ਸੰਸਦ ਮੈਂਬਰ ਚੱਬੇਵਾਲ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਜਗਜੀਤ ਸਿੰਘ
ਮੁਕੇਰੀਆਂ 5, ਜੁਲਾਈ
ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਕਸਬਾ ਹਾਜੀਪੁਰ ’ਚ ਅੱਜ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਈ ਸਮੱਸਿਆਵਾਂ ਦਾ ਮੌਕੇ ’ਤੇ ਹੱਲ ਕੀਤਾ। ਹਾਜੀਪੁਰ ਦੇ ਵਿਸ਼ਰਾਮ ਘਰ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਪਿੰਡ ਗੇਰਾ ਵਿੱਚ ਗਲੀ ਦਾ ਉਦਘਾਟਨ ਵੀ ਕੀਤਾ।
ਲੋਕ ਸਭਾ ਮੈਂਬਰ ਨੇ ਕਿਹਾ ਕਿ ‘ਰੰਗਲਾ ਪੰਜਾਬ’ ਯੋਜਨਾ ਤਹਿਤ ਪਿੰਡਾਂ ਦੇ ਵਿਕਾਸ ਲਈ ਫੰਡ ਆਏ ਹਨ ਅਤੇ 15ਵੇਂ ਵਿੱਤ ਕਮਿਸ਼ਨ ਤਹਿਤ ਮਿਲਣ ਵਾਲੇ ਫੰਡ ਨਾਲ ਹਾਜੀਪੁਰ ਹਲਕੇ ਦੀਆਂ ਕਈ ਸਮੱਸਿਆਵਾਂ ਦਾ ਹੱਲ ਸੰਭਵ ਹੋਵੇਗਾ। ਡਾ. ਚੱਬੇਵਾਲ ਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਰਾਜ ਸਰਕਾਰ ਦਾ ਸਮੇਂ ਸਿਰ ਅਤੇ ਜ਼ਰੂਰੀ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਸੈਸ਼ਨ ਵਿੱਚ ਨਸ਼ਾ ਵਿਰੋਧੀ ਅਭਿਆਨ ਅਤੇ ਕਈ ਅਹਿਮ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।
ਇਸੇ ਦੌਰਾਨ ਪਿੰਡ ਮਨਸੂਰਪੁਰ ਦੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹੋਏ ਲੋਕ ਸਭਾ ਮੈਂਬਰ ਨੇ 10 ਲੱਖ ਰੁਪਏ ਦੀ ਸੀਵਰੇਜ ਯੋਜਨਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪਿੰਡ ਦੀ ਪੰਚਾਇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ। ਡਾ. ਚੱਬੇਵਾਲ ਨੇ ਸਾਰੇ ਨਵ-ਨਿਯੁਕਤ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਮਿਲੇਗਾ। ਇਸ ਮੌਕੇ ਪ੍ਰੋਫੈਸਰ ਜੀਐੱਸ ਮੁਲਤਾਨੀ, ਐੱਸਡੀਐੱਮ ਕੰਵਲਜੀਤ ਸਿੰਘ, ਸੁਲੱਖਣ ਸਿੰਘ ਜੱਗੀ, ਚਤਰ ਸਿੰਘ ਆਦਿ ਵੀ ਹਾਜ਼ਰ ਸਨ।