ਸੰਤ ਅਤਰ ਸਿੰਘ ਦੀ ਬਰਸੀ ਨੂੰ ਸਮਰਪਿਤ ਦਸਤਾਰ ਸਿਖਲਾਈ ਕੈਂਪ
ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 2 ਫਰਵਰੀ
ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਦੀ 98ਵੀਂ ਬਰਸੀ ਸਮਾਗਮ ਨੂੰ ਸਮਰਪਿਤ ਮਸਤੂਆਣਾ ਸਾਹਿਬ ਦਸਤਾਰ ਕਲੱਬ ਵੱਲੋਂ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼ਿਰਕਤ ਕੀਤੀ। ਜਦੋਂ ਕਿ ਪ੍ਰਧਾਨਗੀ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕੀਤੀ। ਕੈਂਪ ਦੌਰਾਨ ਚਾਰ ਸੌ ਦੇ ਕਰੀਬ ਨੌਜਵਾਨਾਂ ਨੇ ਕੇਸ ਰੱਖਣ ਦਾ ਪ੍ਰਣ ਕੀਤਾ। ਇਨ੍ਹਾਂ ਨੌਜਵਾਨਾਂ ਨੂੰ ਜਿੱਥੇ ਤਿੰਨ ਦਿਨ ਦਸਤਾਰਾਂ ਸਜਾਉਣ ਦੀ ਸਿਖਲਾਈ ਦਿੱਤੀ ਗਈ, ਉੱਥੇ ਉਹਨਾਂ ਨੂੰ ਦਸਤਾਰਾਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਕੈਂਪ ਦੌਰਾਨ ਸੀਨੀਅਰ ਦਸਤਾਰ ਕੋਚ, ਰਾਜਪ੍ਰੀਤ ਸਿੰਘ ਬਡਰੁੱਖਾਂ, ਨਿਰਮਲ ਸਿੰਘ ਛਾਜਲੀ, ਇੰਦਰਜੀਤ ਸਿੰਘ ਬਹਾਦਰਪੁਰ, ਪ੍ਰੀਤਪਾਲ ਸਿੰਘ ਬੇਨੜਾ ਤੇ ਸਾਹਿਬ ਸਿੰਘ ਬਡਰੁੱਖਾਂ ਨੇ ਦਸਤਾਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸੰਗਤ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਕਿਤਾਬਾਂ ਵੀ ਵੰਡੀਆਂ ਗਈਆਂ। ਇਸ ਮੌਕੇ ਬਲਦੇਵ ਸਿੰਘ ਭੰਮਾਬੱਦੀ, ਗੁਰਜੰਟ ਸਿੰਘ ਦੁੱਗਾਂ, ਜਥੇਦਾਰ ਹਰਜੀਤ ਸਿੰਘ ਸੰਜੂਮਾ, ਜਥੇਦਾਰ ਬਹਾਦਰ ਸਿੰਘ ਭਸੌੜ, ਮਨਜੀਤ ਸਿੰਘ ਬਾਲੀਆਂ, ਸਿਆਸਤ ਸਿੰਘ ਗਿੱਲ, ਗਮਦੂਰ ਸਿੰਘ ਖਹਿਰਾ, ਡਾਕਟਰ ਗੁਰਵੀਰ ਸਿੰਘ ਸੋਹੀ, ਡਾਕਟਰ ਵਿਜੇ ਪਲਾਹਾ, ਮੁਖਤਿਆਰ ਸਿੰਘ ਮੁਖੀ ਤੇ ਭੁਪਿੰਦਰ ਸਿੰਘ ਗਰੇਵਾਲ ਆਦਿ ਹਾਜ਼ਰ ਸਨ।