ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ
ਐੱਸ ਐੱਸ ਸੱਤੀਪੰਜਾਬ ਦੀ ਧਰਤੀ ਸੂਫ਼ੀ ਸੰਤਾਂ, ਗੁਰੂਆਂ, ਪੀਰਾਂ, ਫ਼ਕੀਰਾਂ, ਮਹਾਂਪੁਰਸ਼ਾਂ ਦੀ ਵਰੋਸਾਈ ਹੋਈ ਹੈ। ਇੱਥੇ ਸਮੇਂ-ਸਮੇਂ ਮਹਾਨ ਤਪੱਸਵੀ, ਕਰਮਯੋਗੀ, ਨਾਥ, ਜੋਗੀ, ਨਾਮ ਬਾਣੀ ਤੇ ਕੀਰਤਨ ਰਸੀਏ, ਭਗਤ ਜਨਮ ਲੈਂਦੇ ਰਹੇ ਹਨ ਅਤੇ ਆਪਣੀਆਂ ਧਾਰਮਿਕ, ਸਮਾਜਿਕ, ਵਿੱਦਿਅਕ ਸੇਵਾਵਾਂ ਸਦਕਾ ਇਸ ਧਰਤੀ ਨੂੰ ਸੋਹਣੀ ਅਤੇ ਵਸਣਯੋਗ ਬਣਾਉਂਦੇ ਰਹੇ ਹਨ।
ਅੰਗਰੇਜ਼ੀ ਰਾਜ ਸਮੇਂ ਪਟਿਆਲਾ ਰਿਆਸਤ ਦੇ ਸੁਨਾਮ ਸ਼ਹਿਰ ਦੇ ਨੇੜੇ ਛੋਟੇ ਜਿਹੇ ਪਿੰਡ ਚੀਮਾ ਵਿੱਚ ਸਾਧਾਰਨ ਕਿਸਾਨ ਕਰਮ ਸਿੰਘ ਅਤੇ ਮਾਤਾ ਭੋਲੀ ਦੇ ਘਰ 28 ਮਾਰਚ 1866 ਨੂੰ ਇੱਕ ਬਾਲਕ ਨੇ ਜਨਮ ਲਿਆ। ਇਸ ਬਾਲਕ ਦਾ ਨਾਂ ਅਤਰ ਸਿੰਘ ਰੱਖਿਆ ਗਿਆ। ਮਾਂ ਪਿਉ ਧਾਰਮਿਕ ਬਿਰਤੀ ਵਾਲੇ ਸਨ। ਉਨ੍ਹਾਂ ਦਾ ਇਹੋ ਡੂੰਘਾ ਪ੍ਰਭਾਵ ਬਾਲਕ ਅਤਰ ਸਿੰਘ ਉੱਤੇ ਵੀ ਪਿਆ।
ਅਤਰ ਸਿੰਘ ਬਚਪਨ ਤੋਂ ਹੀ ਪਸ਼ੂ ਚਾਰਦੇ, ਬਾਪੂ ਨਾਲ ਖੇਤੀ ਦੇ ਕੰਮ ਵਿੱਚ ਹੱਥ ਵਟਾਉਂਦੇ ਅਤੇ ਘਰ ਦੇ ਹੋਰ ਕੰਮ-ਧੰਦੇ ਕਰਦੇ ਹੋਏ ਵੀ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ। ਫਿਰ ਫ਼ੌਜ ਵਿੱਚ ਭਰਤੀ ਹੋ ਕੇ ਉਹ ਅੰਮ੍ਰਿਤ ਦੇ ਧਾਰਨੀ ਹੋ ਗਏ। ਇਉਂ ਉਹ ਆਪਣੇ ਵਿਰਸੇ ਵਿੱਚੋਂ ਮਿਲੀ ਭਗਤੀ ਦੀ ਦਾਤ ਨਾਲ ਹੋਰ ਡੂੰਘੀ ਸ਼ਿੱਦਤ ਨਾਲ ਜੁੜੇ ਰਹੇ।
ਜਦੋਂ ਅਤਰ ਸਿੰਘ ਨੇ ਮਹਿਸੂਸ ਕੀਤਾ ਕਿ ਫ਼ੌਜ ਦੀ ਨੌਕਰੀ ਕਰਨ ਨਾਲ ਉਹ ਵਧੇਰੇ ਸਮਾਂ ਪ੍ਰਭੂ ਭਗਤੀ ਵਿੱਚ ਨਹੀਂ ਲਗਾ ਸਕਦੇ ਤਾਂ ਉਨ੍ਹਾਂ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਫ਼ੌਜ ਵਿੱਚੋਂ ਆ ਕੇ ਉਹ ਗੋਦਾਵਰੀ ਨਦੀ ਦੇ ਕੰਢੇ ਅਬਿਚਲ ਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਪ੍ਰਭੂ ਭਗਤੀ ਅਤੇ ਸਿਮਰਨ ਕਰਨ ਲੱਗ ਪਏ। ਤਿੰਨ ਸਾਲ ਬਾਅਦ ਉਹ ਪੋਠੋਹਾਰ ਦੇ ਇਲਾਕੇ ਵਿੱਚ ਪਿੰਡ ਕੱਲਰ ਕਨੋਹਾ ਚਲੇ ਗਏ ਜਿੱਥੇ ਉਹ ਸੱਤ ਸਾਲ ਭਗਤੀ ਅਤੇ ਨਾਮ ਸਿਮਰਨ ਵਿੱਚ ਲੀਨ ਰਹੇ।
ਸਿੰਘ ਸਭਾ ਲਹਿਰ ਨੇ ਅਤਰ ਸਿੰਘ ਜੀ ਦੀ ਪ੍ਰਭੂ ਅਰਾਧਨਾ ਵਾਲ਼ੀ ਸ਼ਖ਼ਸੀਅਤ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਇਸੇ ਲਹਿਰ ਤੋਂ ਪ੍ਰਭਾਵ ਕਬੂਲ ਕਰ ਕੇ ਉਨ੍ਹਾਂ ਕੀਰਤਨੀ ਜਥਾ ਬਣਾ ਲਿਆ। ਇਸ ਪ੍ਰਕਾਰ ਉਨ੍ਹਾਂ ਕੀਰਤਨ ਦੀ ਨਵੀਂ ਪਰੰਪਰਾ ਦੀ ਸ਼ੁਰੂਆਤ ਕੀਤੀ।
ਧਾਰਮਿਕ ਖੇਤਰ ਤੋਂ ਇਲਾਵਾ ਉਨ੍ਹਾਂ ਵਿੱਦਿਅਕ ਖੇਤਰ ਵਿੱਚ ਵੀ ਵੱਡਾ ਅਤੇ ਲਾਸਾਨੀ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਕੁੜੀਆਂ ਦੀ ਪੜ੍ਹਾਈ ਨੂੰ ਤਰਜੀਹ ਦਿੰਦੇ ਹੋਏ ਸਿੱਖ ਕੰਨਿਆ ਹਾਈ ਸਕੂਲ ਰਾਵਲਪਿੰਡੀ ਸਥਾਪਤ ਕੀਤਾ। ਫਿਰ ਸੰਤ ਸਿੰਘ ਖ਼ਾਲਸਾ ਸਕੂਲ ਚਕਵਾਲ, ਗੁਰੂ ਨਾਨਕ ਖ਼ਾਲਸਾ ਕਾਲਜ ਗੁੱਜਰਾਂਵਾਲਾ ਸਥਾਪਤ ਕੀਤੇ। ਜਿਸ ਸਮੇਂ ਮਾਲਵੇ ਨੂੰ ਜਾਂਗਲੀ ਇਲਾਕੇ ਦੇ ਤੌਰ ’ਤੇ ਜਾਣਿਆ ਜਾਂਦਾ ਸੀ, ਅਤਰ ਸਿੰਘ ਜੀ ਨੇ ਮਾਲਵੇ ਦੀ ਇਸ ਧਰਤੀ ਨੂੰ ਭਾਗ ਲਾਏ। ਉਨ੍ਹਾਂ ਸੰਗਰੂਰ ਸ਼ਹਿਰ ਦੇ ਨਜ਼ਦੀਕ ਪਿੰਡ ਬਡਰੁੱਖਾਂ ਦੇ ਬਿਲਕੁਲ ਪਾਸ ਅਕਾਲ ਕਾਲਜ ਗੁਰਸਾਗਰ ਮਸਤੂਆਣਾ ਸਾਹਿਬ ਨਾਮ ਦਾ ਧਾਰਮਿਕ ਅਤੇ ਵਿੱਦਿਅਕ ਕੇਂਦਰ ਸਥਾਪਤ ਕੀਤਾ ਜਿੱਥੇ ਬਹੁਤ ਦੂਰੋਂ-ਦੂਰੋਂ ਵਿਦਿਆਰਥੀ ਦਾਖ਼ਲਾ ਲੈਂਦੇ ਸਨ। ਉਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਹੂਲਤ ਲਈ ਹੋਸਟਲ ਦਾ ਪ੍ਰਬੰਧ ਵੀ ਕੀਤਾ। ਉਨ੍ਹਾਂ ਇੱਥੇ ਹੀ 1906 ਵਿਚ ਪਹਿਲਾਂ ਲੜਕੀਆਂ ਦਾ ਸਕੂਲ, ਫਿਰ 1913 ਵਿੱਚ ਅਕਾਲ ਹਾਈ ਸਕੂਲ ਅਤੇ 1920 ਵਿੱਚ ਅਕਾਲ ਕਾਲਜ ਦੀ ਸ਼ੁਰੂਆਤ ਕੀਤੀ। ਇਸ ਕਾਲਜ ਦਾ ਉਦਘਾਟਨ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੇ ਕੀਤਾ ਅਤੇ ਕਾਲਜ ਦੇ ਨਾਂ ’ਤੇ ਜ਼ਮੀਨ ਦਾਨ ਕੀਤੀ। ਉਨ੍ਹਾਂ ਇੱਥੇ ਸਾਰੇ ਭਾਰਤ ਵਿੱਚੋਂ ਸਭ ਤੋਂ ਪਹਿਲਾਂ ਵੋਕੇਸ਼ਨਲ ਸਿੱਖਿਆ ਦੇਣ ਦੀ ਪਰੰਪਰਾ ਤੋਰੀ। ਅਜਿਹਾ ਕਰ ਕੇ ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਧਾਰਮਿਕ ਰਹਿੰਦੇ ਹੋਏ ਉੱਚ ਤਕਨੀਕੀ ਸਿੱਖਿਆ ਗ੍ਰਹਿਣ ਕਰਨ ਦੇ ਯੋਗ ਬਣਾਇਆ।
ਅਤਰ ਸਿੰਘ ਜੀ ਵੱਲੋਂ ਵਸਾਇਆ ਅਤੇ ਵਰੋਸਾਇਆ ਇਹ ਸਥਾਨ ਅੱਜ ਧਾਰਮਿਕ ਅਤੇ ਵਿੱਦਿਅਕ ਕੇਂਦਰ ਬਣ ਚੁੱਕਾ ਹੈ। ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਜਿੱਥੇ ਵਿਦਿਆ ਦੇ ਇੱਕ ਦਰਜਨ ਦੇ ਕਰੀਬ ਵਿੱਦਿਅਕ ਅਦਾਰੇ ਚੱਲ ਰਹੇ ਹਨ, ਉੱਥੇ ਸਪੋਰਟਸ ਅਥਾਰਟੀ ਆਫ ਇੰਡੀਆ ਸੈਂਟਰ ਅਤੇ ਇੱਕ ਬੀਜ ਫਾਰਮ ਸਫਲਤਾ ਪੂਰਵਕ ਚੱਲ ਰਿਹਾ ਹੈ। ਇਨ੍ਹਾਂ ਵਿੱਦਿਅਕ ਸੰਸਥਾਵਾਂ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਵਿੱਦਿਆ ਗ੍ਰਹਿਣ ਕਰ ਕੇ ਦੇਸ਼ ਵਿਦੇਸ਼ ਵਿੱਚ ਜਿੱਥੇ ਆਪਣਾ ਭਵਿੱਖ ਰੌਸ਼ਨ ਕਰ ਰਹੇ ਹਨ, ਉੱਥੇ ਮਸਤੂਆਣਾ ਸਾਹਿਬ ਦੇ ਨਾਮ ਨੂੰ ਵੀ ਚਾਰ ਚੰਨ ਲਾ ਰਹੇ ਹਨ।
ਡਾ. ਇਕਬਾਲ ਸਿੰਘ ਸਕਰੌਦੀ ਨੇ ਸੰਤ ਅਤਰ ਸਿੰਘ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਕ ਵਾਰ ਚੀਫ ਖ਼ਾਲਸਾ ਦੀਵਾਨ ਵੱਲੋਂ ਫਿਰੋਜ਼ਪੁਰ ਸ਼ਹਿਰ ਵਿੱਚ ਵਿੱਦਿਅਕ ਕਾਨਫਰੰਸ ਕਰਵਾਈ ਗਈ ਸੀ। ਅਤਰ ਸਿੰਘ ਜੀ ਦੀਆਂ ਧਾਰਮਿਕ ਅਤੇ ਵਿੱਦਿਅਕ ਖੇਤਰ ਵਿੱਚ ਮਹਾਨ ਘਾਲਣਾਵਾਂ ਨੂੰ ਦੇਖਦਿਆਂ ਇਸ ਕਾਨਫਰੰਸ ਵਿੱਚ ਉਨ੍ਹਾਂ ਨੂੰ ਸੰਤ ਦੀ ਉਪਾਧੀ ਦੇ ਕੇ ਸਨਮਾਨਿਤ ਕੀਤਾ ਗਿਆ।
ਡਾ. ਸਕਰੌਦੀ ਨੇ ਦੱਸਿਆ ਕਿ ਪੰਡਤ ਮਦਨ ਮੋਹਨ ਮਾਲਵੀਆ ਵਿਦਵਾਨ ਅਤੇ ਸੱਜਣ ਪੁਰਸ਼ ਹੋਏ ਹਨ, ਉਹ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਤੋਂ ਬਾਖ਼ੂਬੀ ਵਾਕਿਫ਼ ਸਨ, ਇਸੇ ਕਰ ਕੇ ਇੱਕ ਵਾਰ ਉਨ੍ਹਾਂ ਆਖਿਆ ਸੀ, “ਜੇ ਭਾਰਤ ਨੇ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਮੁਕਤ ਹੋਣਾ ਹੈ ਤਾਂ ਮੇਰੀ ਇਹ ਜ਼ੋਰਦਾਰ ਧਾਰਨਾ ਹੈ ਕਿ ਹਰੇਕ ਹਿੰਦੂ ਪਰਿਵਾਰ ਵਿੱਚ ਘੱਟੋ-ਘੱਟ ਇੱਕ ਸਿੱਖ ਜ਼ਰੂਰ ਹੋਵੇ।” ਪੰਡਤ ਜੀ ਸੰਤ ਅਤਰ ਸਿੰਘ ਜੀ ਦੀ ਅਦੁੱਤੀ ਅਤੇ ਸੱਚੀ-ਸੁੱਚੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਸਨ। ਇਸੇ ਕਰ ਕੇ ਉਨ੍ਹਾਂ ਸੰਤ ਜੀ ਨੂੰ ਹਿੰਦੂ ਯੂਨੀਵਰਸਿਟੀ ਬਨਾਰਸ ਵਿੱਚ ਸੰਸਕ੍ਰਿਤ ਭਵਨ ਦਾ ਨੀਂਹ ਪੱਥਰ ਰੱਖਣ ਦੀ ਅਪੀਲ ਕੀਤੀ। ਪੰਡਤ ਜੀ ਦੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਸੰਤ ਅਤਰ ਸਿੰਘ ਜੀ ਨੇ ਸੰਸਕ੍ਰਿਤ ਭਵਨ ਦਾ ਨੀਂਹ ਪੱਥਰ 24 ਦਸੰਬਰ 1914 ਨੂੰ ਰੱਖਿਆ।
ਜਦੋਂ 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਹੋਇਆ, ਉਸ ਸਾਕੇ ਵਿੱਚ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ। ਉਸ ਸਮੇਂ ਸੰਤ ਅਤਰ ਸਿੰਘ ਜੀ ਨੇ ਕਾਲ਼ੀ ਦਸਤਾਰ ਸਜਾ ਕੇ ਅੰਗਰੇਜ਼ੀ ਸਰਕਾਰ ਵਿਰੁੱਧ ਸਖ਼ਤ ਰੋਸ ਪ੍ਰਗਟ ਕੀਤਾ ਸੀ। ਇਸ ਤਰ੍ਹਾਂ ਉਨ੍ਹਾਂ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਅੰਗਰੇਜ਼ੀ ਸਰਕਾਰ ਦੇ ਜ਼ੁਲਮਾਂ ਵਿਰੁੱਧ ਆਪਣਾ ਪੱਖ ਜ਼ੋਰ-ਸ਼ੋਰ ਨਾਲ ਰੱਖਿਆ।
ਇੱਕ ਦਿਨ ਅਚਾਨਕ ਉਨ੍ਹਾਂ ਦੇ ਪੈਰ ਉੱਤੇ ਛਾਲਾ ਹੋ ਗਿਆ ਜਿਸ ਕਰ ਕੇ ਬਹੁਤ ਜ਼ਿਆਦਾ ਦਰਦ ਹੋਣਾ ਸ਼ੁਰੂ ਹੋ ਗਿਆ। ਕਈ ਥਾਵਾਂ ਉੱਤੇ ਇਲਾਜ ਕਰਵਾਇਆ ਗਿਆ ਪਰ ਛਾਲਾ ਠੀਕ ਨਾ ਹੋ ਸਕਿਆ ਅਤੇ ਸੰਤ ਅਤਰ ਸਿੰਘ ਜੀ 31 ਜਨਵਰੀ 1927 ਦੀ ਰਾਤ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ।
ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨੂੰ ਸ਼ਰਧਾ, ਸਤਿਕਾਰ, ਪਿਆਰ ਅਤੇ ਸ਼ਰਧਾਂਜਲੀ ਭੇਂਟ ਕਰਨ ਲਈ ਲੱਖਾਂ ਦੀ ਗਿਣਤੀ ਵਿੱਚ ਸੰਗਤ 30, 31 ਜਨਵਰੀ ਅਤੇ 1 ਫਰਵਰੀ ਨੂੰ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਨਤਮਸਤਕ ਹੁੰਦੀ ਹੈ ਅਤੇ ਉਨ੍ਹਾਂ ਵੱਲੋਂ ਸਮਾਜ ਵਿੱਚ ਪਾਏ ਪੂਰਨਿਆਂ ਦੀ ਵਡਿਆਈ ਕਰਦੀ ਹੈ।
ਸੰਪਰਕ: 97814-37111