ਸੰਸਦ ਮੈਂਬਰਾਂ ਵੱਲੋਂ ਵਿਕਾਸ ਕਾਰਜਾਂ ਦੀ ਸਮੀਖਿਆ
ਮਹਾਵੀਰ ਮਿੱਤਲ
ਜੀਂਦ, 5 ਜੁਲਾਈ
ਇੱਥੇ ਡੀਡੀਐੱਮਸੀ ਅਤੇ ਨਿਗਰਾਨ ਕਮੇਟੀ ਦੀ ਮੀਟਿੰਗ ਵਿੱਚ ਕਾਂਗਰਸ ਦੇ ਤਿੰਨ ਸੰਸਦ ਮੈਂਬਰਾਂ ਨੇ ਕੇਂਦਰੀ ਯੋਜਨਾਵਾਂ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਸੋਨੀਪਤ ਹਲਕੇ ਤੋਂ ਸੰਸਦ ਮੈਂਬਰ ਸੱਤਪਾਲ ਬ੍ਰਹਮਚਾਰੀ, ਹਿਸਾਰ ਤੋਂ ਸੰਸਦ ਮੈਂਬਰ ਜੈ ਪ੍ਰਕਾਸ਼ ਅਤੇ ਸਿਰਸਾ ਹਲਕੇ ਤੋਂ ਕੁਮਾਰੀ ਸੈਲਜ਼ਾ ਤੋਂ ਇਲਾਵਾ ਡੀਸੀ ਜੀਂਦ ਮੁਹੰਮਦ ਇਮਰਾਨ ਰਜ਼ਾ ਤੇ ਏਡੀਸੀ ਵਿਵੇਕ ਆਰੀਆ ਆਦਿ ਹਾਜ਼ਰ ਸਨ। ਬੈਠਕ ਵਿੱਚ ਜੀਂਦ ਸ਼ਹਿਰ ਵਿੱਚ ਬਣੇ ਅੰਡਰਪਾਸ ਦੀ ਸਫਾਈ ਅਤੇ ਪਾਣੀ ਭਰਨ ਆਦਿ ਸਮੱਸਿਆਵਾਂ ਬਾਰੇ ਚਰਚਾ ਸ਼ੁਰੂ ਹੋਈ ਤਾਂ ਕੁਮਾਰ ਸ਼ੈਲਜ਼ਾ ਨੇ ਰੇਲਵੇ ਦੇ ਜੇਈ ਨੂੰ ਬੁਲਾਇਆ ਪਰ ਜੇਈ ਕੋਈ ਜਵਾਬ ਨਹੀਂ ਦੇ ਸਕੀ। ਮਹਿਲਾ ਜੇਈ ਨੇ ਕਿਹਾ ਕਿ ਜਿਸ ਜੇਈ ਦੀ ਇਸ ਅੰਡਰਪਾਸ ’ਤੇ ਡਿਊਟੀ ਲੱਗੀ ਹੋਈ ਹੈ, ਉਹ ਜੇਈ ਹਾਦਸੇ ਕਾਰਨ ਮੀਟਿੰਗ ਵਿੱਚ ਨਹੀਂ ਆਇਆ। ਇਸ ਨੂੰ ਲੈਕੇ ਕੁਮਾਰੀ ਸ਼ੈਲਜਾ ਰੇਲਵੇ ਦੇ ਜੇਈ ਤੋਂ ਖਫ਼ਾ ਹੋ ਗਈ ਤੇ ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਰੇਲਵੇ ਨੂੰ ਸ਼ਿਕਾਇਤ ਕਰਨਗੇ। ਕੁਮਾਰੀ ਸ਼ੈਲਜ਼ਾ ਨੇ ਡੀਸੀ ਨੂੰ ਕਿਹਾ ਕਿ ਅੱਜ ਦੀ ਬੈਠਕ ਵਿੱਚ ਤਿੰਨ-ਤਿੰਨ ਸੰਸਦ ਪਹੁੰਚੇ ਹੋਏ ਹਨ ਪਰ ਅਧਿਕਾਰੀ ਇਸ ਮੀਟਿੰਗ ਨੂੰ ਲੈ ਕੇ ਗੰਭੀਰ ਨਹੀਂ ਹਨ। ਕੁਮਾਰੀ ਸ਼ੈਲਜ਼ਾ ਨੇ ਕਿਹਾ ਕਿ ਰੇਲਵੇ ਅੰਡਰਪਾਸ ਗੰਦਗੀ ਨਾਲ ਭਰੇ ਪਏ ਹਨ ਇਨ੍ਹਾਂ ਵਿੱਚ ਸਾਫ-ਸਫਾਈ ਦਾ ਪ੍ਰਬੰਧ ਨਹੀਂ ਹੈ। ਇਸ ਦੇ ਨਾਲ ਹੀ ਤਿੰਨੇ ਸੰਸਦ ਮੈਂਬਰਾਂ ਨੇ ਨੈਸ਼ਨਲ ਹਾਈ ਅਥਾਰਿਟੀ ਦੇ ਕਰਮਚਾਰੀਆਂ ਨੂੰ ਸਖ਼ਤੀ ਨਾਲ ਕਹਿੰਦੇ ਹੋਏ ਕਿਹਾ ਕਿ ਪੁਲ ਦੇ ਡਰੇਨ ਤਾਂ ਬਣਾ ਰਹੇ ਹਨ ਪਰ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ, ਜਿਸ ਕਾਰਨ ਪਾਣੀ ਸਰਵਿਸ ਲੇਨ ’ਤੇ ਹੀ ਭਰਿਆ ਰਹਿੰਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅਜਿਹੀ ਲਾਹਪ੍ਰਵਾਹੀ ਹੋਵੇਗੀ ਤਾਂ ਐੱਫਆਈਆਰ. ਦਰਜ ਕਰਵਾਉਣੀ ਪਵੇਗੀ।