ਸੰਜੇ ਦੱਤ ਨੇ ਪਿਤਾ ਸੁਨੀਲ ਦੱਤ ਨੂੰ ਬਰਸੀ ਮੌਕੇ ਕੀਤਾ ਯਾਦ
ਮੁੰਬਈ: ਮਹਾਨ ਅਦਾਕਾਰ ਅਤੇ ਸਿਆਸਤਦਾਨ ਸੁਨੀਲ ਦੱਤ ਦੀ 20ਵੀਂ ਬਰਸੀ ’ਤੇ ਉਨ੍ਹਾਂ ਦੇ ਪੁੱਤਰ ਸੰਜੇ ਦੱਤ ਨੇ ਸੋਸ਼ਲ ਮੀਡੀਆ ’ਤੇ ਦਿਲ ਨੂੰ ਛੂਹਣ ਵਾਲੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੇ ਜੀਵਨ ਨੂੰ ਸਹੀ ਦਿਸ਼ਾ ਵੱਲ ਸੇਧ ਦੇਣ ਲਈ ਪਿਤਾ ਦੇ ਪ੍ਰਭਾਵ ਨੂੰ ਪ੍ਰਗਟ ਕੀਤਾ। ਸੁਨੀਲ ਦੱਤ ਦਾ 25 ਮਈ 2005 ਵਿੱਚ ਦੇਹਾਂਤ ਹੋ ਗਿਆ ਸੀ। ਸੰਜੇ ਦੱਤ ਨੇ ਇੰਸਟਾਗ੍ਰਾਮ ’ਤੇ ਤਸਵੀਰਾਂ ਦੀ ਇਕ ਲੜੀ ਸਾਂਝੀ ਕੀਤੀ ਹੈ, ਜਿਨ੍ਹਾਂ ’ਚ ਕੁਝ ਤਸਵੀਰਾਂ ਉਸ ਦੇ ਬਚਪਨ ਦੇ ਪਲਾਂ ਅਤੇ ਕੁਝ ਪਿਤਾ ਨਾਲ ਉਸ ਦੇ ਫਿਲਮੀ ਸਫ਼ਰ ਨੂੰ ਬਿਆਨ ਕਰਦੀਆਂ ਹਨ। ਪਹਿਲੀ ਤਸਵੀਰ ਵਿੱਚ ਨੌਜਵਾਨ ਸੰਜੇ ਆਪਣੇ ਪਿਤਾ ਦੇ ਪਿੱਛੇ ਮੁਸਕਰਾਉਂਦਾ ਨਜ਼ਰ ਆ ਰਿਹਾ ਹੈ, ਜਦੋਂ ਕਿ ਦੂਜੀ ਤਸਵੀਰ ’ਚ ਉਸ ਦੀ ਫਿਲਮ ‘ਮੁੰਨਾ ਭਾਈ ਐੱਮ.ਬੀ.ਬੀ.ਐੱਸ’ ਦੀ ਹੈ। ਇਸ ਦੌਰਾਨ ਸੰਜੇ ਦੱਤ ਨੇ ਭਾਵੁਕ ਹੁੰਦਿਆਂ ਕਿਹਾ, ‘‘ਤੁਸੀਂ ਸਿਰਫ਼ ਮੈਨੂੰ ਵੱਡਾ ਹੀ ਨਹੀਂ ਕੀਤਾ, ਬਲਕਿ ਤੁਸੀਂ ਮੈਨੂੰ ਦਿਖਾਇਆ ਕਿ ਜਦੋਂ ਜ਼ਿੰਦਗੀ ਔਖੀ ਘੜੀ ’ਚੋਂ ਲੰਘਦੀ ਹੈ ਤਾਂ ਕਿਸ ਤਰ੍ਹਾਂ ਉੱਭਰਨਾ ਹੈ। ਪਿਤਾ ਜੀ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਹਰ ਰੋਜ਼ ਤੁਹਾਡੀ ਯਾਦ ਆਉਂਦੀ ਹੈ।’’ ਸੰਜੇ ਨੇ ਸੁਨੀਲ ਦੱਤ ਵੱਲੋਂ ਦਿੱਤੇ ਸਬਕਾਂ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉਸ ਨੂੰ ਜ਼ਿੰਦਗੀ ਵਿੱਚ ਸਭ ਤੋਂ ਔਖੇ ਪਲਾਂ ਦਾ ਸਾਹਮਣਾ ਪੂਰੀ ਤਾਕਤ ਤੇ ਦ੍ਰਿੜ੍ਹਤਾ ਨਾਲ ਕਰਨ ’ਚ ਮਦਦ ਕੀਤੀ ਸੀ। ਸੰਜੇ ਦੱਤ ਦੇ ਨਾਲ-ਨਾਲ ਉਸ ਦੀ ਭੈਣ ਪ੍ਰਿਆ ਦੱਤ ਨੇ ਵੀ ਭਾਵਨਾਤਮਕ ਸ਼ਰਧਾਂਜਲੀ ਭੇਟ ਕੀਤੀ ਹੈ। ਪ੍ਰਿਆ ਨੇ ਕਿਹਾ, ‘‘ਪਿਤਾ ਜੀ ਜਦੋਂ ਤੁਸੀਂ ਮੁਸਕਰਾਉਂਦੇ ਸੀ ਤਾਂ ਸਾਨੂੰ ਪਤਾ ਹੁੰਦਾ ਸੀ ਕਿ ਸਭ ਕੁਝ ਠੀਕ ਹੈ। ਤੁਸੀਂ ਸਾਡੇ ਥੰਮ੍ਹ ਸੀ, ਤੁਸੀਂ ਹਰ ਵੇਲੇ ਸਾਡੀ ਪਿੱਠ ’ਤੇ ਸੀ ਅਤੇ ਤੁਸੀਂ ਸਾਨੂੰ ਨਿਮਰਤਾ, ਸ਼ੁਕਰਗੁਜ਼ਾਰੀ, ਹਮਦਰਦੀ ਅਤੇ ਪਿਆਰ ਦੇ ਸਹੀ ਮੁੱਲਾਂ ਨਾਲ ਅੱਗੇ ਵਧਣ ਲਈ ਮਾਰਗਦਰਸ਼ਨ ਕੀਤਾ। ਏਐੱਨਆਈ