ਗੁਰਦੀਪ ਸਿੰਘ ਟੱਕਰਮਾਛੀਵਾੜਾ, 10 ਮਾਰਚਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਅਤੇ ਅਵਤਾਰ ਸਿੰਘ ਮੇਹਲੋਂ ਸਰਪ੍ਰਸਤ ਪੰਜਾਬ ਨੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ’ਤੇ ਹਲਕਾ ਸਾਹਨੇਵਾਲ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਦਫ਼ਤਰ ਅੱਗੇ ਸੈਂਕੜੇ ਕਿਸਾਨਾਂ ਸਮੇਤ ਪੰਜਾਬ ਸਰਕਾਰ ਵੱਲੋਂ 5 ਮਾਰਚ ਦੇ ਚੰਡੀਗੜ੍ਹ ਧਰਨੇ ਨੂੰ ਅਸਫਲ ਬਣਾਉਣ ਲਈ ਕਿਸਾਨ ਆਗੂਆਂ ਤੇ ਕਿਸਾਨਾਂ ਦੀ ਘਰਾਂ ’ਚ ਕੀਤੀ ਨਜ਼ਰਬੰਦੀ ਤੇ ਜੇਲਾਂ ਵਿਚ ਭੇਜਣ ਦੇ ਰੋਸ ਵਜੋਂ ਧਰਨਾ ਦਿੱਤਾ ਗਿਆ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਲੱਖੋਵਾਲ ਨੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਨੇ ਜੋ ਕਿਸਾਨਾਂ ਨਾਲ 5 ਮਾਰਚ ਦੀ ਚੰਡੀਗੜ੍ਹ ਮੀਟਿੰਗ ਵਿਚ ਜੋ ਵਿਵਹਾਰ ਕੀਤਾ ਤੇ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ, ਝੂਠੇ ਇਲਜ਼ਾਮ ਲਗਾ ਕੇ ਮੁੱਖ ਮੰਤਰੀ ਵਲੋਂ ਕਿਸਾਨਾਂ ਨੂੰ ਬਦਨਾਮ ਕੀਤਾ ਕਿ ਕਿਸਾਨ ਸੜਕਾਂ ਰੋਕ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ ਤੇ ਜੋ ਕਿਸਾਨਾਂ ਦੀਆਂ ਮੰਗਾਂ ਹਨ ਉਹ ਕੇਂਦਰ ਸਰਕਾਰ ਨਾਲ ਸੰਬਧਿਤ ਹਨ ਪੰਜਾਬ ਨਾਲ ਨਹੀਂ।ਉਨ੍ਹਾਂ ਕਿਹਾ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ 19 ਦਸੰਬਰ 2023 ਨੂੰ ਪੰਜਾਬ ਸਰਕਾਰ ਨੇ ਐੱਸ.ਕੇ.ਐੱਮ ਦੇ ਆਗੂਆਂ ਨਾਲ ਮੀਟਿੰਗ ਕਰਕੇ ਕੁਝ ਮੰਗਾਂ ਮੰਨ ਕੇ ਲਾਗੂ ਕਰਨ ਲਈ ਸਹਿਮਤੀ ਦਿੱਤੀ ਸੀ ਕਿਸਾਨਾਂ ਦੀਆਂ ਮੰਗਾਂ ਸਨ ਕਿ ਦਿੱਲੀ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ, ਮੱਕੀ, ਮੂੰਗੀ ਤੇ ਸਬਜ਼ੀਆਂ ਤੇ ਐੱਮ.ਐੱਸ.ਪੀ ਦੇਣੀ ਤੇ ਨਵੀਂ ਖੇਤੀਬਾੜੀ ਨੀਤੀ ਬਣਾਉਣਾ ਕਮੇਟੀ ’ਚ ਐੱਸ.ਕੇ.ਐੱਮ ਦੇ ਆਗੂਆਂ ਨੂੰ ਲੈਣਾ, ਸਰਕਾਰੀ ਅਦਾਰਿਆਂ ਵਿਚਲੇ ਕਿਸਾਨੀ ਕਰਜ਼ਿਆਂ ਲਈ ਵੰਨ ਟਾਇਮ ਸੈਟਲਮੈਂਟ ਸਕੀਮ ਲਿਆ ਕੇ ਕੇਸਾਂ ਦਾ ਨਿਪਟਾਰਾ ਕਰਨਾ, ਵਿਵਾਦ ਰਹਿਤ ਜ਼ਮੀਨਾਂ ਦੀ ਤਕਸੀਮ ਟੀਮਾਂ ਬਣਾ ਕੇ ਪਿੰਡਾਂ ’ਚ ਜਾ ਕੇ ਕਰਨੀ, ਸਰਹਿੰਦ ਫੀਡਰ ਤੇ ਲੱਗੀਆਂ ਮੋਟਰਾਂ ਦੇ ਬਿੱਲ ਮੁਆਫ ਕਰਨੇ ਆਦਿ ਮੰਗਾਂ ਪੰਜਾਬ ਸਰਕਾਰ ਨੇ 31 ਮਾਰਚ 2024 ਤੱਕ ਲਾਗੂ ਕਰਨੀਆਂ ਮੰਨੀਆਂ ਸਨ ਪਰ ਸਰਕਾਰ ਨੇ ਹੁਣ ਤੱਕ ਇਨ੍ਹਾਂ ਨੂੰ ਲਾਗੂ ਨਹੀਂ ਕੀਤਾ। ਲੱਖੋਵਾਲ ਨੇ ਕਿਹਾ ਕਿ ਇਸ ਲਈ ਅਸੀਂ ਦੁਬਾਰਾ ਇੱਕ ਵਾਰ ਫਿਰ ਤੋਂ ਸਰਕਾਰ ਨੂੰ ਜਗਾਉਣ ਲਈ 5 ਮਾਰਚ ਦਾ ਧਰਨਾ ਚੰਡੀਗੜ੍ਹ ਦੇ 34 ਸੈਕਟਰ ’ਚ ਲਗਾਉਣਾ ਸੀ ਪਰ ਮੁੱਖ ਮੰਤਰੀ ਸਾਹਿਬ ਨੇ ਤਹਿਸ਼ ਵਿਚ ਆ ਕੇ ਕਿਸਾਨਾਂ ਨਾਲ ਮਾੜਾ ਸਲੂਕ ਕਰਦਿਆਂ ਉਨ੍ਹਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਿਸ ਦੇ ਵਿਰੋਧ ਵਜੋਂ ਅੱਜ ਦਾ ਇਹ ਸੰਕੇਤਕ ਧਰਨਾ ਸੀ। ਉਨ੍ਹਾਂ ਕਿਹਾ ਕਿ ਐੱਸ.ਕੇ.ਐੱਮ ਨੇ ਆਪਣੀ ਅਗਲੀ ਰਣਨੀਤੀ ਲਈ 15 ਮਾਰਚ ਚੰਡੀਗੜ੍ਹ ਮੀਟਿੰਗ ਰੱਖੀ ਹੋਈ ਹੈ।ਇਸ ਮੌਕੇ ਗੁਰਵਿੰਦਰ ਸਿੰਘ ਕੂੰਮ ਕਲਾਂ ਪ੍ਰੈੱਸ ਸਕੱਤਰ ਪੰਜਾਬ, ਪਮਨਦੀਪ ਸਿੰਘ ਮੇਹਲੋਂ, ਮੀਤ ਪ੍ਰਧਾਨ , ਗੁਰਪ੍ਰੀਤ ਸਿੰਘ ਸਾਹਬਾਣਾ ਮੀਤ ਪ੍ਰਧਾਨ ਲੁਧਿਆਣਾ, ਹਰਮੀਤ ਸਿੰਘ ਕਾਦੀਆਂ, ਗਿਆਨ ਸਿੰਘ ਮੰਡ, ਗੁਰਚਰਨ ਸਿੰਘ ਹਵਾਸ, ਸੁਰਿੰਦਰ ਸਿੰਘ ਕਡਿਆਣਾ, ਕਾਮਰੇਡ ਅਮਰਨਾਥ ਕੂੰਮ ਕਲਾਂ, ਲਛਮਣ ਸਿੰਘ, ਅਜਮੇਰ ਸਿੰਘ ਲਾਲੀ, ਹਰਦੀਪ ਸਿੰਘ ਗਿਆਸਪੁਰਾ, ਜਗਦੇਵ ਸਿੰਘ ਹਵਾਸ, ਜਗਪਾਲ ਸਿੰਘ ਗਿਆਸਪੁਰਾ, ਜਸਵੀਰ ਸਿੰਘ, ਦਵਿੰਦਰ ਸਿੰਘ ਹਰੇਵਾਲ, ਬੀਰਇੰਦਰ ਸਿੰਘ ਜੌਲੀ, ਰਘੂਬੀਰ ਸਿੰਘ ਕੂੰਮਕਲਾਂ, ਨਿਰਪਾਲ ਸਿੰਘ ਗਰਚਾ, ਬਿਕਰਮਜੀਤ ਸਿੰਘ, ਰਣਧੀਰ ਸਿੰਘ, ਕਮਿੱਕਰ ਸਿੰਘ ਸਾਹਬਾਣਾ, ਸਰਪੰਚ ਕੱਕਾ ਤੇ ਹੋਰ ਹਾਜ਼ਰ ਸਨ।