ਸੰਤ ਅਤਰ ਸਿੰਘ ਦੀ ਯਾਦ ’ਚ ਬਰਸੀ ਸਮਾਗਮ ਸ਼ੁਰੂ
ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 30 ਜਨਵਰੀ
ਸੰਤ ਬਾਬਾ ਅਤਰ ਸਿੰਘ ਜੀ ਦੀ ਬਰਸੀ ਮੌਕੇ ਤਿੰਨ ਦਿਨਾ ਸਾਲਾਨਾ ਜੋੜ ਮੇਲੇ ਦੌਰਾਨ ਜਿੱਥੇ ਗੁਰਮਤਿ ਸਮਾਗਮ ਅੱਜ ਸ਼ੁਰੂ ਹੋ ਗਏ, ਉੱਥੇ ਸੰਤਾਂ ਦੀ ਯਾਦ ਵਿੱਚ ਅਕਾਲ ਕਾਲਜ ਕੌਂਸਲ ਅਤੇ ਸੰਤ ਸੇਵਕ ਜਥੇ ਦੀ ਨਿਗਰਾਨੀ ਹੇਠ ਗੁਰਦੁਆਰਾ ਗੁਰਸਾਗਰ ਸਾਹਿਬ, ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਅਤੇ ਗੁਰਦੁਆਰਾ ਮਾਤਾ ਭੋਲੀ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਹੋ ਗਈ ਹੈ। ਅੱਜ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਸੰਗਤ ਨੇ ਗੁਰੂ ਘਰਾਂ ਵਿੱਚ ਪਹੁੰਚ ਕੇ ਮੱਥਾ ਟੇਕਿਆ, ਉੱਥੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਦੇਗਾਂ ਕਰਵਾਈਆਂ। ਇਸ ਤੋਂ ਇਲਾਵਾ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਸਾਲਾਨਾ ਯਾਦ ਨੂੰ ਸਮਰਪਿਤ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਵੱਲੋਂ ਢਾਡੀ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਭਾਈ ਸਿਆਸਤ ਸਿੰਘ ਗਿੱਲ ਅਤੇ ਭੁਪਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਥ ਪ੍ਰਸਿੱਧ ਸਵਰਗੀ ਸ਼੍ਰੋਮਣੀ ਢਾਡੀ ਮਹਿੰਦਰ ਸਿੰਘ ਸਿਬੀਆ, ਸਵਰਗੀ ਢਾਡੀ ਭਾਨ ਸਿੰਘ ਭੌਰਾ ਲੌਂਗੋਵਾਲ, ਸਵਰਗੀ ਢਾਡੀ ਸ਼ੇਰ ਸਿੰਘ ਨਮੋਲ ਅਤੇ ਸਵਰਗੀ ਢਾਡੀ ਮਨਪ੍ਰੀਤ ਸਿੰਘ ਲੌਂਗੋਵਾਲ ਦੀ ਨਿੱਘੀ ਯਾਦ ਵਿੱਚ ਹੋਏ ਢਾਡੀ ਮੁਕਾਬਲਿਆਂ ਵਿੱਚ 15 ਢਾਡੀ ਜਥਿਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਸੁਖਚੈਨ ਸਿੰਘ ਸੀਤਲ ਨੇ ਪਹਿਲਾ, ਬਲਵਿੰਦਰ ਸਿੰਘ ਮਿਲਾਪੀ ਨੇ ਦੂਸਰਾ ਸਥਾਨ ਹਾਸਲ ਕੀਤਾ ਜਦੋਂ ਕਿ ਹਰ ਨਰਾਇਣ ਸਿੰਘ ਲਹਿਰੀ ਅਤੇ ਬਲਵਿੰਦਰ ਸਿੰਘ ਰੌਣੀ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਇਕੱਤੀ, ਇੱਕੀ ਅਤੇ ਗਿਆਰਾਂ ਹਜ਼ਾਰ ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੱਜਮੈਂਟ ਦੀ ਭੂਮਿਕਾ ਢਾਡੀ ਭਾਈ ਬਲਦੇਵ ਸਿੰਘ ਲੌਂਗੋਵਾਲ, ਪ੍ਰੋਫੈਸਰ ਗੁਰਤੇਜ ਸਿੰਘ ਪਟਿਆਲਾ, ਹਰਦਿਆਲ ਸਿੰਘ ਅਤੇ ਰਣਜੀਤ ਸਿੰਘ ਗਿੱਲ ਹੋਰਾਂ ਨੇ ਨਿਭਾਈ। ਇਸ ਮੌਕੇ ਇਨਾਮ ਵੰਡਣ ਦੀ ਰਸਮ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਵੱਲੋਂ ਬਾਬਾ ਸੁਖਦੇਵ ਸਿੰਘ, ਬਲਦੇਵ ਸਿੰਘ ਭੰਮਾਵੱਦੀ, ਜਥੇਦਾਰ ਹਰਜੀਤ ਸਿੰਘ ਸੰਜੂਮਾ, ਜਥੇਦਾਰ ਬਹਾਦਰ ਸਿੰਘ ਭਸੌੜ, ਭੁਪਿੰਦਰ ਸਿੰਘ ਗਰੇਵਾਲ, ਮੈਨੇਜਰ ਜਸਵੀਰ ਸਿੰਘ, ਡਾਕਟਰ ਗੁਰਵੀਰ ਸਿੰਘ ਸੋਹੀ, ਪ੍ਰਿੰਸੀਪਲ ਰਾਜਵਿੰਦਰ ਸਿੰਘ ਕੌਲੀ, ਬਾਬਾ ਬਲਜੀਤ ਸਿੰਘ ਫੱਕਰ, ਬਾਬਾ ਮੁਖਤਿਆਰ ਸਿੰਘ ਮੁਖੀ, ਬਾਬਾ ਇੰਦਰਜੀਤ ਸਿੰਘ ਰਤੀਏ ਵਾਲੇ, ਹਰਪਾਲ ਸਿੰਘ ਖਹਿਰਾ ਤੋਂ ਇਲਾਵਾ ਹੋਰ ਕੌਂਸਲ ਪ੍ਰਬੰਧਕਾਂ ਵੱਲੋਂ ਨਿਭਾਈ ਗਈ। ਦੂਜੇ ਪਾਸੇ, ਡੀਸੀ ਸੰਦੀਪ ਰਿਸ਼ੀ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਇਸ ਮੌਕੇ ਮੁੱਖ ਗ੍ਰੰਥੀ ਭਾਈ ਸੁਖਦੇਵ ਸਿੰਘ ਤੇ ਕੌਂਸਲ ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਸਿਰੋਪੇ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।
ਨਗਰ ਕੀਰਤਨ ਸਜਾਇਆ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਬਰਸੀ ਮੌਕੇ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਲੱਗਣ ਵਾਲੇ ਤਿੰਨ ਦਿਨਾਂ ਇਤਿਹਾਸਕ ਧਾਰਮਿਕ ਜੋੜ ਮੇਲੇ ਦੇ ਪਹਿਲੇੇ ਦਿਨ ਸਥਾਨਕ ਗੁਰਦੁਆਰਾ ਸਾਹਿਬ ਜੋਤੀ ਸਰੂਪ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੱਢੇ ਗਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਜਿਸ ’ਚ ਵੱਡੀ ਗਿਣਤੀ ’ਚ ਸੰਗਤਾਂ ਸ਼ਾਮਲ ਹੋਈਆਂ। ਗੁਰਦੁਆਰਾ ਸਾਹਿਬ ਜੋਤੀ ਸਰੂਪ ਤੋਂ ਸ਼ੁਰੂ ਹੋਏ ਕਰੀਬ ਡੇਢ ਕਿਲੋਮੀਟਰ ਲੰਮੇ ਨਗਰ ਕੀਰਤਨ ’ਚ ਜਿੱਥੇ ਟਰੈਕਟਰ-ਟਰਾਲੀਆਂ, ਕਾਰਾਂ-ਜੀਪਾਂ ’ਤੇ ਸੰਗਤ ਸਵਾਰ ਸੀ, ਉੱਥੇ ਸੈਂਕੜਿਆਂ ਦੀ ਗਿਣਤੀ ’ਚ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਪਾਲਕੀ ਦੇ ਨਾਲੋ-ਨਾਲ ਪੈਦਲ ਚੱਲ ਰਹੀਆਂ ਸਨ। ਨਗਰ ਕੀਰਤਨ ਦਾ ਸ਼ਹਿਰ ਤੋਂ ਮਸਤੂਆਣਾ ਸਾਹਿਬ ਤੱਕ ਥਾਂ-ਥਾਂ ’ਤੇ ਭਰਵਾਂ ਸਵਾਗਤ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਜੀ ਸੁੰਦਰ ਪਾਲਕੀ ਉਪਰ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਪੰਜ ਪਿਆਰਿਆਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ। ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ।