਵੀਰ ਨੂੰ ਸੁੱਕੀ ਖੰਡ ਪਾਈ
ਆਪਣੇ ਦਿਨਾਂ ਦੌਰਾਨ ਜਬਰੀ ਵਿੱਚ ਕੀਤੀਆਂ ਮਨਮਾਨੀਆਂ ਅਤੇ ਅਰਮਾਨਾਂ ਦੀ ਪੂਰਤੀ ਲਈ ਸੱਸ-ਨੂੰਹ ਮੋਠ ’ਤੇ ਮੋਠ ਨਹੀਂ ਟਿਕਣ ਦਿੰਦੀਆਂ। ਸੱਸ ਖੁੱਲ੍ਹ ਨਹੀਂ ਦਿੰਦੀ ਤਾਂ ਨੂੰਹ ਝੱਟ ਆਖ ਦਿੰਦੀ ਹੈ;
ਸੱਸੇ ਮੇਰੀ ਤੂੰ ਕਰੇ ਤਕੜਾਈਆਂ
ਆਪਣੇ ਤੂੰ ਦਿਨ ਭੁੱਲ ਗਈ
ਵਕਤ ਆਉਣ ’ਤੇ ਨੂੰਹ ਦੇ ਮੁੰਡਾ ਜਨਮ ਲੈਂਦਾ ਹੈ। ਸੱਸ ਦੇ ਘਰ ਬਾਗ਼ ਨਹੀਂ ਹੁੰਦੇ। ਮੁੰਡਾ ਗੋਦੀ ਵਿੱਚ ਰੋਂਦਾ ਹੈ ਤਾਂ ਨੂੰਹ ਇਸ ਵਿਸ਼ੇ ਵਿੱਚ ਝੱਟ ਬੋਲੀ ਲੈ ਕੇ ਆਉਂਦੀ ਹੈ;
ਮੁੰਡਾ ਰੋਵੇ, ਮੁੰਡਾ ਰੋਵੇ ਅੰਬੀਆਂ ਨੂੰ
ਕਿਤੇ ਬਾਗ਼ ਨਜ਼ਰ ਨਾ ਆਵੇ
ਨਾ ਰੋ ਨਾ ਰੋ ਕੰਜਰਾਂ ਦਿਆ
ਤੇਰੇ ਮਾਮਿਆਂ ਦੇ ਬਾਗ਼ ਬਥੇਰੇ
ਸੱਸ ਵੱਲੋਂ ਜ਼ਿਆਦਾ ਨੋਕ ਝੋਕ ਕਰਨ ’ਤੇ ਦੁਖੀ ਹੋਈ ਨੂੰਹ ਸਿਰੇ ’ਤੇ ਗੰਢ ਮਾਰ ਦਿੰਦੀ ਹੈ;
ਸੁੱਥਣੇ ਸੱਤ ਰੰਗੀਏ
ਤੈਨੂੰ ਸੱਸ ਮਰੀ ’ਤੇ ਪਾਵਾਂ
ਦੋਵੇਂ ਸਮਾਜਿਕ ਸ਼ਕਤੀਆਂ ਦਾ ਸ਼ੀਤ ਯੁੱਧ ਅਤੀਤ ਤੋਂ ਵਰਤਮਾਨ ਤੱਕ ਬਦਲੇ ਰੂਪਾਂ ਅਨੁਸਾਰ ਜਾਰੀ ਹੈ। ਇਨ੍ਹਾਂ ਦੀਆਂ ਟਕੋਰਾਂ ਨੂੰ ਅਸਿੱਧੇ ਰੂਪ ਵਿੱਚ ਸਮਾਜ ਨੇ ਪ੍ਰਵਾਨ ਕਰ ਲਿਆ ਹੈ। ਰੁੱਸਿਆਂ ਨੂੰ ਮਨਾਉਣ ਲਈ ਸਮਾਜ ਵਿੱਚ ਹਰ ਬੰਦਾ ਕਹਿ ਦਿੰਦਾ ਹੈ ਕਿ ਸੱਸ-ਨੂੰਹ ਦੀ ਕਾਹਦੀ ਲੜਾਈ? ਇਹ ਤਾਂ ਮੁੱਢੋਂ ਚੱਲੀ ਆਉਂਦੀ ਹੈ। ਜਿੱਥੇ ਦੋ ਭਾਂਡੇ ਹੋਣ, ਉਹ ਖੜਕਦੇ ਹੀ ਹਨ। ਸੱਸ-ਨੂੰਹ ਦੇ ਰਿਸ਼ਤੇ ਨੂੰ ਮਨ ਵਿੱਚ ਵਸਾਉਣਾ ਚਾਹੀਦਾ ਹੈ ਕਿ ਉਸ ਸੋਚ ਨਾਲ ਅੱਗੇ ਨਾ ਵਧੀਏ ਜੋ ਮੁੱਢ ਕਦੀਮੋਂ ਮਨ ਵਿੱਚ ਵਸੀ ਹੋਈ ਹੈ। ਜੇ ਕਿਤੇ ਸ਼ੀਤ ਯੁੱਧ ਅਸਲ ਯੁੱਧ ਵਿੱਚ ਪ੍ਰਵੇਸ਼ ਕਰ ਲਵੇ ਤਾਂ ਸਮਾਜਿਕ ਭਾਂਬੜ ਮੱਚ ਜਾਂਦਾ ਹੈ। ਇਸ ਨਾਲ ਸਮਾਜਿਕ ਪਾੜਾ ਵਧ ਕੇ ਅਸੰਤੁਲਨ ਪੈਦਾ ਹੁੰਦਾ ਹੈ। ਸਮਾਜ ਵਿੱਚ ਇਨ੍ਹਾਂ ਦੋ ਸ਼ਕਤੀਆਂ ਦਾ ਸ਼ੀਤ ਯੁੱਧ ਸਮਾਪਤ ਹੋ ਜਾਵੇ ਤਾਂ ਘਰ ਪਰਿਵਾਰ ਹੋਰ ਵੀ ਖ਼ੁਸ਼ਹਾਲ ਹੋ ਜਾਂਦਾ ਹੈ।
ਸੰਪਰਕ: 98781-11445