ਸੱਚ ਲਈ ਕੁਰਬਾਨੀ ਦੇ ਕੇ ਰਸਤਾ ਨਵਾਂ ਦਿਖਾ ਦਿੱਤਾ...
ਜਸਵਿੰਦਰ ਸਿੰਘ ਰੁਪਾਲ
ਕੈਲਗਰੀ: ਈ ਦੀਵਾਨ ਸੁਸਾਇਟੀ, ਕੈਲਗਰੀ ਵੱਲੋਂ ਅੰਤਰਰਾਸ਼ਟਰੀ ਬਾਲ-ਕਵੀ ਦਰਬਾਰ ਕਰਵਾਇਆ ਗਿਆ। ਇਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਬੱਚੇ ਔਨਲਾਈਨ ਸ਼ਾਮਲ ਹੋਏ। ਭਾਵੇਂ ਇਹ ਕਵੀ-ਦਰਬਾਰ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਸੀ, ਪਰ ਬੱਚਿਆਂ ਨੂੰ ਕੋਈ ਵੀ ਧਾਰਮਿਕ ਕਵਿਤਾ ਸੁਣਾਉਣ ਦੀ ਖੁੱਲ੍ਹ ਦਿੱਤੀ ਗਈ ਸੀ।
ਸਭ ਤੋਂ ਪਹਿਲਾਂ ਸੁਸਾਇਟੀ ਦੇ ਸੰਸਥਾਪਕ ਜਗਬੀਰ ਸਿੰਘ ਕੈਲਗਰੀ ਨੇ ਸਭ ਨੂੰ ‘ਜੀ ਆਇਆਂ’ ਆਖਦੇ ਹੋਏ ਕਿਹਾ ਕਿ ਬੱਚੇ ਸਾਡੇ ਭਵਿੱਖ ਦੇ ਵਾਰਸ ਹਨ ਅਤੇ ਇਨ੍ਹਾਂ ਨੂੰ ਵੱਧ ਤੋਂ ਵੱਧ ਮੌਕੇ ਦੇਣੇ ਸਾਡਾ ਫਰਜ਼ ਵੀ ਹੈ ਅਤੇ ਸਮੇਂ ਦੀ ਲੋੜ ਵੀ। ਪ੍ਰੋਗਰਾਮ ਦਾ ਆਰੰਭ ਜੈਪੁਰ ਤੋਂ ਬ੍ਰਜਮਿੰਦਰ ਕੌਰ ਦੇ ਇੱਕ ਸ਼ਬਦ ਨਾਲ ਹੋਇਆ। ਟੋਰਾਂਟੋ ਤੋਂ ਹੀ ਸਿਮਰਲੀਨ ਕੌਰ ਅਤੇ ਪਰਮਜੀਤ ਸਿੰਘ ਨੇ ਇੱਕ ਗੀਤ ‘ਕਰੇ ਅਰਜੋਈ ਤੇਰੇ ਦਰ ’ਤੇ ਸੁਲੱਖਣੀ’ ਸਾਜ਼ਾਂ ਨਾਲ ਸੁਣਾਇਆ।
ਇਸ ਕਵੀ ਦਰਬਾਰ ਵਿੱਚ ਵੱਖਰੇ ਵੱਖਰੇ ਰੰਗ ਨਜ਼ਰ ਆਏ। ਹਰਸੀਰਤ ਕੌਰ ਅੰਮ੍ਰਿਤਸਰ, ਅਰਸ਼ਪ੍ਰੀਤ ਕੌਰ ਤੇ ਗੁਰਸ਼ਰਨ ਸਿੰਘ ਅਤੇ ਜਪਸੀਰਤ ਕੌਰ ਖੁੰਢਾ ਕੈਲਗਰੀ ਨੇ ਸ਼ਬਦ ਪੇਸ਼ ਕੀਤੇ। ਰੁਚਿਰਾ ਭੰਡਾਰੀ ਨੇ ਆਪਣੀ ਲਿਖੀ ਕਵਿਤਾ ‘ਧੰਨ ਸ੍ਰੀ ਗੁਰੂ ਅਰਜਨ ਦੇਵ ਸਲਾਮ ਤੇਰੀ ਸ਼ਹਾਦਤ ਨੂੰ’ ਸੁਣਾ ਕੇ ਗੁਰ ਇਤਿਹਾਸ ਨਾਲ ਸਾਂਝ ਪਵਾਈ। ਟੋਰਾਂਟੋ ਤੋਂ 8 ਸਾਲ ਦੀ ਬੱਚੀ ਰਹਿਤਪ੍ਰੀਤ ਕੌਰ ਨੇ ਪੂਰੇ ਸਵੈ ਵਿਸ਼ਵਾਸ ਨਾਲ ਕਵਿਤਾ ‘ਸਿੱਖੀ ਦਾ ਬੂਟਾ ਲਾਇਆ ਕਲਗੀਆਂ ਵਾਲੇ ਨੇ’ ਸੁਣਾਈ। ਤਹਿਜ਼ੀਬ ਕੌਰ ਅਤੇ ਮਹਿਤਾਬ ਸਿੰਘ ਨੇ ‘ਬਚਿੱਤਰ ਸਿੰਘ ਜੋਧਾ ਪਰਉਪਕਾਰੀ’ ਕਵਿਤਾ ਸੁਣਾਈ। ਜਪਨੀਤ ਕੌਰ ਮੋਰਿੰਡਾ ਨੇ ਗੁਰੂ ਅਰਜਨ ਦੇਵ ਜੀ ’ਤੇ ਕਵਿਤਾ ‘ਸੱਚ ਲਈ ਕੁਰਬਾਨੀ ਦੇ ਕੇ ਰਸਤਾ ਨਵਾਂ ਦਿਖਾ ਦਿੱਤਾ...’ ਸੁਣਾ ਕੇ ਗੁਰ ਇਤਿਹਾਸ ਨਾਲ ਸਾਂਝ ਪਵਾਈ। ਮਹਿਕਪ੍ਰੀਤ ਕੌਰ ਲੁਧਿਆਣਾ ਨੇ ਕਵਿਤਾ ‘ਸ਼ਹਾਦਤ ਦਾ ਬੂਟਾ’ ਸੁਣਾ ਕੇ ਵਾਹ ਵਾਹ ਖੱਟੀ। ਕਰਨਬੀਰ ਸਿੰਘ ਅੰਮ੍ਰਿਤਸਰ ਨੇ ਕਵਿਤਾ ‘ਐਪਰ ਪੁਰੀ ਅਨੰਦ ਦੇ ਵਾਸੀਆ ਵੇ ਤੇਰੇ ਚਿਹਰੇ ਤੇ ਵੱਖਰਾ ਨੂਰ ਦਿਸੇ’ ਸਟੇਜੀ ਅੰਦਾਜ਼ ਵਿੱਚ ਸੁਣਾਈ। ਅਮਨਦੀਪ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਵਿਤਾ ਰਾਹੀਂ ਯਾਦ ਕੀਤਾ। ਸਬਰੀਨ ਕੌਰ ਅਤੇ ਰਿਜੁਲਦੀਪ ਸਿੰਘ ਅੰਮ੍ਰਿਤਸਰ ਨੇ ਸਾਂਝੇ ਤੌਰ ’ਤੇ ਗੀਤ ‘ਧੰਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ’ ਤਰੰਨਮ ਵਿੱਚ ਗਾ ਕੇ ਸੁਣਾਇਆ। ਮੋਹਕਮ ਸਿੰਘ ਚੌਹਾਨ ਕੈਲਗਰੀ ਨੇ ਗੀਤ ‘ਰੰਗ ਸੂਹਾ ਸੂਹਾ ਹੋਇਆ ਹੈ ਅੱਜ ਵਤਨ ਦੀਆਂ ਗੁਲਜ਼ਾਰਾਂ ਦਾ’ ਗਾ ਕੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ। ਸਿਦਕ ਸਿੰਘ ਗਰੇਵਾਲ ਨੇ ਗੁਰਦੀਸ਼ ਕੌਰ ਗਰੇਵਾਲ ਦੀ ਲਿਖੀ ਕਵਿਤਾ ‘ਸਿੱਖ ਸਰਦਾਰ’ ਸੁਣਾ ਕੇ ਆਪਣੀ ਸਰਦਾਰੀ ਸੰਭਾਲ ਕੇ ਰੱਖਣ ਦਾ ਬਚਨ ਦੁਹਰਾਇਆ।
ਤੇਗ ਕੌਰ ਬਾਠ, ਜਪ ਸਿੰਘ ਗਿੱਲ ਅਤੇ ਨੂਰ ਕੌਰ ਗਰੇਵਾਲ ਨੇ ਵੱਖਰੇ ਵੱਖਰੇ ਤੌਰ ’ਤੇ ਦਸਾਂ ਪਾਤਸ਼ਾਹੀਆਂ ਦੇ ਨਾਮ ਅਤੇ ਅੰਬਰ ਕੌਰ ਗਿੱਲ ਨੇ ਚਾਰ ਸਾਹਿਬਜ਼ਾਦਿਆਂ ਦੇ ਨਾਮ ਅਤੇ ਜਤਿਨਪਾਲ ਸਿੰਘ ਮੋਰਿੰਡਾ ਨੇ ਜਪੁਜੀ ਸਾਹਿਬ ਦੀਆਂ ਦੋ ਪਉੜੀਆਂ ਸੁਣਾ ਕੇ ਇਹ ਵਿਸ਼ਵਾਸ ਦਿਵਾਇਆ ਕਿ ਭਵਿੱਖ ਦੀ ਪੀੜ੍ਹੀ ਵੀ ਗੁਰਮਤਿ ਦੇ ਨੇੜੇ ਰਹੇਗੀ। ਤਰਨ ਤਾਰਨ ਤੋਂ ਬੱਚੀ ਪ੍ਰਭਨੂਰ ਕੌਰ ਦੀ ਸੁਣਾਈ ਕਵਿਤਾ ‘ਹੱਸੇ ਰੱਸੇ ਵੱਸੇ ਮੇਰਾ ਸੋਹਣਾ ਜਿਹਾ ਪੰਜਾਬ ਨੀਂ’ ਵਿੱਚ ਪੰਜਾਬ ਦੇ ਸੱਭਿਆਚਾਰ ਦੀ ਵਧੀਆ ਤਸਵੀਰ ਨਜ਼ਰ ਆਈ।
ਸਟੇਜ ਸਕੱਤਰ ਦੀ ਸੇਵਾ ਗੁਰਦੀਸ਼ ਕੌਰ ਗਰੇਵਾਲ ਨੇ ਬਾਖੂਬੀ ਨਿਭਾਉਂਦੇ ਹੋਏ ਨਾਲ ਨਾਲ ਬੱਚਿਆਂ ਨੂੰ ਹੱਲਾਸ਼ੇਰੀ ਵੀ ਦਿੱਤੀ। ਅਖੀਰ ’ਤੇ ਡਾ. ਸੁਰਜੀਤ ਸਿੰਘ ਭੱਟੀ ਨੇ ਇਨ੍ਹਾਂ ਭਵਿੱਖ ਦੇ ਵਾਰਸਾਂ ਨੂੰ ਹੋਰ ਵੀ ਮੌਕੇ ਦੇਣ ਦਾ ਭਰੋਸਾ ਦਿਵਾਇਆ ਅਤੇ ਸੁਸਾਇਟੀ ਦੇ ਮੈਗਜ਼ੀਨ ‘ਸਾਂਝੀ ਵਿਰਾਸਤ’ ਵਿੱਚ ਬੱਚਿਆਂ ਦੀਆਂ ਰਚਨਾਵਾਂ ਲਈ ਅਲੱਗ ਸਥਾਨ ਰੱਖਣ ਬਾਰੇ ਦੱਸਿਆ। ਡਾਕਟਰ ਬਲਰਾਜ ਸਿੰਘ ਅਤੇ ਡਾਕਟਰ ਕਾਬਲ ਸਿੰਘ ਨੇ ਬੱਚਿਆਂ ਨੂੰ ਤਿਆਰ ਕਰਵਾਉਣ ਲਈ ਮਾਪਿਆਂ ਦਾ ਧੰਨਵਾਦ ਕੀਤਾ।