ਕਰਮਜੀਤ ਸਿੰਘ ਚਿੱਲਾਬਨੂੜ, 13 ਅਪਰੈਲਥਾਣਾ ਬਨੂੜ ਅਧੀਨ ਪੈਂਦੇ ਪਿੰਡ ਉੜਦਣ ਵਿੱਚ ਚੋਰਾਂ ਵੱਲੋਂ ਇੱਕ ਪਰਿਵਾਰ ਦੇ ਸੁੱਤੇ ਪਏ ਸਾਰੇ ਮੈਂਬਰਾਂ ਨੂੰ ਨਸ਼ੀਲੀ ਦਵਾਈ ਸੁੰਘਾ ਕੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਚੋਰ ਪਰਿਵਾਰ ਦੇ ਘਰੋਂ ਸੱਤ ਲੱਖ ਦੇ ਸੋਨੇ ਦੇ ਗਹਿਣੇ, 19 ਲੱਖ ਦੀ ਨਕਦੀ ਅਤੇ ਚਾਰ ਮੋਬਾਇਲ ਫੋਨ ਚੋਰੀ ਕਰਕੇ ਲੈ ਗਏ। ਘਟਨਾ ਸ਼ੁੱਕਰਵਾਰ ਦੀ ਰਾਤ ਨੂੰ ਵਾਪਰੀ।ਪੀੜਤ ਪਰਿਵਾਰ ਦੇ ਮੈਂਬਰ ਗੁਰਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਉੜਦਣ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਨੂੰ ਉਨ੍ਹਾਂ ਦੀ ਮਾਤਾ, ਪਤਨੀ ਅਤੇ ਦੋ ਬੱਚੇ ਸੁੱਤੇ ਸਨ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀ ਉਨਾਂ ਦੇ ਘਰ ਦੀ ਪਿਛਲੀ ਕੰਧ ਟੱਪ ਕੇ ਕਮਰੇ ਵਿੱਚ ਦਾਖਲ ਹੋਏ ਅਤੇ ਸਾਰੇ ਪਰਿਵਾਰਿਕ ਮੈਂਬਰਾਂ ਨੂੰ ਨਸ਼ੀਲੀ ਦਵਾਈ ਸੁੰਘਾ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਅਣਪਛਾਤੇ ਚੋਰਾਂ ਨੇ ਉਨ੍ਹਾਂ ਦੇ ਅਲਮਾਰੀ ਅਤੇ ਪੇਟੀ ਵਿੱਚ ਰੱਖੇ ਹੋਏ 7 ਲੱਖ ਰੁਪਏ ਦੇ ਕਰੀਬ ਸੋਨੇ ਦੇ ਗਹਿਣੇ ਅਤੇ 19 ਲੱਖ ਰੁਪਏ ਦੀ ਨਕਦੀ ਜੋ ਕਿ ਉਨ੍ਹਾਂ ਨੇ ਆਪਣਾ ਮਕਾਨ ਬਣਾਉਣ ਲਈ ਇਕੱਠੇ ਕਰਕੇ ਰੱਖੇ ਹੋਏ ਸਨ ਅਤੇ 4 ਮੋਬਾਇਲ ਫੋਨ ਚੋਰੀ ਕਰ ਲਏ। ਪੀੜਤ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਘਟਨਾ ਬਾਰੇ ਥਾਣਾ ਬਨੂੜ ਦੀ ਪੁਲੀਸ ਨੂੰ ਸੂਚਿਤ ਕੀਤਾ ਤਾਂ ਸਬ ਇੰਸਪੈਕਟਰ ਬਹਾਦਰ ਰਾਮ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਜਾਂਚ ਅਧਿਕਾਰੀ ਸਬ ਇੰਸਪੈਕਟਰ ਬਹਾਦਰ ਰਾਮ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।